Home / ਧਰਮ ਤੇ ਦਰਸ਼ਨ / ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵਾਂ ਰਾਗ ਰਾਮਕਲੀ -ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵਾਂ ਰਾਗ ਰਾਮਕਲੀ -ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -18

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵਾਂ ਰਾਗ ਰਾਮਕਲੀ

*ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਚੋਣ ਬਾਣੀ ਦੀ ਪ੍ਰਕਿਰਤੀ ਅਤੇ ਸਬੰਧਿਤ ਬਾਣੀ ਰਚਨਾ ਦੇ ਸਭਿਆਚਾਰ ਧਰਾਤਲ ਚੋਂ ਉਪਜੇ ਰਾਗਾਂ ਅਨੁਸਾਰ ਕੀਤੀ ਗਈ ਹੈ। ਇਸੇ ਕਰਕੇ ਵੱਖ-ਵੱਖ ਸਮੇਂ, ਇਲਾਕੇ, ਰੁੱਤਾਂ ਅਤੇ ਜਾਤੀ ਵਿਸ਼ੇਸ਼ ਨਾਲ ਸਬੰਧਿਤ ਇਸ ਰਾਗ ਵਿਧਾਨ ਵਿਚ ਪ੍ਰਗਟ ਹੋਏ ਹਨ। ਰਾਮਕਲੀ ਰਾਗ ਨੂੰ ਨਾਥਾਂ ਜੋਗੀਆਂ ਨੇ ਵਿਸ਼ੇਸ਼ ਰੂਪ ਵਿਚ ਅਪਣਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੋਗ ਮਤ ਨਾਲ ਸਬੰਧਤ ਵਿਚਾਰਾਂ ਦਾ ਪ੍ਰਗਟਾਅ ਵੀ ਇਸੇ ਰਾਗ ਦੇ ਅੰਤਰਗਤ ਹੋਇਆ ਹੈ। ਇਸੇ ਕਰ ਕੇ ਇਸ ਨੂੰ ਨਾਥਾਂ ਤੇ ਜੋਗੀਆਂ ਦਾ ਪ੍ਰਿਯ ਰਾਗ ਵੀ ਕਿਹਾ ਜਾਂਦਾ ਹੈ। ਵਿਸ਼ੇਸ਼ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਸਿਧ ਗੋਸਟਿ ਅਤੇ ਓਅੰਕਾਰ ਬਾਣੀ ਰਚਨਾਵਾਂ ਇਸ ਰਾਗ ਦੇ ਅੰਤਰਗਤ ਹੀ ਅੰਕਿਤ ਹਨ। ਇਸ ਤਰਾਂ ਗੁਰੂ ਸਾਹਿਬ ਸਿਧ, ਨਾਥ, ਜੋਗੀਆਂ ਅਤੇ ਅਧਿਆਤਮ ਦਰਸ਼ਨ ਦੇ ਗੂੜ ਵਿਚਾਰਾਂ ਨੂੰ ਇਸ ਰਾਗ ਦੇ ਅੰਤਰਗਤ ਪ੍ਰਗਟਾ ਰਹੇ ਹਨ। ਇਸੇ ਹੀ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਅਨੰਦ ਸਾਹਿਬ ਅੰਕਿਤ ਹੈ ਜਿਸ ਦਾ ਸਿੱਖ ਮਰਿਆਦਾ ਵਿਚ ਵਿਸ਼ੇਸ਼ ਰੂਪ ਵਿਚ ਕੀਰਤਨ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਨੂੰ ਅਠਾਰਵਾਂ ਸਥਾਨ ਪ੍ਰਾਪਤ ਹੈ ਜੋ ਕਿ ਪੰਨਾ ੮੭੬ ’ਤੇ ਅੰਕਿਤ ਹੈ। ਰਾਗ ਰਾਮਕਲੀ ਦੀ ਮਹਿਮਾ ਦੇ ਸੰਦਰਭ ਵਿਚ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੫੦ ਤੇ  ਫੁਰਮਾਇਆ ਹੈ ਕਿ ਰਾਗ ਰਾਮਕਲੀ ਦੀਆਂ ਮਧੁਰ ਸੁਰਾਂ ਰਾਹੀਂ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਜੇ ਮਨ ਵਸ ਜਾਵੇ ਤਾਂ ਹੀ ਉਸ ਪ੍ਰਭੂ ਪ੍ਰਮਾਤਮਾ ਦੇ ਮਿਲਾਪ ਹਿਤ ਕੀਤੇ ਉਦਮ ਰੂਪੀ ਸ਼ਿੰਗਾਰ ਸਫਲ ਹਨ।

