ਕਰਤਾਰਪੁਰ ਦੇ ਲਾਂਘੇ ਨਾਲ ਦੁਨੀਆਂ ਭਰ ਦੇ ਸਿੱਖਾਂ ‘ਚ ਸਿੱਧੂ ਅਤੇ ਇਮਰਾਨ ਦੀ ਬੱਲੇ-ਬੱਲੇ

TeamGlobalPunjab
4 Min Read

ਜਗਤਾਰ ਸਿੰਘ ਸਿੱਧੂ

-ਸੀਨੀਅਰ ਪੱਤਰਕਾਰ

ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕ੍ਰਿਕਟਰ ਤੋਂ ਰਾਜਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਦੁਨੀਆਂ ਭਰ ਵਿੱਚ ਬੈਠੇ ਸਿੱਖ ਭਾਈਚਾਰੇ  ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲ ਜਿੱਤ ਲਏ ਹਨ। ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ ਵਿੱਚ ਸਟੇਜ ਤੋਂ ਜਦੋ਼ ਲਾਂਘਾ ਖੋਲ੍ਹਣ ਲਈ ਇਮਰਾਨ ਖਾਨ ਦਾ ਧੰਨਵਾਦ ਕੀਤਾ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਟੇਜ਼ ਤੋਂ ਸ਼ੇਰ ਗਰਜ ਰਿਹਾ ਹੋਵੇ। ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਨੇ ਦੁਨੀਆਂ ਵਿੱਚ ਵਸਦੇ 14 ਕਰੋੜ ਸਿੱਖਾਂ ਦਾ ਦਿਲ ਜਿੱਤ ਲਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਸੂਰਬੀਰਾਂ ਦੀ ਕੌਮ ਹੈ ਤੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਨਾਲ ਬਹੁਤ ਖੁਸ਼ ਹੈ। ਭਾਰਤ ‘ਚ ਵਸਦੇ ਸਿੱਖ ਪਹਿਲਾਂ ਆਪਣੇ ਬਾਪ ਦੇ ਸਥਾਨ ‘ਤੇ ਦਰਸ਼ਨ ਕਰਨ ਸਰਹੱਦ ‘ਤੇ ਹੀ ਮੱਥਾ ਟੇਕ ਕੇ ਮੁੜ ਜਾਂਦੇ ਸਨ। 72 ਸਾਲ ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤਰਸਦੇ ਰਹੇ। ਸਿੱਧੂ ਨੇ ਕੈਪਟਨ ਵਜ਼ਾਰਤ ‘ਚੋਂ ਅਸਤੀਫਾ ਦੇਣ ਤੋਂ ਬਾਅਦ ਲੰਮੀ ਚੁੱਪੀ ਧਾਰੀ ਹੋਈ ਸੀ। ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਸੀ। ਅੱਜ ਜਦੋਂ ਇਮਰਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਤਾਂ ਸਟੇਜ ਤੋਂ ਖਾਸ ਮਹਿਮਾਨ ਵੱਜੋਂ ਸਿੱਧੂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ।

- Advertisement -

ਇਸ ਤੋਂ ਪਹਿਲਾਂ ਜਦੋਂ ਇਮਰਾਨ ਵਿਸ਼ੇਸ਼ ਹਵਾਈ ਜਹਾਜ ਰਾਹੀਂ ਆਏ ਤਾਂ ਉਨ੍ਹਾਂ ਨੇ ਭਾਰਤ ਵਫਦ ਵਿੱਚ ਕੇਵਲ ਦੋ ਹੀ ਹਸਤੀਆਂ ਨਾਲ ਹੱਥ ਮਿਲਾਇਆ ਅਤੇ ਗੱਲਾਂ ਕੀਤੀਆਂ। ਇਨ੍ਹਾਂ ਵਿੱਚੋਂ ਪਹਿਲਾ ਵਿਅਕਤੀ ਸਿੱਧੂ ਸੀ ਤੇ ਦੂਜਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ। ਭਾਰੀ ਸਕਿਊਰਿਟੀ ਦੇ ਬਾਵਜੂਦ ਦੁਨੀਆਂ ਭਰ ਵਿੱਚੋਂ ਆਏ ਮੀਡੀਆ ਵਾਲੇ ਲੋਕ ਕਿਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ  ਲੈਣ ਅਤੇ ਕਮੈਂਟਸ ਲੈਣ ਲਈ ਤਰਲੋਮੱਛੀ ਹੋ ਰਹੇ ਸਨ। ਇਮਰਾਨ ਖਾਨ ਨੇ ਇਸ ਵਾਰ ਧੱਕਾ ਮੁੱਕੀ ਵਿੱਚ ਸਿੱਧੂ ਨੂੰ ਨਾਲ ਨਾਲ ਰੱਖਿਆ।ਇੰਝ ਲੱਗ ਰਿਹਾ ਸੀ ਕਿ ਇਮਰਾਨ ਖਾਨ ਅਤੇ ਸਿੱਧੂ ਦੀ ਜੋੜੀ ਹੀ ਸਾਰੇ ਇਕੱਠ ਵਿੱਚ ਖਿੱਚ ਦਾ ਕੇਂਦਰ ਸੀ। ਕਮਾਲ ਤਾਂ ਇਹ ਹੋਈ ਕਿ ਇਮਰਾਨ ਨੇ ਸਿੱਧੂ ਨੂੰ ਸਟੇਜ ‘ਤੇ ਆਪਣੇ ਨਾਲ ਬਿਠਾਇਆ। ਰਸਮੀ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਤੋਂ ਆਏ ਵਫਦ ਦਾ ਨਿੱਘਾ ਸਵਾਗਤ ਕੀਤਾ ਗਿਆ।

