ਆਹ ਕੀ? ਮੋਦੀ ਸਰਕਾਰ ਨੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਤਾਂ ਦੇ ਦਿੱਤੇ, ਪਰ ਉਹ ਸਿੱਖ ਕੈਦੀ ਕਿੱਥੇ ਜਾਣ ਜਿਹੜੇ…?

TeamGlobalPunjab
4 Min Read

ਚੰਡੀਗੜ੍ਹ : ਇੱਕ ਪਾਸੇ ਪੰਜ ਰਾਜਾਂ ਦੀਆਂ ਚੋਣਾਂ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਦੀ ਸ਼ਮੂਲੀਅਤ ਤੇ ਉੱਤੋਂ ਅਮਰੀਕਾ ਵਿੱਚ ਮੋਦੀ ‘ਹਾਊਡੀ ਮੋਦੀ’ ਰੈਲੀ ਵਿੱਚ ਭਾਰਤੀਆਂ ਤੇ ਖਾਸ ਕਰ ਸਿੱਖਾਂ ਦੇ ਇਕੱਠ ਨੇ ਬੀਜੇਪੀ ਦੀ ਕੇਂਦਰ ਵਿਚਲੀ ਸਰਕਾਰ ਨੂੰ ਸਿੱਖਾਂ ਪ੍ਰਤੀ ਨਰਮ ਰਵੱਈਆ ਅਪਣਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਭਾਜਪਾ ਸਰਕਾਰ ਨੇ ਨਾ ਸਿਰਫ ਸਿੱਖਾਂ ਦੀ ਕਾਲੀ ਸੂਚੀ ਖਤਮ ਕਰ ਦਿੱਤੀ ਹੈ, ਬਲਕਿ ਹੁਣ ਹੌਲੀ ਹੌਲੀ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੱਖਾਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ। ਤਾਜ਼ਾ ਖ਼ਬਰ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਵੱਖ ਵੱਖ ਕੇਸਾਂ ਅਧੀਨ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਰਹੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਇਸ ਬਾਬਤ ਸਬੰਧਤ ਸੂਬਾ ਸਰਕਾਰਾਂ ਨੂੰ ਇੱਕ ਪੱਤਰ ਲਿਖ ਕੇ ਜਰੂਰੀ ਕਦਮ ਚੁਕੇ ਦਿੱਤੇ ਜਾਣ ਲਈ ਹੁਕਮ ਵੀ ਦੇ ਦਿੱਤੇ ਹਨ। ਇਸ ਖ਼ਬਰ ਨੇ ਜਿੱਥੇ ਸਿੱਖ ਹਲਕਿਆਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕੀਤਾ ਹੈ ਉੱਥੇ ਇਹ ਚਰਚਾ ਵੀ ਛਿੜ ਗਈ ਹੈ ਕਿ ਮੋਦੀ ਸਰਕਾਰ ਹੁਣ ਸਿੱਖ ਪੱਤਾ ਖੇਡ ਕੇ ਨਾ ਸਿਰਫ ਭਾਰਤ ਵਿਚਲੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਅਤੇ ਜ਼ਿਮਨੀ ਚੋਣਾਂ ਵਿੱਚ ਸਿੱਖ ਵੋਟਾਂ ਦਾ ਲਾਹਾ ਖੱਟਣਾ ਚਾਹੁੰਦੀ ਹੈ ਬਲਕਿ ਕੇਂਦਰ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਵਿਦੇਸ਼ਾਂ ‘ਚ ਵਸਦੇ ਸਿੱਖਾਂ ਵੱਲੋਂ ਵੀ ਮੋਦੀ ਸਰਕਾਰ ਦਾ ਵਿਰੋਧ ਬਹੁਤ ਹੱਦ ਤੱਕ ਘਟਣ ਦੇ ਆਸਾਰ ਬਣ ਗਏ ਹਨ। ਜਿਸ ਦਾ ਸਿੱਧਾ ਫਾਇਦਾ ਭਾਰਤ ਸਰਕਾਰ ਦੀ ਉਸ ਵਿਦੇਸ਼ ਨੀਤੀ ਨੂੰ ਵੀ ਹੋਵੇਗਾ ਜਿਹੜੀ ਇਸ ਵੇਲੇ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਖਤਮ ਕੀਤੇ ਜਾਣ ਤੋਂ ਬਾਅਦ ਵਿਸ਼ਵ ਭਾਈਚਾਰੇ ਤੋਂ ਪਾਕਿਸਤਾਨ ਵਿਰੁੱਧ ਸਮਰਥਨ ਹਾਸਲ ਕਰਨ ਲਈ ਜੰਗੀ ਪੱਧਰ ‘ਤੇ ਲਾਗੂ ਕੀਤੀ ਜਾ ਰਹੀ ਹੈ।

- Advertisement -

ਦੱਸ ਦਈਏ ਕਿ ਜਿਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਹਨ ਉਹ ਸਿੱਖ ਕੈਦੀ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਵੱਲੋਂ ਵੱਖ ਵੱਖ ਦੋਸ਼ਾਂ ਤਹਿਤ ਫੜੇ ਗਏ ਸਨ ਤੇ ਅਦਾਲਤਾਂ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਸਜ਼ਾਵਾਂ ਸੁਣਾਈਆਂ ਗਈਆਂ ਸਨ ਜਿਨ੍ਹਾਂ ਨੂੰ ਉਹ ਜੇਲ੍ਹ ‘ਚ ਰਹਿ ਕੇ ਚੰਗੇ ਕਿਰਦਾਰ ਨਾਲ ਪੂਰੀਆਂ ਕਰ ਰਹੇ ਸਨ। ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਹੋਰਨਾਂ ਵੱਲੋਂ ਲਗਾਤਾਰ ਮੰਗ ਉਠਦੀ ਆ ਰਹੀ ਸੀ ਤੇ ਹੁਣ ਸਰਕਾਰ ਦੇ ਹਵਾਲੇ ਨਾਲ ਆ ਰਹੀਆਂ ਖ਼ਬਰਾਂ ਮੁਤਾਬਿਕ ਇਨ੍ਹਾਂ ਕੈਦੀਆਂ ਨੂੰ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਰਿਹਾਅ ਕੀਤਾ ਜਾ ਰਿਹਾ ਹੈ।  ਇਹ ਕੈਦੀ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਇਨ੍ਹਾਂ ਸਿੱਖਾਂ ਦੀ ਰਿਹਾਈ ਦੀ ਮੰਗ ਇੱਕ ਟਵੀਟ ਕਰਕੇ ਵੀ ਕੀਤੀ ਸੀ, ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾਂ ਬਣਦਾ ਹੈ ਕਿ ਇਸ ਤੋਂ ਇਲਾਵਾ ਭਾਰਤ ਦੀਆਂ ਜੇਲ੍ਹਾਂ ਅੰਦਰ ਬੰਦ ਬਹੁਤ ਸਾਰੇ ਐਸੇ ਸਿੱਖ ਕੈਦੀ ਹਨ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ  ਰਿਹਾਅ ਨਹੀਂ ਕੀਤਾ ਜਾ ਰਿਹਾ ਹੈ ਤੇ ਵਿਸ਼ਲੇਸਕਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਜਦੋਂ ਤੱਕ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਕੋਈ ਹੁਕਮ ਨਹੀਂ ਸੁਣਾਉਂਦੀ ਉਦੋਂ ਤੱਕ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੋਈ ਬਹੁਤੇ ਕਾਮਯਾਬ ਨਹੀਂ ਹੋ ਪਾਉਣਗੇ।

Share this Article
Leave a comment