ਨਿਊਜ਼ ਡੈਸਕ: ਬ੍ਰਿਟੇਨ ਵਿੱਚ ਜਨਮੇ 23 ਸਾਲਾ ਸਿੱਖ ਨੌਜਵਾਨ ਵਿਕਰਮ ਸਿੰਘ ਡਿਗਵਾ ਨੂੰ 18 ਸਾਲਾ ਸਾਊਥਹੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਡਿਗਵਾ ਘੱਟੋ-ਘੱਟ 20 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਹੀ ਪੈਰੋਲ ਲਈ ਯੋਗ ਹੋਵੇਗਾ। ਅਦਾਲਤ ਅਨੁਸਾਰ ਉਸ ਨੇ ਹੈਨਰੀ ਨੋਵਾਕ ’ਤੇ ਪੰਜ ਵਾਰ ਵਾਰ ਕਰਕੇ ਉਸ ਦੀ ਹੱਤਿਆ ਕੀਤੀ ਸੀ।
ਪੁਲਿਸ ਦੀ ਕਾਰਵਾਈ ’ਤੇ ਸਵਾਲ, ਪੀੜਤ ਨੂੰ ਹੀ ਲਗੀਆਂ ਹਥਕੜੀਆਂ
ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਤੋਂ ਬਾਅਦ ਡਿਗਵਾ ਨੇ ਪੁਲਿਸ ਨੂੰ ਝੂਠਾ ਦਾਅਵਾ ਕੀਤਾ ਸੀ ਕਿ ਹੈਨਰੀ ਨੇ ਉਸ ‘ਤੇ ਨਸਲੀ ਹਮਲਾ ਕੀਤਾ ਅਤੇ ਉਸ ਦੀ ਦਸਤਾਰ ਲਾਹ ਦਿੱਤੀ ਸੀ। ਇਸ ਦਾਅਵੇ ਦੇ ਆਧਾਰ ’ਤੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਹੈਨਰੀ ਨੋਵਾਕ ਨੂੰ ਹੀ ਹਥਕੜੀਆਂ ਲਗਾ ਦਿੱਤੀਆਂ। ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਉਸ ਦੀਆਂ ਗੰਭੀਰ ਸੱਟਾਂ ਦਾ ਪਤਾ ਲੱਗਿਆ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਇਸ ਘਟਨਾ ’ਤੇ ਹੈਮਪਸ਼ਾਇਰ ਪੁਲਿਸ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ। ਇਹ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ, ਜਿਸ ’ਤੇ X ਦੇ ਮਾਲਕ ਇਲੋਨ ਮਸਕ ਨੇ ਵੀ ਟਿੱਪਣੀ ਕੀਤੀ ਸੀ। ਫਿਲਹਾਲ ਪੁਲਿਸ ਨਿਗਰਾਨ ਸੰਸਥਾ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਕਿਰਪਾਨ ਕਾਨੂੰਨ ’ਤੇ ਮੁੜ ਛਿੜੀ ਚਰਚਾ
ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਡਿਗਵਾ ਨੇ ਆਪਣੇ ਪਰਿਵਾਰ, ਸਿੱਖ ਭਾਈਚਾਰੇ ਅਤੇ ਧਰਮ ਨੂੰ ਸ਼ਰਮਸਾਰ ਕੀਤਾ ਹੈ। ਜੱਜ ਦੇ ਅਨੁਸਾਰ ਹੈਨਰੀ ਨੋਵਾਕ ਨਿਹੱਥਾ ਸੀ ਅਤੇ ਉਸ ਨੇ ਕੋਈ ਨਸਲੀ ਟਿੱਪਣੀ ਨਹੀਂ ਕੀਤੀ ਸੀ।
ਅਦਾਲਤ ਵਿੱਚ ਪ੍ਰੋਸੀਕਿਊਸ਼ਨ ਨੇ ਦਲੀਲ ਦਿੱਤੀ ਕਿ ਡਿਗਵਾ ਆਪਣੇ ਗਲੇ ਵਿੱਚ ਇੱਕ ਛੋਟੀ ਕਿਰਪਾਨ ਧਾਰਨ ਕਰਦਾ ਸੀ, ਜੋ ਉਸ ਦੀ ਧਾਰਮਿਕ ਜ਼ਿੰਮੇਵਾਰੀ ਦਾ ਹਿੱਸਾ ਸੀ, ਪਰ ਉਸ ਕੋਲ ਇੱਕ ਵੱਡਾ ਧਾਰਦਾਰ ਹਥਿਆਰ ਵੀ ਸੀ ਜਿਸ ਦੀ ਵਰਤੋਂ ਹਮਲੇ ਵਿੱਚ ਕੀਤੀ ਗਈ। ਸਰਕਾਰੀ ਵਕੀਲ ਨੇ ਉਸ ਨੂੰ “ਹਥਿਆਰਾਂ ਦਾ ਜਨੂੰਨ ਰੱਖਣ ਵਾਲਾ ਵਿਅਕਤੀ” ਕਰਾਰ ਦਿੱਤਾ।
ਇਸ ਦੌਰਾਨ ਹੈਨਰੀ ਨੋਵਾਕ ਦੇ ਪਿਤਾ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਾਲ ਆਖਰੀ ਪਲਾਂ ਵਿੱਚ ਅਣਮਨੁੱਖੀ ਵਤੀਰਾ ਕੀਤਾ ਗਿਆ। ਉਨ੍ਹਾਂ ਨੇ ਸਰਕਾਰ ਨੂੰ ਚਾਕੂ ਨਾਲ ਹੋਣ ਵਾਲੇ ਅਪਰਾਧਾਂ ਨੂੰ ਕੌਮੀ ਐਮਰਜੈਂਸੀ ਵਜੋਂ ਲੈਣ ਦੀ ਅਪੀਲ ਕੀਤੀ।
ਡਿਗਵਾ ਦੀ ਮਾਂ ਕਿਰਨ ਕੌਰ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਮੁਤਾਬਕ ਉਨ੍ਹਾਂ ਨੇ ਘਟਨਾ ਤੋਂ ਬਾਅਦ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਮੌਕੇ ਤੋਂ ਹਟਾਉਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਨੂੰ 17 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ।
ਫੈਸਲੇ ਤੋਂ ਬਾਅਦ Sikh Federation UK ਨੇ ਸਪੱਸ਼ਟ ਕੀਤਾ ਕਿ ਕਾਨੂੰਨ ਸਿਰਫ਼ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਧਾਰਨ ਕਰਨ ਵਾਲੇ ਅਮਲਧਾਰੀ ਸਿੱਖਾਂ ਨੂੰ ਹੀ ਛੋਟ ਦਿੰਦਾ ਹੈ। ਜੇਕਰ ਕਿਸੇ ਧਾਰਦਾਰ ਚੀਜ਼ ਦੀ ਵਰਤੋਂ ਹਿੰਸਕ ਕਾਰਵਾਈ ਲਈ ਕੀਤੀ ਜਾਂਦੀ ਹੈ ਤਾਂ ਉਹ ਕਾਨੂੰਨੀ ਸੁਰੱਖਿਆ ਦੇ ਦਾਇਰੇ ਵਿੱਚ ਨਹੀਂ ਆਉਂਦੀ ਅਤੇ ਉਸ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ।