ਰਾਗ ਰਾਮਕਲੀ ਪੁਰਾਤਨ, ਪ੍ਰਚਲਿਤ ਤੇ ਮਧੁਰ ਰਾਗ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ ਰਾਮਕਲੀ ਨੂੰ ਭੈਰਵ ਥਾਟ ਦੀ ਰਾਗਣੀ ਸਵੀਕਾਰਿਆ ਗਿਆ ਹੈ ਜਿਸ ਦੇ ਆਰੋਹ ਵਿਚ ਮਧਿਅਮ, ਨਿਸ਼ਾਦ ਵਰਜਿਤ, ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਧੈਵਤ, ਸੰਵਾਦੀ ਰਿਸ਼ਭ ਅਤੇ ਗਾਉਣ ਦਾ ਸਮਾਂ ਸੂਰਜ ਚੜ੍ਹਨ ਤੋਂ ਦਿਨ ਦਾ ਪਹਿਲਾ ਪਹਿਰ ਮੰਨਿਆ ਗਿਆ ਹੈ। ਗੁਰਮਤਿ ਸੰਗੀਤ ਪਰੰਪਰਾ ਵਿਚ ਵੀ ਇਹ ਰਾਗ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਹੈ। ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਇਸ ਰਾਗ ਦਾ ਪ੍ਰਚਲਨ ਮਿਲਦਾ ਹੈ।

ਰਾਮਕਲੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਗਿਆਰਾਂ ਪਦੇ, ਨੌਂ ਅਸ਼ਟਪਦੀਆਂ, ਇਕ ਵਾਰ; ਗੁਰੂ ਅਮਰਦਾਸ  ਜੀ ਦਾ ਇਕ ਪਦਾ, ਪੰਜ ਅਸ਼ਟਪਦੀਆਂ, ਇਕ ਵਾਰ; ਗੁਰੂ ਰਾਮਦਾਸ ਜੀ ਦੇ ਛੇ ਪਦੇ; ਗੁਰੂ ਅਰਜਨ ਦੇਵ ਜੀ ਅਠਵੰਜਾ ਪਦੇ, ਦੋ ਪੜਤਾਲਾਂ, ਅੱਠ ਅਸ਼ਟਪਦੀਆਂ, ਚਾਰ ਛੰਤ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਪਦੇ ਦਰਜ ਹਨ। ਗੁਰੂ ਸਹਿਬਾਨ ਤੋਂ ਇਲਾਵਾ ਭਗਤ ਕਬੀਰ ਜੀ ਦੇ ਬਾਰਾਂ; ਭਗਤ ਨਾਮਦੇਵ ਜੀ ਦਾ ਚਾਰ; ਭਗਤ ਰਵਿਦਾਸ ਜੀ ਦਾ ਇਕ ਅਤੇ ਭਗਤ ਬੇਣੀ ਜੀ ਦਾ ਇੱਕ ਸਬਦ ਇਸ ਰਾਗ ਅਧੀਨ ਅੰਕਿਤ ਹੈ।

