ਗਰਮੀ ਵਿੱਚ ਪੈ ਰਹੀ ਗਰਮ ਲੂ ਤੋਂ ਕਰੋ ਬਚਾਅ

navdeep kaur
4 Min Read
Background for a hot summer or heat wave, orange sky with with bright sun and thermometer

ਨਿਊਜ਼ ਡੈਸਕ : ਜੇਕਰ ਰੋਜ਼ਾਨਾ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਾਂ ਬਾਹਰ ਰਹਿ ਕੇ ਕੰਮ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਸੂਰਜ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਤੁਹਾਨੂੰ ਲੂ ਲੱਗਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਲੂ ਲੱਗਣ ਦਾ ਪ੍ਰਮੁੱਖ ਕਾਰਨ ਸਰੀਰ ਵਿਚ ਲੂਣ ਅਤੇ ਪਾਣੀ ਦੀ ਕਮੀ ਦਾ ਹੋਣਾ ਹੈ। ਗਰਮੀ ਵਿਚ ਨਿਕਲਣ ਵਾਲੇ ਮੁੜ੍ਹਕੇ ਰਾਹੀਂ ਸਰੀਰ ਵਿਚੋਂ ਲੂਣ ਅਤੇ ਪਾਣੀ ਦਾ ਇਕ ਬਹੁਤ ਹਿੱਸਾ ਬਾਹਰ ਨਿਕਲ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ।
ਲੂ ਦੇ ਲੱਛਣ : ਲੂ ਲੱਗਣ ਦੇ ਕਈ ਲੱਛਣ ਹਨ ਜਿਵੇਂ ਸਿਰ ਵਿਚ ਭਾਰਾਪਣ ਹੋਣਾ, ਨਾੜੀ ਦੀ ਰਫ਼ਤਾਰ ਵਧਣਾ, ਖ਼ੂਨ ਦੀ ਰਫ਼ਤਾਰ ਤੇਜ਼ ਹੋ ਜਾਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਤੇਜ਼ ਬੁਖ਼ਾਰ, ਹੱਥਾਂ ਅਤੇ ਪੈਰਾਂ ਦੇ ਤਲਵਿਆਂ ਵਿਚ ਜਲਣ ਹੋਣਾ, ਅੱਖਾ ਵਿਚ ਜਲਣ ਆਦਿ। ਜੇਕਰ ਇਨ੍ਹਾਂ ਲੱਛਣਾਂ ਵਲ ਸਮੇਂ ਸਿਰ ਧਿਆਨ ਨਾ ਦਿਤਾ ਜਾਵੇ ਤਾਂ ਰੋਗੀ ਦੀ ਮੌਤ ਤਕ ਹੋ ਸਕਦੀ ਹੈ।

ਬਚਾਅ ਦੇ ਉਪਾਅ : ਜੇਕਰ ਤੁਸੀਂ ਅਪਣੀ ਸਿਹਤ ਦਾ ਖ਼ਿਆਲ ਨਹੀਂ ਰੱਖੋਗੇ ਤਾਂ ਬੀਮਾਰੀਆਂ ਤੁਹਾਨੂੰ ਜ਼ਿੰਦਾ ਨਹੀਂ ਰਹਿਣ ਦੇਣਗੀਆਂ। ਲੂ ਤੋਂ ਬਚਣ ਦੇ ਕੁੱਝ ਉਪਾਅ ਹੇਠਾਂ ਦਿਤੇ ਗਏ ਹਨ। ਤੁਸੀਂ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਦੇ ਸਮੇਂ ਇਕ ਕਪੜਾ ਅਪਣੇ ਨਾਲ ਜ਼ਰੂਰ ਰੱਖੋ ਤਾਕਿ ਉਸ ਨਾਲ ਅਪਣੇ ਸਿਰ, ਗਰਦਨ ਅਤੇ ਕੰਨ ਢੱਕ ਕੇ ਰੱਖ ਸਕੋ। ਪਾਣੀ ਕਈ ਬੀਮਾਰੀਆਂ ਦਾ ਇਲਾਜ ਹੈ। ਲੂ ਤੋਂ ਬਚਣ ਲਈ ਦਿਨ ਵਿਚ ਕਈ ਵਾਰ ਪਾਣੀ, ਨਿੰਬੂ ਪਾਣੀ ਪੀਉ। ਪਾਣੀ ਵਿਚ ਗਲੂਕੋਜ਼ ਪਾ ਕੇ ਪੀ ਲਉ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਤਾਂ ਦੂਰ ਹੋਵੇਗੀ ਹੀ, ਊਰਜਾ ਵੀ ਬਣੀ ਰਹੇਗੀ।

