ਜੇ ਹੁਣ ਵੀ ਅਕਲ ਨੂੰ ਹੱਥ ਨਾ ਮਾਰਿਆ ਤਾਂ ਕੋਰੋਨਾ ਤੋਂ ਵੀ ਭਿਆਨਕ ਹੋ ਸਕਦੇ ਨੇ ਸਿੱਟੇ

TeamGlobalPunjab
5 Min Read

-ਸੰਜੀਵਨ ਸਿੰਘ

ਭਾਵੇਂ ਸੰਕਟ ਤੇ ਬਿਪਤਾ ਦਾ ਦੌਰ ਹੋਵੇ, ਭਾਵੇਂ ਖੁਸ਼ੀਆਂ-ਖੇੜਿਆਂ ਤੇ ਜਸ਼ਨਾਂ ਦਾ ਮੌਕਾ ਹੋਵੇ, ਹਾਲਾਤ ਨੂੰ ਕਾਬੂ ਹੇਠ ਰੱਖਣ ਦੀ ਜ਼ੁੰਮੇਵਾਰੀ ਮੁਖੀ ਦੀ ਹੀ ਹੁੰਦੀ ਹੈ, ਭਾਵੇਂ ਉਹ ਘਰ ਦਾ ਮੁਖੀ ਹੋਵੇ, ਸੂਬੇ ਜਾਂ ਮੁਲਕ ਦਾ। ਦੋਵਾਂ ਹੀ ਅਵਸਰਾਂ ’ਤੇ ਬੇਕਾਬੂ ਲੋਕ ਸਿਰਦਰਦੀ ਦਾ ਕਾਰਣ ਬਣ ਸਕਦੇ ਹਨ। ਇਕ ਸਮੇਂ ਖੁਸ਼ੀ ਵਿਚ ਲਲਕਾਰੇ ਤੇ ਚਾਂਗਰਾਂ ਮਾਰੀਆਂ ਜਾਂਦੀਆਂ ਹਨ। ਦੂਸਰੇ ਮੌਕੇ ਰੋਣਾ-ਕੁਰਲਾਉਂਣਾ ਤੇ ਪਿੱਟ-ਸਿਆਪਾ। ਦੋਵਾਂ ਹੀ ਸਥਿਤੀਆਂ ਵਿਚ ਸੰਜਮ ਤੇ ਸਹਿਜ ਦੀ ਜ਼ਰੂਰਤ ਹੁੰਦੀ ਹੈ।

ਅੱਜ ਸਾਰਾ ਸੰਸਾਰ ਹੀ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਸੰਕਟ ਵੀ ਕੋਰੋਨਾ ਵਰਗਾ ਬੇਹੱਦ ਗੰਭੀਰ ਤੇ ਜਾਨ ਲੇਵਾ। ਥੋੜੀ ਜਿੰਨੀ ਲਾਪਰਵਾਹੀ ਤੇ ਗ਼ੈਰ-ਜ਼ੁੰਮੇਵਾਰੀ ਅਨੇਕਾਂ ਹੀ ਜਾਨਾਂ ਨੂੰ ਜੋਖ਼ਮ ਵਿਚ ਪਾ ਸਕਦੀ ਹੈ। ਇਹ ਹਾਕਮਾਂ ਦੇ ਨਾਲ ਨਾਲ ਜਨ-ਸਧਾਰਣ ਦੀ ਵੀ ਕਠਿਨ ਪ੍ਰੀਖਿਆ ਦੀ ਘੜੀ ਹੈ। ਬਿਨਾਂ ਸ਼ੱਕ ਸੰਸਾਰ ਇਸ ਗੰਭੀਰ ਸੰਕਟ ਦੀ ਘੜੀ ਵਿਚੋਂ ਜੇਤੂ ਹੋ ਕੇ ਨਿਕਲ ਸਕਦਾ ਹੈ ਤੇ ਨਿਕਲੇਗਾ ਵੀ ਪਰ ਬਦਹਵਾਸੀ, ਘੜ-ਮੱਸ ਤੇ ਆਪੋ-ਧਾਪੀ ਨਾਲ ਨਹੀਂ, ਇਕ ਦੂਜੇ ਦਾ ਸਹਾਰਾ ਬਣਕੇ, ਇਕ ਦੂਜੇ ਦੀ ਦਾਰੂ ਬਣਕੇ।