ਰਾਗ ਰਾਮਕਲੀ ਭਾਰਤੀ ਸੰਗੀਤ ਪੱਧਤੀ ਅਤੇ ਗੁਰਮਤਿ ਸੰਗੀਤ ਪੱਧਤੀ ਵਿਚ ਸਮਾਨ ਰੂਪ ਨਾਲ ਗਾਇਨ ਕੀਤਾ ਜਾਂਦਾ ਹੈ। ਰਾਮਕਲੀ ਰਾਗ ਕਰੁਣਾ ਰਸ ਭਰਪੂਰ ਰਾਗ ਹੈ। ਇਸ ਨੇ ਰਾਗ ਰਾਮਕਲੀ ਨੂੰ ਭੈਰਵ ਥਾਟ ਦਾ ਰਾਗ ਮੰਨਿਆ ਹੈ ਅਤੇ ਧੈਵਤ ਵਾਦੀ ਹੋਣ ਕਰਕੇ ਉਤਰਾਂਗਵਾਦੀ ਰਾਗ ਸਵੀਕਾਰਿਆ ਹੈ। ਇਸ ਵਿਚ ਰਿਸ਼ਭ, ਧੈਵਤ ਕੋਮਲ, ਦੋਵੇਂ ਮਧਿਅਮ, ਦੋੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੇ ਆਰੋਹ ਵਿਚ ਰਿਸ਼ਭ ਸੁਰ ਵਰਜਿਤ ਹੈ ਅਤੇ ਅਵਰੋਹ ਸੰਪੂਰਨ ਹੈ। ਇਸ ਤਰ੍ਹਾਂ ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ ਹੈ। ਇਸ ਰਾਗ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸ਼ਭ ਹੈ। ਇਸ ਰਾਗ ਨੂੰ ਸਵੇਰ ਦੇ ਪਹਿਲੇ ਪਹਿਰ ਵਿਚ ਗਾਇਨ ਕੀਤਾ ਜਾਂਦਾ ਹੈ।ਇਸ ਦਾ ਆਰੋਹ ਸ਼ੜਜ ਗੰਧਾਰ ਮਧਿਅਮ ਪੰਚਮ,ਧੈਵਤ(ਕੋਮਲ) ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਨਿਸ਼ਾਦ ਧੈਵਤ(ਕੋਮਲ) ਪੰਚਮ, ਮਧਿਅਮ(ਤੀਬਰ) ਪੰਚਮ, ਧੈਵਤ(ਕੋਮਲ) ਨਿਸ਼ਾਦ (ਕੋਮਲ) ਧੈਵਤ(ਕੋਮਲ) ਪੰਚਮ, ਗੰਧਾਰ ਮਧਿਅਮ ਰਿਸ਼ਭ(ਕੋਮਲ) ਸ਼ੜਜ ਮੰਨਿਆ ਹੈ। 

ਕੰਵਰ ਮ੍ਰਿਗੇਂਦਰ ਸਿੰਘ ਨੇ ਆਪਣੀ ਪੁਸਤਕ ਵਾਦਨ ਸਾਗਰ ਭਾਗ-ਦੂਜਾ ’ਤੇ ਰਾਗ ਰਾਮਕਲੀ ਦਾ ਇਕ ਹੋਰ ਸਰੂਪ ਅੰਕਿਤ ਕੀਤਾ ਹੈ ਜਿਸ ਦੀ ਜਾਤੀ ਔੜਵ ਸੰਪੂਰਨ, ਵਾਦੀ ਸੁਰ ਧੈਵਤ ਜਾਂ ਪੰਚਮ, ਸੰਵਾਦੀ ਸੁਰ ਕੋਮਲ ਰਿਸ਼ਭ ਅਤੇ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਰਾਗ ਪ੍ਰਬੰਧ ਵਿਚ ਰਾਗ ਅਧੀਨ ਰਾਮਕਲੀ ਦੱਖਣੀ ਵੀ ਅੰਕਿਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਦਰਜ ਹੈ। ਉਹਨਾਂ ਦੁਆਰਾ ਰਚਿਤ ਦਖਣੀ ਓਅੰਕਾਰ ਇਕ ਪ੍ਰਸਿੱਧ ਬਾਣੀ ਰਚਨਾ ਹੈ। ਰਾਮਕਲੀ ਦੱਖਣੀ ਦੇ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਦਾ ਸਰੂਪ ਦੱਖਣੀ ਭਾਰਤੀ ਸੰਗੀਤ ਵਿਚੋਂ ਲਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਦੱਖਣੀ ਰਾਗ ਨੂੰ ਰਾਮਕਲੀ ਦਖਣੀ ਮਹਲਾ ੧ ਦੇ ਸਿਰਲੇਖ ਅਧੀਨ ਅੰਕਿਤ ਕੀਤਾ ਗਿਆ ਹੈ।

ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ  ਰਾਗ ਰਾਮਕਲੀ ਦੱਖਣੀ ਦਾ ਉਲੇਖ ‘ਰਾਗ ਵਿਆਕਰਣ’ ਪੁਸਤਕ ਵਿਚ ਮਿਲਦਾ ਹੈ। ਪ੍ਰੋ. ਤਾਰਾ ਸਿੰਘ ਵਲੋਂ ਦਿੱਤੇ ਹਵਾਲੇ ਅਨੁਸਾਰ ਭਾਰਤੀ ਸੰਗੀਤ ਵਿਚ ਸ਼ਾਸਤਰੀ ਗ੍ਰੰਥਕਾਰਾਂ ਵਿਚੋਂ ਪੰਡਿਤ ਅੱਪਾ ਸ਼ਾਸਤਰੀ ਨੇ ‘ਚੰਦ੍ਰਕਾਯਮ’ਵਿਚ ਇਸ ਰਾਗ ਦੇ ਸਬੰਧ ਵਿਚ ਇਸ ਤਰ੍ਹਾਂ ਹਵਾਲਾ ਦਿੱਤਾ ਹੈ।             

