ਸਿੱਧੂ ਦੀ ਤਾਜਪੋਸ਼ੀ ਤੇ ਕੈਪਟਨ ਦੀ ਚਾਹ ਪਾਰਟੀ – ਕੀ ਇਹ ਕਾਂਗਰਸ ਦੀ ਸਿਆਸੀ ਚਾਲ ਹੈ ?

TeamGlobalPunjab
10 Min Read

-ਅਵਤਾਰ ਸਿੰਘ;

ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕ੍ਰਿਕਟਰ ਤੋਂ ਸਿਆਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਵਿਚਕਾਰ ਮਤਭੇਦ ਕਾਰਨ ਕਾਫੀ ਦੂਰੀਆਂ ਚੱਲ ਰਹੀਆਂ ਸਨ। ਇਹ ਦੂਰੀਆਂ ਉਸ ਸਮੇਂ ਦੋਵਾਂ ਆਗੂਆਂ ਵਿਚਕਾਰ ਹੋਈਆਂ ਸਨ ਜਦੋਂ ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਵਧਾਈ ਅਤੇ ਪਾਕਿਸਤਾਨ ਦੇ ਜਨਰਲ ਨੂੰ ਜੱਫੀ ਪਾ ਲਈ ਸੀ। ਇਸ ਬਾਅਦ ਤੋਂ ਸਿੱਧੂ ਨੇ ਮੰਤਰੀ ਦਾ ਅਹੁਦਾ ਵੀ ਤਿਆਗ ਦਿੱਤਾ ਤੇ ਕੁਝ ਸਮਾਂ ਉਹ ਅਗਿਆਤਵਾਸ ‘ਚ ਵੀ ਚਲੇ ਗਏ ਸਨ।

ਅਚਾਨਕ ਉਹ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਦੀ ਆਲੋਚਨਾ ਕਰਨ ਲੱਗ ਪਏ ਅਤੇ ਲੋਕਾਂ ਨਾਲ 2017 ਦੀਆਂ ਚੋਣਾਂ ਵੇਲੇ ਕੀਤੇ ਵਾਅਦੇ ਵੀ ਯਾਦ ਕਰਵਾਉਣ ਲਗੇ।

ਇਸ ਗੱਲ ਤੋਂ ਕੈਪਟਨ ਸਾਹਿਬ ਨਾਰਾਜ਼ ਤਾਂ ਹੋਏ ਪਰ ਕਾਂਗਰਸ ਹਾਈਕਮਾਂਡ ਵਲੋਂ ਸਿੱਧੂ ਨੂੰ ਮਿਲੀ ਥਾਪੀ ਕਾਰਨ ਵਿਧਾਇਕਾਂ ਅਤੇ ਮੰਤਰੀਆਂ ਦਾ ਝੁਕਾਅ ਵਧਣ ਲੱਗਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਚਿੱਠੀ ਮਿਲਣ ਤੋਂ ਬਾਅਦ ਸਿੱਧੂ ਨੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਪਰ ਮੀਡੀਆ ਰਿਪੋਰਟਾਂ ਵਿੱਚ ਕੈਪਟਨ ਤੇ ਸਿੱਧੂ ਵਿਚਕਾਰ ਕੁੜੱਤਣ ਹੀ ਨਜ਼ਰ ਆਈ। ਪਰ ਅੱਜ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਹੋ ਰਹੇ ਹਨ ਅਤੇ ਇਸ ਤੋਂ ਪਹਿਲਾਂ ਕੈਪਟਨ ਸਾਹਿਬ ਸਵੇਰੇ 10 ਵਜੇ ਚਾਹ ਪਾਰਟੀ ‘ਤੇ ਬੁਲਾ ਰਹੇ ਹਨ। ਲੰਚ ਤੋਂ ਬਾਅਦ ਇਹ ਚਾਹ ਡਿਪਲੋਮੇਸੀ ਹੈ। ਪਰ ਕੁਝ ਲੋਕ ਇਸ ਘਟਨਾਕ੍ਰਮ ਨੂੰ ਇਕ ਸਿਆਸੀ ਚਾਲ ਸਮਝ ਰਹੇ ਹਨ। ਪੜ੍ਹੋ ਸਮੀਖਿਅਕ ਲੇਖ।