ਸਿਹਤ ਤੇ ਸਫ਼ਾਈ ਕਾਮੇ, ਸੁਰਿਖਆਂ ਕਰਮਚਾਰੀ ਅਤੇ ਸਮਾਜਿਕ ਤੇ ਧਾਰਿਮਕ ਸੰਸਥਾਵਾਂ ਸੀਮਤ ਸਾਧਨਾ ਨਾਲ ਇਨ੍ਹਾਂ ਔਖੀਆਂ ਤੇ ਜਾਨ ਲੇਵਾ ਪ੍ਰਸਥਿਤੀਆਂ ਨਾਲ ਆਪਣੀ ਜ਼ਿੰਦਗੀ ਦਾਅ ’ਤੇ ਲਾ ਕੇ ਸਾਡੀਆਂ ਜ਼ਿੰਦਗੀਆਂ ਦੀ ਹਿਫ਼ਾਜ਼ਤ ਵੀ ਕਰ ਰਹੀਆਂ ਹਨ ਤੇ ਰੋਜ਼-ਮਰ੍ਹਾ ਦੀ ਜ਼ਰੂਰਤਾਂ ਦਾ ਖਿਆਲ ਵੀ ਰੱਖ ਰਹੇ ਹਨ। ਜੇ ਇਹ ਦੋਸਤ ਕਦੇ-ਕਦਾਈਂ ਥੋੜਾ ਬਹੁਤ ਤਲਖੀ ਵਿਚ ਵੀ ਆ ਜਾਣ ਤਾਂ ਸਾਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ ਸਗੋਂ ਇਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।

- Advertisement -

ਕੁੱਝ ਚੈਨਲਾਂ ਵੱਲੋਂ ਇਸ ਮਹਾਂਮਾਰੀ ਨੂੰ ਵੀ ਫਿਰਕੂ ਰੰਗਤ ਦੇਣਾ ਬਹੁਤ ਹੀ ਮੰਦਭਾਗਾ ਤੇ ਖਤਰਨਾਕ ਰੁਝਾਨ ਹੈ। ਇਨ੍ਹਾਂ ਮਿੱਤਰਾਂ ਨੂੰ ਮੇਰੀ ਬੇਨਤੀ ਹੈ, ਇਸ ਗੰਭੀਰ ਮਨੁੱਖੀ ਸੰਕਟ ਮੌਕੇ ਗੰਭੀਰ ਹੋਣ ਦੀ ਲੋੜ ਹੈ, ਗੰਭੀਰਤਾ ਨਾਲ ਵਿਵਹਾਰ ਕਰਨ ਦੀ ਜ਼ਰੂਰਤ ਹੈ। ਜਾਨ ਹੈ ਤਾਂ ਜਹਾਨ ਹੈ, ਜੇ ਜ਼ਿੰਦਗੀ ਸਲਾਮਤ ਰਹੀ ਤਾਂ ਤੁਹਾਨੂੰ ਆਪਣੇ ਫਿਰਕੂ ਮਨੋਰਥ ਪੂਰੇ ਕਰਨ ਦੇ ਹੋਰ ਬਥੇਰੇ ਮੌਕੇ ਮਿਲ ਜਾਣਗੇ। ਪਰ ਰੱਬ ਦੇ ਵਾਸਤੇ ਹੁਣ ਕ੍ਰਿਪਾ ਕਰੋ, ਮੁਲਕ ਉਪਰ ਵੀ, ਮੁਲਕ ਦੇ ਅਵਾਮ ਉਪਰ ਵੀ।

