ਮੈਡ੍ਰਿਡ : ਕੈਨੇਡੀਅਨ ਪ੍ਰਧਾਨਮੰਤਰੀ ਦੀ ਪਤਨੀ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਬੇਗੋਨਾ ਗੋਮਜ਼ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਬੇਗੋਨਾ ਗੋਮਜ਼ ਦੀ ਜਾਂਚ ਰਿਪੋਰਟ ‘ਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਜਾਣਕਾਰੀ ਅਨੁਸਾਰ ਇਸ ਸਮੇਂ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਅਤੇ ਉਨ੍ਹਾਂ ਦੀ ਪਤਨੀ ਬੇਗੋਨਾ ਗੋਮੇਜ਼ ਦੀ ਹਾਲਤ ਠੀਕ ਹੈ। ਉਨ੍ਹਾਂ ਨੂੰ ਮੈਡਰਿਡ ਦੇ ਲਾ ਮੋਨਕਲੋਵਾ ਪੈਲੇਸ (La Moncloa Palace in Madrid) ‘ਚ ਉਨ੍ਹਾਂ ਦੀ ਰਿਹਾਇਸ਼ ‘ਤੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਬੀਤੇ ਦਿਨੀਂ ਸਪੇਨ ਦੀ ਸਮਾਨਤਾ ਮੰਤਰੀ ਆਇਰੀਨ ਮੌਂਟੇਰੋ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਤੇ ਉਪ ਪ੍ਰਧਾਨ ਮੰਤਰੀ ਅਤੇ ਰਾਜਨੀਤਿਕ ਦਲ ਪੋਡੇਮੋਸ ਦੇ ਨੇਤਾ ਪੈਬਲੋ ਇਗਲੇਸੀਆਸ ਦੇ ਨਾਲ ਅਲੱਗ ਤੋਂ ਰੱਖਿਆ ਗਿਆ ਹੈ। ਉੱਧਰ ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗਰੈਗਰੀ ਟਰੂਡੋ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਲੱਗ ਤੋਂ ਆਇਸੋਲੇਸ਼ਲ ਵਾਰਡ ਵਿੱਚ ਰੱਖਿਆ ਗਿਆ ਹੈ।
ਸਪੇਨ ਵਿੱਚ ਕੋਰੋਨਾ ਵਾਇਰਸ (COVID-19) ਨਾਲ ਹੁਣ ਤੱਕ 193 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 6,250 ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ।
ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਦੇਸ਼ ‘ਚ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਪ੍ਰਧਾਨ ਮੰਤਰੀ ਸੈਂਚੇਜ਼ ਨੇ ਸਪੇਨ ਦੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਸਾਰੇ ਰੈਸਟੋਰੈਂਟ, ਬਾਰ, ਹੋਟਲ ਅਤੇ ਸਿੱਖਿਆ ਕੇਂਦਰ ਬੰਦ ਹੋ ਜਾਣਗੇ। ਸੋਮਵਾਰ ਦੀ ਸਵੇਰ ਤੋਂ ਇਹ ਫੈਸਲਾ ਪੂਰੇ ਸਪੇਨ ਵਿੱਚ ਲਾਗੂ ਹੋ ਜਾਵੇਗਾ।