- Advertisement -

                                                                                          X****X

ਜਿਹੜਾ ਵੀ ਮਨੁੱਖ, ਜੀਵ ਜੰਤੂ, ਪਸ਼ੂ,ਪੰਛੀ ਤੇ ਜਾਨਵਰ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ। ਉਸਨੂੰ ਪ੍ਰਮਾਤਮਾ ਨੇ ਥੋੜ੍ਹੀ ਬਹੁਤੀ ਬੁੱਧੀ ਜਰੂਰ ਬਖਸ਼ੀ ਹੈ। ਜਿਸ ਨਾਲ ਉਹ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ। ਇਸੇ ਬੁੱਧੀ ਦੇ ਸਦਕਾ ਹੀ ਉਹ ਆਪਣੇ ਜੀਵਨ ਦਾ ਨਿਰਬਾਹ ਕਰਦਾ ਹੈ ਅਤੇ ਆਪਣੀ ਰੱਖਿਆ ਆਪ ਕਰਦਾ ਹੈ। ਇੱਥੋਂ ਤੱਕ ਕਿ ਉਹ ਆਪਣੇ ਜੀਵਨ ਦੇ ਦੌਰਾਨ ਕੋਈ ਮਾੜੀ ਘਟਨਾ ਹੋਣ ਤੇ ਸਮੇਂ ਸਿਰ ਉਹਦਾ ਉਹੋ ਜਿਹਾ ਉੱਚਿਤ ਪ੍ਰਬੰਧ ਵੀ ਕਰ ਲੈਂਦਾ ਹੈ ਤਾਂ ਕਿ ਔਖੇ ਹਾਲਾਤ ਨਾਲ ਨਜਿੱਠਿਆ ਜਾ ਸਕੇ। ਇਹ ਗੱਲ ਵੱਖਰੀ ਹੈ ਕਿ ਪ੍ਰਮਾਤਮਾ ਨੇ ਇਹ ਬੁੱਧੀ ਕਿਸੇ ਨੂੰ ਘੱਟ ਤੇ ਕਿਸੇ ਨੂੰ ਵੱਧ ਦਿੱਤੀ ਹੈ, ਪਰ ਦਿੱਤੀ ਜਰੂਰ ਹੈ। ਜੀਵ ਵਿਗਿਆਨੀ ਤੇ ਬਨਸਪਤੀ ਵਿਗਿਆਨੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਕਈ ਪ੍ਰਕਾਰ ਦੇ ਫੁੱਲ ਬੂਟੇ ਤੇ ਦਰੱਖਤ ਵੀ ਔਖੇ ਵਕਤ ਚ ਆਪਣੀ ਰੱਖਿਆ ਆਪ ਕਰਨ ਲਈ ਆਪਣੇ ਆਪ ਨੂੰ ਕਿਸੇ ਹੋਰ ਰੂਪ ‘ਚ ਢਾਲ ਲੈਂਦੇ ਹਨ।

