ਸਦਨ ‘ਚ ਆਰਡੀਨੈਂਸਾਂ ਅਤੇ ਪਾਣੀਆਂ ਸਮੇਤ ਸਾਰੇ ਭਖਵੇਂ ਮੁੱਦੇ ਉਠਾਵਾਂਗੇ: ਹਰਪਾਲ ਚੀਮਾ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਣ ਜਾ ਰਹੇ ਇਕ ਰੋਜਾ ਇਜਲਾਸ ਦੇ ਮੱਦੇਨਜਰ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੈਠਕ ਕਰਕੇ ਸਾਰੇ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਦਨ ‘ਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਪਾਣੀਆਂ ਦਾ ਸੰਕਟ ਅਤੇ ਐਸ.ਵਾਈ.ਐਲ ਕੇਂਦਰੀ ਬਿਜਲੀ ਸੋਧ ਬਿਲ-2020 ਮੌਂਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮੁੱਦੇ ਸਮੇਤ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਸਦਨ ‘ਚ ਉਠਾਉਣ ਦਾ ਫੈਸਲਾ ਲਿਆ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ, ” ਹਾਲਾਂਕਿ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਖਿੱਲੀ ਉਡਾਉਂਦੇ ਹੋਏ ਮਹਿਜ਼ ਚਾਰ ਘੰਟਿਆਂ ਦਾ ਮਾਨਸੂਨ ਸੈਸ਼ਨ ਰੱਖ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ‘ਚ ਘਿਰੀ ਰਾਜਾਸ਼ਾਹੀ ਸਰਕਾਰ ਲੋਕਾਂ ਦੇ ਮਸਲਿਆਂ ‘ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਖੋ ਚੁੱਕੀ ਹੈ। ਫਿਰ ਵੀ ਅਸੀਂ ਸਾਰੇ ਪ੍ਰਮੁੱਖ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜਾ ਕਰਾਂਗੇ।”

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਤਰਫੋਂ ਵਿਧਾਇਕ ਅਮਨ ਅਰੋੜਾ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿਲ-2020 ਨੂੰ ਪੰਜਾਬ ਵਿਧਾਨ ਸਭਾ ‘ਚ ਰੱਦ ਕਰਨ ਲਈ ਮਤਾ ਲਿਆਉਣ ਦੀ ਇਜਾਜਤ ਸਪੀਕਰ ਕੋਲੋਂ ਮੰਗ ਚੁੱਕੇ ਹਨ। ਇਸ ਤੋਂ ਬਿਨ੍ਹਾਂ ਅਮਨ ਅਰੋੜਾ ਨੇ ਜਹਿਰੀਲੀ ਸ਼ਰਾਬ ਅਤੇ ਤਸ਼ਕਰਾਂ ਦੀਆਂ ਜਾਇਦਾਦਾਂ ਜਬਤ ਕਰਨ, ਵਿਧਾਇਕ ਮੀਤ ਹੇਅਰ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਪਰਾਲੀ ਦੀ ਸਮੱਸਿਆ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਥਾਂ ਪਰਾਲੀ ‘ਤੇ ਚਲਾਉਣ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਰੁਪਿੰਦਰ ਕੌਰ ਰੂਬੀ ਨੇ ਆਸ਼ਾ ਵਰਕਰਾਂ ਸਮੇਤ ਸੂਬੇ ਦੇ ਮੁਲਾਜਮਾਂ-ਬੇਰੁਜਗਾਰਾਂ ਬਾਰੇ ਧਿਆਨ ਦਿਵਾਊ ਮਤੇ ਪ੍ਰਵਾਨਗੀ ਲਈ ਮਾਨਯੋਗ ਸਪੀਕਰ ਨੂੰ ਭੇਜੇ ਹਨ।

- Advertisement -

ਚੀਮਾ ਨੇ ਮੰਗ ਕੀਤੀ ਕਿ ਜਿੱਥੇ ਸਰਕਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਘੱਟੋ-ਘੱਟ 15 ਦਿਨ ਵਧਾਉਣਾ ਚਾਹੀਦਾ ਹੈ, ਉਥੇ ਸੈਸ਼ਨ ਦੀ ਕਾਰਵਾਈ ਦਾ ਲਾਇਵ ਟੈਲੀਕਾਸਟ ਯਕੀਨੀ ਬਣਾਉਣ ਅਤੇ ਦਿਸ਼ਾ-ਨਿਰਦੇਸ਼ਾਂ ‘ਤੇ ਅਧਾਰਿਤ ਮੀਡੀਆ ਨੂੰ ਡੇਢ ਕਿਲੋਮੀਟਰ ਦੂਰ ਪੰਜਾਬ ਭਵਨ ‘ਚ ਬਿਠਾਉਣ ਦੀ ਥਾਂ ਪੰਜਾਬ ਵਿਧਾਨ ਸਭਾ ਕੰਪਲੈਕਸ ਅੰਦਰੋਂ ਹੀ ਮੀਡੀਆ ਕਵਰੇਜ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ।

‘ਆਪ’ ਵਿਧਾਇਕਾਂ ਦੀ ਬੈਠਕ ‘ਚ ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਸ਼ਾਮਲ ਹੋਏ ਜਦਕਿ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ ਨੇ ਵੀਡੀਓ ਕਾਲਿੰਗ ਰਾਹੀਂ ਸ਼ਮੂਲੀਅਤ ਕੀਤੀ।

ਬੈਠਕ ‘ਚ ਪਾਰਟੀ ਦੇ ਵਿਧਾਨ ਸਭਾ ‘ਚ ਦਫਤਰ ਸਕੱਤਰ ਮਨਜੀਤ ਸਿੰਘ ਸਿੱਧੂ ਅਤੇ ਸਹਾਇਕ ਦਫਤਰ ਸਕੱਤਰ ਸੁਦੇਸ਼ ਕੁਮਾਰ ਨੇ ਵੀ ਹਿੱਸਾ ਲਿਆ।

Share this Article
Leave a comment