ਤਾੜੀਆਂ ਵਜਾਉਣਾ ਤੇ ਰੌਸ਼ਨੀ ਕਰਨਾ ਕੋਈ ਮਾੜੀ ਗੱਲ ਨਹੀਂ, ਤਾੜੀਆਂ ਵਜਾਉਣਾ ਸਿਰ-ਧੜ ਦੀ ਬਾਜੀ ਲਾ ਕੇ ਇਨਸਾਨੀਅਤ ਦੀ ਸੇਵਾ ਤੇ ਸੁਰਖਿਆਂ ਕਰ ਰਹੇ ਮਿੱਤਰਾਂ ਦੀ ਹੌਂਸਲਾ ਅਫ਼ਜਾਈ ਕਰਨਾ ਹੈ ਤੇ ਰੌਸ਼ਨੀ ਊਰਜਾ ਤੇ ਇਕ-ਜੁੱਟਤਾ ਦਾ ਪ੍ਰਗਟਾਵਾ। ਪਰ ਤਾੜੀਆਂ ਵਜਾਉਣ ਦੇ ਨਾਲ ਨਾਲ ਢੋਲ-ਨਗਾਰੇ ਵਜਾ ਕੇ ਖੜਦੁਮ ਪਾਉਣਾ, ਸੜਕਾਂ ਉਪਰ ਨਿਕਲ ਕੇ ਹੱਲਾ-ਗੁੱਲਾ ਕਰਨਾ, ਦੀਵਾ ਬਾਲ ਕੇ ਰੌਸ਼ਨੀ ਕਰਨ ਦੀ ਥਾਂ ਦੀਪ-ਮਾਲਾ ਕਰਨੀ, ਪਟਾਕੇ ਚਲਾਉਣੇ, ਫ਼ਾਇਰ ਕਰਨੇ ਸਮਝ ਤੋਂ ਬਾਹਰ ਵੀ ਹੈ ਤੇ ਮਨੁੱਖੀ ਵਤੀਰੇ ਤੋਂ ਪਰ੍ਹੇ ਵੀ। ਅਜਿਹੀ ਬਿਪਤਾ ਦੀ ਘੜੀ ਅਜਿਹਾ ਗ਼ੈਰ-ਜ਼ੁੰਮੇਵਾਰਨਾ ਤੇ ਗ਼ੈਰ-ਗੰਭੀਰ ਰੱਵਈਆ ਸ਼ੋਭਦਾ ਨਹੀਂ।

ਇਨੀ ਦਿਨੀ ਸਵੇਰੇ ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ਪ੍ਰਸੰਨ ਹੁੰਦੇ ਹਾਂ, ਵਾਤਾਵਰਣ ਦੀ ਸ਼ੁੱਧਤਾ ਸਾਨੂੰ ਸਕੂਨ ਪ੍ਰਦਾਨ ਕਰ ਰਹੀ ਹੈ, ਨਦੀਆਂ-ਨਾਲਿਆਂ ਵਿਚ ਨਿਰਮਲ ਜਲ ਦਾ ਵਹਾਅ ਆਪਾ ਨੂੰ ਖੁਸ਼ੀ ਦਿੰਦਾ ਹੈ, ਨੀਲਾ ਅਸਮਾਨ ਤੇ ਦੂਰੋ ਦਿਸਦੇ ਪਰਬਤ ਸਾਨੂੰ ਸੰਤੁਸ਼ਟ ਕਰ ਰਹੇ ਹਨ ਪਰ ਕਦੇ ਇਹ ਸੋਚਿਐ ਇਸ ਸਭ ਵਿਚ ਸਾਡਾ ਆਪਣਾ ਕੀ, ਕਿੰਨਾ ਤੇ ਕਿਵੇਂ ਯੋਗਦਾਨ ਹੈ? ਜੇ ਇਸ ਕੁਦਰਤੀ ਜਾਂ ਆਪੇ ਸਹੇੜੀ ਆਫਤ ਨੇ ਸਾਨੂੰ ਘਰਾਂ ਅੰਦਰ ਨਾ ਡੱਕਿਆ ਹੁੰਦਾ, ਸਾਡੀਆਂ ਮੋਟਰਾਂ-ਗੱਡੀਆਂ ਦੀ ਘੂੰਅ-ਘੂੰਅ ਨਾ ਬੰਦ ਕਰਾਈ ਹੁੰਦੀ, ਜੇ ਪਾਣੀਆਂ ਤੇ ਵਾਤਾਵਰਣ ਨੂੰ ਜਹਿਰਲਾ ਤੇ ਗੰਧਲਾ ਕਰਨ ਵਾਲੀਆਂ ਸਨਅਤਾ ਬੰਦ ਨਾ ਹੋਈਆਂ ਹੁੰਦੀਆਂ ਤਾਂ ਆਪਣਾ ਕੀ ਹਾਲ ਹੁੰਦਾ।

ਗੁਰੂਆਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ, ਸੂਰਬੀਰਾ-ਯੋਧਿਆਂ ਤੇ ਦੇਸ ਭਗਤਾਂ ਦੀ ਧਰਤੀ ਹੋਵੇ, ਇਕ ਦੂਜੇ ਤੋਂ ਜਾਨਾ ਵਾਰਨ ਦਾ ਸਾਡਾ ਵਿਰਸਾ ਹੋਵੇ, ਏਕਤਾ ਵਿਚ ਅਨੇਕਤਾ ਸਾਡਾ ਸੰਕਲਪ ਹੋਵੇ, ਮਹਿਮਾਨ ਨੂੰ ਰੱਬ ਦਾ ਦਰਜਾ ਦੇਣਾ ਸਾਡੀ ਧਾਰਨਾ ਹੋਵੇ, ਦੁਨੀਆਂ ਦੀਆਂ ਪੁਰਾਣੀਆਂ ਸਭਿਆਤਾਵਾਂ ਵਿਚੋਂ ਹੋਣ ਦੇ ਅਸੀਂ ਦਾਅਵੇਦਾਰ ਹੋਈਏ, ਆਪਸੀ ਭਾਈਚਾਰੇ ਤੇ ਪ੍ਰੇਮ-ਭਾਵ ਦੀ ਅਸੀਂ ਮਿਸਾਲ ਹੋਈਏ ਪਰ ਫਿਰਕੂਪਣੇ ਵਿਚ ਗਰਕਣਾਂ, ਜਾਤ-ਪਾਤ ਤੇ ਭੇਦ-ਭਾਵ ਦੀਆਂ ਵਲਗਣਾਂ ਹੋਰ ਵੀ ਸੰਕੀਰਨ ਕਰ ਲੈਣਾ, ਧਾਰਿਮਕ ਅਸਥਾਨਾਂ ਦੇ ਨਾਲ-ਨਾਲ ਸਮਸ਼ਾਨਘਾਟਾਂ ਦੀਆਂ ਵੰਡੀਆਂ ਪਾ ਲੈਣ ਅਤੇ ਕੋਰੋਨਾ ਪੀੜਤ ਸਕੇ-ਸਬੰਧੀਆਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਮੁਨਕਰ ਹੋਣ ਨਾਲ ਮਹਾਨ ਪ੍ਰੰਪਰਾਵਾਂ ਤੇ ਅਮੀਰ ਵਿਰਸੇ ਦੇ ਵਾਰਿਸ ਕੀ ਸੰਵੇਦਨਹੀਣ, ਨਿਰਦਈਪੁਣੇ ਅਤੇ ਗ਼ੈਰ ਇਖਲਾਕੀ ਹੋਣ ਦੇ ਰਾਹ ਤਾਂ ਨਹੀਂ ਪੈ ਗਏ? ਜੇ ਹੁਣ ਵੀ ਅਕਲ ਨੂੰ ਹੱਥ ਨਾ ਮਾਰਿਆਂ ਤਾਂ ਆਉਣ ਵਾਲੇ ਸਮੇਂ ਵਿਚ ਸਮਾਜਿਕ ਸਿੱਟੇ ਕੋਰੋਨਾ ਤੋਂ ਵੀ ਭਿਆਨਕ ਤੇ ਖਤਰਨਾਕ ਹੋ ਸਕਦੇ ਹਨ।

Share this Article
Leave a comment