ਗੁਰਮਤਿ ਸੰਗੀਤ ਪਰੰਪਰਾ ਵਿਚ ਇਸ ਰਾਗ ਦੀ ਉਤਪਤੀ ਦੱਖਣੀ ਪੱਧਤੀ ਦੇ ਰਾਗ ਰਾਮਕ੍ਰਿਯ ਤੋਂ ਮੰਨੀ ਗਈ ਹੈ। ਰਾਮਕਲੀ ਦੱਖਣੀ ਦੇ ਸਰੂਪ ਸਬੰਧੀ ਵਿਦਵਾਨਾਂ ਦੇ ਵੱਖ-ਵੱਖ ਮੱਤ ਹਨ। ਦੱਖਣੀ ਭਾਰਤੀ ਸੰਗੀਤਕਾਰਾਂ ਅਨੁਸਾਰ ਇਸ ਰਾਗ ਨੂੰ ਮਾਯਾ ਮਾਲਵਗੋੜ ਥਾਟ ਦੇ ਅਧੀਨ ਰੱਖਿਆ ਗਿਆ ਹੈ। ਇਸ ਦੇ ਆਰੋਹ ਵਿਚ ਮਧਿਅਮ ਤੇ ਨਿਸ਼ਾਦ ਵਰਜਿਤ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਸੁਰ ਰਿਸ਼ਭ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਹੈ। ਇਸ ਵਿਚ ਰਿਸ਼ਭ, ਧੈਵਤ, ਕੋਮਲ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦਾ ਆਰੋਹ ਸ਼ੜਜ, ਰਿਸ਼ਭ(ਕੋਮਲ), ਗੰਧਾਰ ਪੰਚਮ ਧੈਵਤ(ਕੋਮਲ), ਸ਼ੜਜ (ਤਾਰ ਸਪਤਕ), ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ(ਕੋਮਲ), ਪੰਚਮ, ਮਧਿਅਮ ਗੰਧਾਰ ਰਿਸ਼ਭ ਰਿਸ਼ਭ(ਕੋਮਲ) ਸ਼ੜਜ ਹੈ।

ਗੁਰਮਤਿ ਸੰਗੀਤ ਪੱਧਤੀ ਵਿਚ ਇਸ ਦਾ ਨਿਮਨਲਿਖਤ ਸਰੂਪ ਸਰਬਪ੍ਰਵਾਨਿਤ ਮੰਨਿਆ ਗਿਆ ਹੈ । ਇਸ ਰਾਗ ਦਾ ਥਾਟ ਮਾਇਆ ਮਾਲਵਗੌੜ ਮੰਨਿਆ ਗਿਆ ਹੈ, ਜੋ ਕਿ ਉਤਰੀ ਸੰਗੀਤ ਪੱਧਤੀ ਦੇ ਭੈਰਵ ਥਾਟ ਨਾਲ ਸਮਾਨਤਾ ਰੱਖਦਾ ਹੈ। ਇਸ ਰਾਗ ਵਿਚ ਪੰਚਮ ਵਾਦੀ ਤੇ ਰਿਸ਼ਭ ਸੰਵਾਦੀ ਮੰਨਣ ਦੀ ਪ੍ਰਥਾ ਹੈ। ਇਸ ਦੇ ਆਰੋਹ ਵਿਚ ਮਧਿਅਮ ਵਰਜਿਤ ਹੋਣ ਕਰਕੇ ਇਸ ਦੀ ਜਾਤੀ ਸ਼ਾੜਵ-ਸੰਪੂਰਨ ਮੰਨੀ ਗਈ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ।

ਵੀਹਵੀਂ ਸਦੀ ਦੀਆਂ ਸਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਾਚੀਏ ਤਾਂ ਇਸ ਰਾਗ ਵਿਚ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ਼੍ਰਿੰਸੀਪਲ ਦਿਆਲ ਸਿੰਘ, ਡਾ. ਜਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਜਸਵੰਤ ਸਿੰਘ ਤੀਬਰ, ਪ੍ਰੋ. ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ ਆਦਿ ਨੇ ਸੰਗੀਤਕਾਰਾਂ ਨੇ ਕੀਰਤਨ ਰਚਨਾਵਾਂ ਨੂੰ ਸੁਰਲਿਪੀ-ਬੱਧ ਕੀਤਾ।