ਭਾਵੇਂ ਸੰਸਾਰ ਦਾ ਹਰ ਪ੍ਰਾਣੀ ਹੀ ਆਪਣੀ ਸਮਰੱਥਾ ਦੇ ਅਨੁਸਾਰ ਆਪਣੀ ਰੱਖਿਆ ਆਪ ਕਰਦਾ ਹੈ। ਪਰ ਆਪਣੀ ਰੱਖਿਆ ਲਈ, ਸਭ ਤੋਂ ਵੱਧ ਹੀਲੇ ਵਸੀਲੇ ਮਨੁੱਖ ਹੀ ਕਰਦਾ ਕਿਉਂਕਿ ਦੂਸਰੇ ਜੀਵ ਜੰਤੂਆਂ ਤੇ ਪਸ਼ੂ ਪੰਛੀਆਂ ਦੇ ਵਾਂਗ ਮਨੁੱਖ ਸਮਝੌਤਾਵਾਦੀ ਵੀ ਤਾਂ ਨਹੀਂ ਹੈ। ਦੂਸਰਾ ਮਨੁੱਖ ਦੂਸਰੇ ਪ੍ਰਾਣੀਆਂ ਦੇ ਮੁਕਾਬਲੇ ਸਵਾਰਥੀ ਅਤੇ ਮਤਲਬਪ੍ਰਸਤ ਵੀ ਤਾਂ ਹੈ।ਇਹੋ ਕਾਰਨ ਹੈ ਕਿ ਮਨੁੱਖ ਆਪਣੇ ਥੋੜ੍ਹੇ ਜਿਹੇ ਫਾਇਦੇ ਦੇ ਲਈ ਝਟ ਨਵੇਂ ਤੋਂ ਨਵੇਂ ਰਿਸ਼ਤੇ ਗੰਢ ਲੈਂਦਾ ਹੈ। ਅਗਰ ਮਨੁੱਖ ਨੂੰ ਕਿਸੇ ਰਿਸ਼ਤੇ ਚੋਂ ਨੁਕਸਾਨ ਹੁੰਦਾ ਪ੍ਰਤੀਤ ਹੋਣ ਲੱਗ ਪਵੇ ਤਾਂ ਝੱਟ ਇਨ੍ਹਾਂ ਰਿਸ਼ਤਿਆਂ ਤੋਂ ਕਿਨਾਰਾ ਕਰ ਲੈਂਦਾ ਹੈ। ਭਾਵੇਂ ਇਹ ਰਿਸ਼ਤੇ ਕਿੰਨੇ ਵੀ ਪੁਰਾਣੇ ਤੇ ਨਜ਼ਦੀਕੀ ਹੀ ਕਿਉਂ ਨਾ ਹੋਣ। ਪਰ ਮਨੁੱਖ ਨੇ ਤਾਂ ਹਮੇਸ਼ਾ ਆਪਣੇ ਫਾਇਦੇ ਨੁਕਸਾਨ ਬਾਰੇ ਹੀ ਸੋਚਣਾ ਹੈ। ਜਿਸ ਦੇ ਅਨੁਸਾਰ ਉਹ ਨਿੱਤ ਨਵੇਂ ਰਿਸ਼ਤੇ ਬਣਾਉਂਦਾ ਅਤੇ ਤੋੜਦਾ ਹੈ। ਇਹੋ ਤਾਂ ਮਨੁੱਖ ਦੇ ਸੁਆਰਥ ਦੀ ਸਿਖਰ ਹੈ, ਜਿਸਨੇ ਮਨੁੱਖ ਨੂੰ ਇਨਸਾਨੀਅਤ ਤੋਂ ਮਾੜੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਹੋ ਮਨੁੱਖ ਦੀ ਗਿਰਾਵਟ ਦੀ ਨਿਸ਼ਾਨੀ ਹੈ।

