ਅੰਮ੍ਰਿਤਸਰ : ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਇੰਨੀ ਦਿਨੀਂ ਪੈਰੋਲ ਤੇ ਜੇਲ ਤੋਂ ਬਾਹਰ ਘੁੰਮ ਰਿਹਾ ਹੈ। ਉਹ ਨਾ ਸਿਰਫ਼ ਜੇਲ੍ਹ ਤੋਂ ਬਾਹਰ ਘੁੰਮ ਰਿਹਾ ਹੈ ਬਲਕਿ ਉਸ ਵੱਲੋਂ ਆਪਣੀ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਉਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇਕ ਗੀਤ ਵੀ ਕੱਢਿਆ ਗਿਆ ਹੈ । ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਉਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਮਜੀਠੀਆ ਦਾ ਕਹਿਣਾ ਹੈ ਕਿ ਰਾਮ ਰਹੀਮ ਇੱਕ ਡਿਫਾਲਟਰ ਆਦਮੀ ਹੈ ਅਤੇ ਉਸ ਦੇ ਛਤਰ ਫੇਰਨੇ ਚਾਹੀਦੇ ਹਨ।
ਇਸ ਮੌਕੇ ਬੋਲਦਿਆਂ ਬਿਕਰਮ ਮਜੀਠੀਆ ਵੱਲੋਂ ਜਿਥੇ ਰਾਮ ਰਹੀਮ ਦੇ ਮਸਲੇ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਤਾਂ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਅਤੇ ਸੂਬਾ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਾਉਣ ਵਿਚ ਨਾਕਾਮ ਰਹੀ ਹੈ। ਮਜੀਠੀਆ ਵੱਲੋਂ ਸੂਰੀ ਕੇਸ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਹੋਰ ਦਿਨ ਬ ਦਿਨ ਵਧ ਰਹੀਆਂ ਕਤਲ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਨੂੰ ਲੈ ਕੇ ਫੇਲ੍ਹ ਹੋਇਆ ਹੈ।
ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾਂਦੀ ਐਡਵਰਟਾਈਜ਼ਮੈਂਟ ਦੇ ਮਸਲੇ ਤੇ ਬਿਕਰਮ ਮਜੀਠੀਆ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਦਾ ਪੈਸਾ ਅਜਾਈਂ ਗਵਾਇਆ ਜਾ ਰਿਹਾ ਹੈ ਅਤੇ ਹਿਮਾਚਲ ਅਤੇ ਗੁਜਰਾਤ ਵਿੱਚ ਆਪਣੀਆਂ ਵੋਟਾਂ ਲੈਣ ਦੇ ਲਈ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੀ ਸੰਪਤੀ ਨੂੰ ਅਜਾਈਂ ਵਹਾ ਰਹੇ ਹਨ। ਇੱਥੇ ਹੀ ਬੱਸ ਨਹੀਂ ਬਿਕਰਮ ਮਜੀਠੀਆ ਨੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਜੋਕਰ ਵੀ ਗਰਦਾਨ ਦਿੱਤਾ ।