ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ‘ਤੇ ਭਾਵੇਂ ਉਨ੍ਹਾਂ ਨੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਇਸ ਨੂੰ ਲੈ ਕੇ ਅਜੇ ਤੱਕ ਚੱਲ ਰਹੀਆਂ ਸਿਆਸੀ ਬਿਆਨਬਾਜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਦਿਨਕਰ ਗੁਪਤਾ ਵਿਰੁੱਧ ਮੁਕੱਦਮਾਂ ਦਰਜ ਕਰਨ ਦੀ ਮੰਗ ਉੱਠੀ ਸੀ ਉੱਥੇ ਹੀ ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਨੂੰ ਲੈ ਕੇ ਹੁਣ ਕਾਂਗਰਸੀ ਨੇਤਾ ਰਾਜ ਕੁਮਾਰ ਵੇਰਕਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਵੇਰਕਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਦੇਸ਼ ਦੀ ਆਣ ਮਾਣ ਅਤੇ ਸ਼ਾਨ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਦੇਸ਼ ਕਦੇ ਵੀ ਭੁਲਾਏਗਾ ਨਹੀਂ। ਵੇਰਕਾ ਨੇ ਕਿਹਾ ਕਿ ਡੀਜੀਪੀ ਵੱਲੋਂ ਵੀ ਆਪਣੇ ਬਿਆਨ ‘ਤੇ ਮਾਫੀ ਮੰਗ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਜੀਠੀਆ ਨੂੰ ਕਾਂਗਰਸ ਤੋਂ ਸਪੱਸ਼ਟੀਕਰਨ ਮੰਗਣ ਦੀ ਬਜਾਏ ਢੀਂਡਸਾ ਸਾਹਿਬ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਪੈਰ ਸੜਦੇ ਦੇਖ ਕੇ ਦੂਜਿਆਂ ‘ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਝੂਠੀ ਸਿਆਸਤ ਬੰਦ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਬਾਰੇ ਆਪਣੇ ਦਿੱਤੇ ਵਿਵਾਦ ਪੂਰਨ ਬਿਆਨ ਬਾਰੇ ਟਵੀਟ ਕਰਦਿਆਂ ਮਾਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਕਿਸੇ ਦੇ ਮਨ ਨੂੰ ਠੇਸ ਪੁਚਾਉਣ ਦਾ ਇਰਾਦਾ ਨਹੀਂ ਸੀ “ਪਰ ਫੇਰ ਵੀ ਮੇਰੇ ਸ਼ਬਦਾਂ ਨਾਲ ਜੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਦਿਲੋਂ ਅਫ਼ਸੋਸ ਜ਼ਾਹਿਰ ਕਰਦਾ ਹਾਂ।” ਦੱਸਣਯੋਗ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੇ ਇੱਕ ਪ੍ਰੋਗਰਾਮ ਦੌਰਾਨ ਆਪਣੇ ਬਿਆਨ ਵਿਚ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਨ ਵਾਲਾ ਵਿਅਕਤੀ ਇੱਕ ਟਰੇਂਡ ਅੱਤਵਾਦੀ ਬਣ ਸਕਦਾ ਹੈ।