ਅੱਜ ਕੱਲ੍ਹ, ਅਜਿਹੇ ਹੀ ਤਰ੍ਹਾਂ ਦੇ ਸਿਖਰ ਦੇ ਡੰਡੇ ਤੇ ਕਾਂਗਰਸ ਪਾਰਟੀ ਖੜੀ ਨਜਰ ਆ ਰਹੀ ਹੈ। ਭਾਵੇਂ ਇਸ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜਾਦੀ ਤੋਂ ਬਾਅਦ ਦੇਸ਼ ਤੇ ਲੰਮਾ ਸਮਾਂ ਰਾਜ ਕੀਤਾ ਹੈ ਅਤੇ ਦੇਸ਼ ਦੇ ਲੋਕਾਂ ਨੂੰ ਨਾਅਰਿਆਂ ਤੇ ਲਾਰਿਆਂ ਦੇ ਨਾਲ ਵਰਚਾਇਆ ਹੈ ਅਤੇ ਮੂਰਖ ਬਣਾਇਆ ਹੈ। ਆਪਣੀ ਪਾਰਟੀ ਦੇ ਲੋਕਾਂ ਨੂੰ ਦੇਸ਼ ਭਗਤ ਅਤੇ ਦੇਸ਼ ਆਜਾਦ ਕਰਵਾਉਣ ਵਾਲੇ ਮਹਾਂਪੁਰਸ਼ ਗਰਦਾਨਿਆ ਹੈ, ਪਰ ਅਸਲੀਅਤ ਤਾਂ ਕੁੱਝ ਹੋਰ ਹੀ ਹੈ। ਕਾਂਗਰਸ ਨੇ ਗਰੀਬੀ ਹਟਾਓ ਜਿਹੇ ਬੇਸੁਮਾਰ ਨਾਅਰੇ ਲੋਕਾਂ ਨੂੰ ਦਿੱਤੇ। ਪਰ ਦੇਸ਼ ਦੀ ਜਨਤਾ ਭਲੀ ਭਾਂਤੀ ਜਾਣਦੀ ਹੈ ਕਿ ਉਨ੍ਹਾਂ ਦੀ ਗਰੀਬੀ ਕਿੰਨੀ ਕੁ ਘਟੀ ਹੈ ਜਾਂ ਫਿਰ ਕਿੰਨੀ ਕੁ ਵਧੀ ਹੈ ਜਾਂ ਫਿਰ ਕਾਂਗਰਸ ਪਾਰਟੀ ਦੇ ਰਾਜ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ‘ਚ ਕਿੰਨਾ ਕੁ ਵਾਧਾ ਹੋਇਆ ਹੈ ਅਤੇ ਗਰੀਬ ਲੋਕਾਂ ਦੀ ਗਰੀਬੀ ‘ਚ ਕਿੰਨਾ ਕੁ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਕਿੰਨਾ ਕੁ ਮੂਰਖ ਬਣਾਇਆ ਹੈ। ਇਹ ਗੱਲ ਵੀ ਕਿਸੇ ਤੋਂ ਭੁੱਲੀ ਹੋਈ ਨਹੀਂ ਹੈ।ਅਸਲ ਵਿੱਚ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਭੋਗ ਕੇ ਦੇਸ਼ ਦੀ ਜਨਤਾ ਨੂੰ ਲੁੱਟਿਆ ਵੀ ਹੈ ਅਤੇ ਕੁੱਟਿਆ ਵੀ ਹੈ। ਦੇਸ਼ ‘ਚ ਵਿਰੋਧੀ ਪਾਰਟੀ ਮਜਬੂਤ ਨਾ ਹੋਣ ਦੇ ਕਾਰਣ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ ਐਂਮਰਜੈਂਸੀ ਲਗਾ ਕੇ ਤਾਨਾਸ਼ਾਹੀ ਰਾਜ ਵੀ ਕਾਇਮ ਕਰ ਲਿਆ ਸੀ, ਜਿਸਦੇ ਭਿਆਨਕ ਸਿੱਟਿਆਂ ਵਜੋਂ ਬਾਅਦ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਵੀ ਵੇਖਣਾ ਪਿਆ ਸੀ। ਅਜਿਹਾ ਹੀ ਹਾਲ ਮੌਜੂਦਾ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਪਾਰਟੀ ਵਾਲੀ ਸਰਕਾਰ ਦਾ। ਇਹ ਵੀ ਲੋਕਾਂ ਦਾ ਕਚੂਮਰ ਕੱਢਣ ‘ਤੇ ਤੁਲੀ ਹੋਈ ਹੈ।

ਪੰਜਾਬ ਦੀ ਕਾਂਗਰਸ ਪਾਰਟੀ ਵੀ ਪਿਛਲੇ ਲੱਗਭੱਗ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਜਨਤਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਆਪਣਾ ਰਾਜ ਭਾਗ ਬੜੇ ਠਾਠ ਬਾਠ ਨਾਲ ਚਲਾ ਰਹੀ ਹੈ। ਇੱਥੋਂ ਤੱਕ ਕਿ ਜਦੋਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਗਈਆਂ ਸਨ, ਤਾਂ ਉਨ੍ਹਾਂ ਨੇ ਤਾਂ ਆਪਣੇ ਵਾਅਦਿਆਂ ਦੀ ਝੜੀ ਹੀ ਲਾ ਦਿੱਤੀ ਸੀ। ਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਲੋਕਾਂ ਨੇ ਕੈਪਟਨ ਸਾਹਿਬ ਦੇ ਨਾਅਰਿਆਂ ਤੇ ਲਾਰਿਆਂ ‘ਤੇ ਵਿਸ਼ਵਾਸ ਵੀ ਕਰ ਲਿਆ ਕਿਉਂਕਿ ਇਸ ਤੋਂ ਪਹਿਲਾਂ ਦੀ ਪਾਰੀ ਦੇ ਦੌਰਾਨ ਕੈਪਟਨ ਸਾਹਿਬ ਨੇ ਜਨਤਾ ‘ਚ ਆਪਣਾ ਚੰਗਾ ਪ੍ਰਭਾਵ ਦਿੱਤਾ ਸੀ। ਜਿਸਦੇ ਕਾਰਨ ਲੋਕਾਂ ਨੇ ਉਨ੍ਹਾਂ ਦੇ ਵਾਅਦਿਆਂ ਨੂੰ ਸੱਚ ਮੰਨ ਕੇ ਕੈਪਟਨ ਸਾਹਿਬ ਨੂੰ ਰਾਜ ਸੱਤਾ ਸੌਪ ਦਿੱਤੀ ਸੀ। ਜਿਸਦੇ ਤਹਿਤ ਕਾਂਗਰਸ ਦੀ ਸਰਕਾਰ ਰਾਜਸੱਤਾ ਦਾ ਅਨੰਦ ਮਾਣ ਰਹੀ ਹੈ।

- Advertisement -

ਕੈਪਟਨ ਸਾਹਿਬ ਨੇ ਆਪਣੀ ਪਾਰਟੀ ਨੂੰ ਜਿੱਤ ਦਿਵਾਉਣ ਲਈ ਪੰਜਾਬ ਦੇ ਲੋਕਾਂ ਨਾਲ ਬੇਸੁਮਾਰ ਵਾਅਦੇ ਕੀਤੇ ਸਨ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ, ਨਸ਼ਿਆਂ ਨੂੰ ਖਤਮ ਕਰਨ ਅਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ। ਬਿਜਲੀ ਸਸਤੀ ਤੇ ਬਾਦਲ ਸਰਕਾਰ ਵੇਲੇ ਬਿਜਲੀ ਸਮਝੌਤੇ ਰੱਦ ਕਰਨ ਦਾ ਵਚਨ ਕੀਤਾ। ਘਰ 2 ਨੌਕਰੀ ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਨੂੰ ਕਿਹਾ। ਬੁਢਾਪਾ ਤੇ ਬੇਰੁਜਗਾਰੀ ਭੱਤਾ ਵਧਾਉਣ ਦੀ ਗੱਲ ਕੀਤੀ। ਮੁਲਾਜਮਾਂ ਦੀਆਂ ਤਨਖਾਹਾਂ ਵਧਾਉਣ ਅਤੇ ਦਲਿਤਾਂ ਤੇ ਜੁਲਮ ਘਟਾਉਣ ਦੀ ਗੱਲ ਕੀਤੀ। ਪੰਜਾਬ ‘ਚ ਰੇਤਾ ਬੱਜਰੀ, ਕੇਬਲ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਕੀਤੀ। ਸੂਬੇ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸ਼ਜਾਵਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੀ ਗੱਲ ਵੀ ਆਖੀ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕੈਪਟਨ ਸਾਹਿਬ ਨੇ ਆਪਣੇ ਕੀਤੇ ਹੋਏ ਵਾਅਦਿਆਂ ਚੋਂ ਕੋਈ ਵੀ ਪੂਰਾ ਨਹੀਂ ਕੀਤਾ।ਭਾਵੇਂ ਕਿ 2022 ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਹਨ। ਪਰ ਸੂਬੇ ਦੇ ਲੋਕ ਪਹਿਲਾਂ ਤੋਂ ਵੀ ਜਿਆਦਾ ਔਖੇ ਅਤੇ ਦੁਖੀ ਹਨ।