ਇਸ ਮੌਸਮ ਵਿਚ ਜ਼ਿਆਦਾ ਮਸਾਲੇ ਵਾਲਾ ਖਾਣਾ ਨਾ ਖਾਉ, ਇਸ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਅਜਿਹਾ ਖਾਣਾ ਖਾਉ ਜੋ ਆਸਾਨੀ ਨਾਲ ਪਚ ਸਕੇ। ਲੰਮੇ ਸਮੇਂ ਤਕ ਖ਼ਾਲੀ ਢਿੱਡ ਨਾ ਰਹੋ। ਸੱਤੂ ਦਾ ਘੋਲ ਪੀਉ, ਇਹ ਸੰਪੂਰਨ ਭੋਜਨ ਦਾ ਕੰਮ ਕਰਦਾ ਹੈ। ਇਸ ਮੌਸਮ ਵਿਚ ਖਰਬੂਜ਼ਾ, ਤਰਬੂਜ਼, ਅੰਗੂਰ, ਖੀਰਾ ਆਦਿ ਫਲਾਂ ਦਾ ਸੇਵਨ ਕਰੋ। ਗਰਮੀ ਦੇ ਮੌਸਮ ਵਿਚ ਅਜਿਹੇ ਕਪੜੇ ਪਹਿਨੋ, ਜੋ ਆਸਾਨੀ ਨਾਲ ਮੁੜ੍ਹਕਾ ਸੋਖ ਸਕਣ। ਹਲਕੇ ਸੂਤੀ ਰੰਗ ਦੇ ਕਪੜੇ ਹੀ ਪਾਉ, ਸੂਤੀ ਕਪੜੇ ਸਰੀਰ ਨੂੰ ਠੰਢਾ ਰਖਦੇ ਹਨ।
ਲੂ ਲੱਗਣ ’ਤੇ ਜੇਕਰ ਤੁਹਾਡੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਹੈ ਤਾਂ ਕਿਸੇ ਛਾਂਦਾਰ ਦਰਖ਼ੱਤ ਦੇ ਹੇਠਾਂ ਬੈਠ ਜਾਉ। ਮੁੜ੍ਹਕਾ ਸੁਕਾਉ ਅਤੇ ਹੱਥ, ਪੈਰ, ਮੂੰਹ ਪਾਣੀ ਨਾਲ ਧੋਵੋ, ਪਾਣੀ ਪੀਉ। ਜ਼ਿਆਦਾ ਸਮੱਸਿਆ ਹੋਣ ’ਤੇ ਡਾਕਟਰ ਨੂੰ ਜ਼ਰੂਰ ਦਿਖਾਉ। ਗਰਮੀ ਦੇ ਮੌਸਮ ਵਿਚ ਠੰਢੀ ਤਾਸੀਰ ਵਾਲੇ ਭੋਜਨ ਹੀ ਕਰੋ। ਇਸ ਵਿਚ ਤਾਜ਼ਾ ਮੁਸੰਮੀ ਫਲ ਉਤਮ ਰਹਿੰਦਾ ਹੈ।

ਜੇਕਰ ਲੂ ਲੱਗਣ ਨਾਲ ਤੇਜ਼ ਬੁਖ਼ਾਰ ਹੋ ਗਿਆ ਤਾਂ ਠੰਢੇ ਗਿੱਲੇ ਕਪੜੇ ਨਾਲ ਸਰੀਰ ਨੂੰ ਸਾਫ਼ ਕਰੋ। ਰੋਗੀ ਨੂੰ ਠੰਢੀ ਖੁਲ੍ਹੀ ਹਵਾ ਵਿਚ ਆਰਾਮ ਕਰਵਾਉ। ਪਿਆਸ ਬੁਝਾਉਣ ਲਈ ਨਿੰਬੂ ਦੇ ਰਸ ਵਿਚ ਮਿੱਟੀ ਦੇ ਘੜੇ ਜਾਂ ਸੁਰਾਹੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment