ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ: 30 ਟਨ ਫੁੱਲਾਂ ਨਾਲ ਸਜਾਇਆ ਦਰਬਾਰ ਸਾਹਿਬ

TeamGlobalPunjab
1 Min Read

ਅੰਮ੍ਰਿਤਸਰ (ਅਵਤਾਰ ਸਿੰਘ) : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ 19 ਅਗਸਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਕੇਤਕ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਗੁਰਦੁਆਰਾ ਰਾਮਸਰ ਤੋਂ ਸ੍ਰੀ ਦਰਬਾਰ ਸਾਹਿਬ ਤਕ ਸਵੇਰੇ ਨਗਰ ਕੀਰਤਨ ਸਜਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਨੁਸਾਰ ਕਰੋਨਾ ਕਾਰਨ ਲਾਈਵ ਪ੍ਰਸਾਰਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤ ਘਰ ਬੈਠ ਕੇ ਹੀ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਦੇ ਪ੍ਰਸਾਰਨ ਨਾਲ ਜੁੜ ਸਕੇ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌਅ ਸਜਾਏ ਗਏ ਅਤੇ ਸ਼ਾਮ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਹੋਵੇਗੀ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ ਦਾ ਮਨਮੋਹਕ ਦ੍ਰਿਸ਼ ਪੇਸ਼ ਕਰਨ ਲਈ 25 ਤੋਂ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੁੱਲ ਕੋਲਕੱਤਾ, ਬੰਗਲੌਰ, ਪੁਣੇ, ਕੇਰਲਾ ਤੇ ਹੋਰ ਥਾਵਾਂ ਤੋਂ ਮੰਗਵਾਏ ਗਏ ਹਨ। ਇਸ ਵਾਰ ਕਰੋਨਾ ਕਾਰਨ ਵਿਦੇਸ਼ੀ ਫੁੱਲ ਨਹੀਂ ਮੰਗਵਾਏ ਗਏ ਹਨ। ਫੁੱਲਾਂ ਦੀ ਸਜਾਵਟ ਲਈ ਲਗਪਗ 80 ਤੋਂ ਵੱਧ ਕਾਰੀਗਰ ਯੂਪੀ ਅਤੇ ਬੰਗਾਲ ਤੋਂ ਆਏ। ਸਜਾਵਟ ਲਈ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਚ ਗੁਲਾਬ, ਲਿਲੀ, ਰਜਨੀਗੰਧਾ, ਜੈਸਮੀਨ, ਗੇਂਦਾ ਦੇ ਫੁੱਲ ਸ਼ਾਮਲ ਹਨ।

Share this Article
Leave a comment