ਕੈਪਟਨ ਸਾਹਿਬ ਦੀ ਲੋਕਾਂ ਨਾਲ ਅਜਿਹੀ ਵਾਅਦਾਖਿਲਾਫੀ ਦੇ ਕਾਰਨ ਹੀ ਜਨਤਾ ਚ ਰੋਸ ਦੀ ਲਹਿਰ ਹੈ ਅਤੇ ਸੂਬੇ ਦੀ ਜਨਤਾ ਕਾਂਗਰਸ ਦੀ ਅਜਿਹੀ ਸਰਕਾਰ ਨੂੰ ਬਦਲਣ ਦੇ ਰੌਂਅ ‘ਚ ਹਨ। ਜਿਸਦੇ ਕਾਰਨ ਕਾਂਗਰਸ ਪਾਰਟੀ ਚ ਸੂਬਾ ਪੱਧਰ ਅਤੇ ਆਲ ਕਾਂਗਰਸ ਪਾਰਟੀ ਚ ਖਲਬਲੀ ਮੱਚੀ ਹੋਈ ਹੈ। ਜਿਸਦੇ ਤਹਿਤ ਕੈਪਟਨ ਸਾਹਿਬ ਦੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਕਾਂਗਰਸ ਨੂੰ ਦੁਬਾਰਾ ਸੱਤਾ ਚ ਲਿਆਉਣ ਲਈ ਕਾਂਗਰਸ ਪਾਰਟੀ ਨੇ ਆਪਣਾ ਪੂਰਾ ਤਾਣ ਲਾ ਛੱਡਿਆ ਹੈ। ਇਸੇ ਕੜ੍ਹੀ ਦੇ ਤਹਿਤ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਥਾਪ ਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਇਸ ਵਾਰ ਦੀਆਂ ਚੋਣਾਂ ਕੈਪਟਨ ਸਾਹਿਬ ਦੀ ਰਹਿਨੁਮਾਈ ਹੇਠ ਜਿੱਤਣੀਆਂ ਕਾਂਗਰਸ ਪਾਰਟੀ ਲਈ ਸ਼ੇਰ ਦੇ ਮੂੰਹ ‘ਚੋਂ ਮਾਸ ਕੱਢਣ ਦੇ ਬਰਾਬਰ ਲਗਦਾ ਹੈ।

ਇਸੇ ਲਈ ਕਾਂਗਰਸ ਪਾਰਟੀ ਨੇ ਨਵਜੋਤ ਸਿੱਧੂ ਨੂੰ ਇਸ ਕੰਮ ‘ਤੇ ਲਾਉਣ ਦੀ ਤਿਆਰੀ ਖਿੱਚ ਕੇ ਉਸਨੂੰ ਪ੍ਰਧਾਨਗੀ ਦਾ ਤਾਜ ਪਹਿਨਾ ਦਿੱਤਾ ਹੈ ਤਾਂ ਕਿ ਨਵਜੋਤ ਸਿੱਧੂ ਦੀ ਅਗਵਾਈ ‘ਚ ਚੋਣਾਂ ਲੜ ਕੇ ਦੁਬਾਰਾ ਪੰਜਾਬ ਦੀ ਰਾਜ ਸੱਤਾ ਹਾਸਲ ਕੀਤੀ ਜਾ ਸਕੇ। ਭਾਵੇ ਕਾਂਗਰਸ ਦੀ ਇਹ ਰਣਨੀਤੀ ਆਮ ਜਨਤਾ ਨੂੰ ਸੁਭਾਵਿਕ ਹੀ ਲੱਗਦੀ ਹੈ। ਪਰ ਇਹ ਰਣਨੀਤੀ ਕਾਂਗਰਸ ਪਾਰਟੀ ਵੱਲੋਂ ਬੜੀ ਸੋਚ ਸਮਝ ਕੇ ਘੜੀ ਗਈ ਹੈ, ਜਿਸਦੇ ਸਿੱਟੇ ਆਉਣ ਵਾਲੇ ਸਮੇਂ ‘ਚ ਲੋਕਾਂ ਦੇ ਸਾਹਮਣੇ ਆਉਣਗੇ। ਬਾਕੀ ਸਮਾਂ ਦਸੇਗਾ।

-ਸੁਬੇਗ ਸਿੰਘ

Mob: 93169 10402

Share this Article
Leave a comment