ਪਰ ਪਾਕਿਸਤਾਨ ਦੇ ਜਿਹੜੇ ਮੰਤਰੀਆਂ ਨੇ ਬੋਲਿਆ ਉਹ ਵਾਰ ਵਾਰ ਸਿੱਧੂ ਦਾ ਨਾਂ ਲੈ ਰਹੇ ਸਨ। ਮੈਂ ਆਪਣੇ ਪੱਤਰਕਾਰੀ ਦੇ 40 ਸਾਲ ਦੇ ਸਰਗਰਮ ਪ੍ਰੋਫੈਸ਼ਨਲ ਕੰਮ ਵਿੱਚ ਪਹਿਲੀ ਅਜਿਹੀ ਮਿਸਾਲ ਵੇਖੀ ਹੈ ਜਦੋਂ ਕਿਸੇ ਦੂਜੇ ਮੁਲਕ ਦੇ ਇੱਕ ਸੂਬੇ ਦੇ ਐਮ ਐਲ ਏ ਨੂੰ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਨੇ ਆਪਣੀਆਂ ਪਲਕਾਂ ‘ਤੇ ਬਿਠਾਇਆ ਹੋਵੇ। ਇਮਰਾਨ ਖਾਨ ਅਤੇ ਸਿੱਧੂ ਦੀ ਦੋਸਤੀ ਇੱਕ ਇਤਿਹਾਸ ਸਿਰਜ ਗਈ ਅਤੇ ਇਤਿਹਾਸ ਕਦੇ  ਮਿਟਾਇਆ ਨਹੀ਼ ਜਾ ਸਕਦਾ। ਸਿੱਧੂ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਨੇ ਵਾਪਸ ਆ ਕੇ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਲੇ ਪਾਕਿਸਤਾਨ ਦੇ ਫੈਸਲੇ ਦੀ ਜਾਣਕਾਰੀ ਭਾਰਤ ਆ ਕੇ ਦਿੱਤੀ ਸੀ।

ਉਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਆਗੂਆਂ ਨੇ ਉਸ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਇਆ ਸੀ। ਭਾਜਪਾ ਦੇ ਆਗੂਆਂ ਨੇ ਗਦਾਰ ਤੱਕ ਕਿਹਾ ਸੀ। ਅੱਜ ਇਸ ਮੌਕੇ ‘ਤੇ ਸਿੱਧੂ ਨੇ ਠੋਕ ਕੇ ਆਪਣੀ ਜੱਫੀ ਦੇ ਆਲੋਚਕਾਂ ਦਾ ਜਵਾਬ ਦਿੱਤਾ ਜਿਹੜੀ ਕਿ ਉਸ ਨੇ ਪਾਕਿ ਦੇ ਜਨਰਲ ਬਾਜਵਾ ਨੂੰ ਪਾਈ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਅਤੇ ਜੱਫੀ ਮੁਹੱਬਤ ਲਈ ਪਾਈ ਸੀ। ਇਹ ਕਰਤਾਰਪੁਰ ਦੇ ਲਾਂਘੇ ਦੀ ਗੱਲ ਨਹੀਂ ਗੁਰੂ ਨਾਨਕ ਦਾ ਅਮਨ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਹੈ। ਇਸੇ  ਤਰ੍ਹਾਂ ਜੇਕਰ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਖੁੱਲ੍ਹ ਜਾਣ ਤਾਂ ਦੋਹਾਂ ਮੁਲਕਾਂ ਅਤੇ ਪੰਜਾਬੀਆਂ ਲਈ ਖੁਸ਼ਹਾਲੀ ਦਾ ਮੌਕਾ ਹੋਵੇਗਾ। ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ।

Share this Article
Leave a comment