ਰਾਮਕਲੀ ਰਾਗ ਨੂੰ ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤਕਾਰ ਤੇ ਕੀਰਤਨਕਾਰਾਂ ਨੇ ਆਪਣੇ-ਆਪਣੇ ਅੰਦਾਜ ਵਿੱਚ ਬਾਖੂਬੀ ਗਾਇਆ ਹੈ, ਜਿਹਨਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬ ਸਾਈਟਸ ਤੇ ਯੂਟਿਊਬ ‘ਤੇ ਸੁਣ ਸਕਦੇ ਹਾਂ।

ਭਾਰਤੀ ਰਾਗ ਧਿਆਨ ਪਰੰਪਰਾ ਵਿਚ ਰਾਗ ਰਾਮਕਲੀ ਦੇ ਪੁਰਾਤਨ ਚਿਤਰ ਉਪਲਬਧ ਹਨ। ਪ੍ਰਸਿੱਧ ਸਿੱਖ ਚਿੱਤਰਕਾਰ ਦੇਵਿੰਦਰ ਸਿੰਘ ਹੁਰਾਂ ਨੇ ਬਾਣੀ ‘ਤੇ ਆਧਾਰਿਤ ਰਾਮਕਲੀ ਰਾਗ ਵਿਚ ਰਚਿਤ ਬਾਣੀ ਦੇ ਅਧਿਐਨ ਤੋਂ ਬਾਅਦ ਬਾਣੀ ‘ਤੇ ਆਧਾਰਿਤ ਰਾਗ ਦਾ ਚਿੱਤਰ, ਅਦੁੱਤੀ ਗੁਰਮਤਿ ਸੰਗੀਤ  ਸੰਮੇਲਨ ਸਿਮ੍ਰਤੀ ਗ੍ਰੰਥ, 1992 ਲਈ ਤਿਆਰ ਕਰਵਾਇਆ ਸੀ, ਜਿਸ ਤੋਂ ਰਾਮਕਲੀ ਰਾਗ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਮਿਨੇਚਰ ਪੇਂਟਿੰਗ ਦੀ ਸ਼ੈਲੀ ਵਿਚ ਪ੍ਰੋਫੈਸਰ ਐਸ. ਸੁਮਹਿੰਦਰਾ (ਰਾਜਸਥਾਨ) ਦੀ ਅਗਵਾਈ ਵਿਚ ਦਸ ਕਲਾਕਾਰਾਂ ਦੀ ਟੀਮ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਬੁਲਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਰਾਗਾਂ ‘ਤੇ ਕੁਝ ਪੇਂਟਿੰਗਾਂ ਬਣਾਈਆਂ। ਕੈਨੇਡਾ ਵਸ ਗਏ ਸਾਡੇ ਹਰਦਿਲ ਆਜ਼ੀਜ਼ ਚਿਤਰਕਾਰ ਜਰਨੈਲ ਸਿੰਘ ਦੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਰਾਗਾਂ ਦੀਆਂ ਪੇਂਟਿੰਗਾਂ ਵਿਚ ਵਿਸ਼ੇਸ਼ ਰੁਚੀ ਰਹੀ। ਕੈਨੇਡਾ ਦੇ ਵਿਸ਼ਵ ਵਿਖਿਆਤ ਚਿਤਰਕਾਰ ਸ. ਹਰਦੇਵ ਸਿੰਘ ਨੇ ਵੀ ਆਪਣੇ ਅੰਦਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਕਲਾਤਮਕ ਛੋਹ ਪ੍ਰਦਾਨ ਕਰ ਆਪਣੀ ਅਕੀਦਤ ਭੇਂਟ ਕੀਤੀ ਹੈ।  

*drgnam@yahoo.com

Check Also

ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 108 ਜਪੁਜੀ ਸਾਹਿਬ – ਪਉੜੀ 32 ਡਾ. ਗੁਰਦੇਵ ਸਿੰਘ* ਸ੍ਰਿਸ਼ਟੀ ਕਰਤਾ ਨੂੰ …

Leave a Reply

Your email address will not be published. Required fields are marked *