ਨਿਊਜ਼ ਡੈਸਕ: ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਲਗਰ ਨੇ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਵਿਰਾਟ ਨੇ ਇਕ ਟੈਸਟ ਮੈਚ ਦੌਰਾਨ ਉਸ ‘ਤੇ ਥੁੱਕਿਆ ਸੀ। ਫਿਰ ਦੋ ਸਾਲ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਸਾਥੀ ਏਬੀ ਡਿਵਿਲੀਅਰਜ਼ ਦੇ ਕਹਿਣ ‘ਤੇ ਉਸ ਨੇ ਐਲਗਰ ਤੋਂ ਮੁਆਫੀ ਮੰਗੀ ਸੀ।
ਐਲਗਰ ਨੇ ਦਸੰਬਰ ’ਚ ਭਾਰਤ ਵਿਰੁਧ ਦਖਣੀ ਅਫਰੀਕਾ ਦੀ ਘਰੇਲੂ ਮੈਦਾਨ ’ਤੇ ਦੋ ਟੈਸਟ ਮੈਚਾਂ ਦੀ ਲੜੀ ਖਤਮ ਹੋਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਰੈਗੂਲਰ ਕਪਤਾਨ ਤੇਂਬਾ ਬਾਵੁਮਾ ਦੀ ਗੈਰਹਾਜ਼ਰੀ ’ਚ ਉਨ੍ਹਾਂ ਨੇ ਇਸ ਮੈਚ ’ਚ ਟੀਮ ਦੀ ਕਮਾਨ ਸੰਭਾਲੀ ਸੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਇਹ ਘਟਨਾ ਕਿਸ ਸੀਰੀਜ਼ ’ਚ ਵਾਪਰੀ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਹ 2015 ’ਚ ਦਖਣੀ ਅਫਰੀਕਾ ਦਾ ਭਾਰਤ ਦੌਰਾ ਹੋ ਸਕਦਾ ਹੈ। ਐਲਗਰ ਨੇ ਕਿਹਾ ਕਿ ਉਨ੍ਹਾਂ ਦਾ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਨਾਲ ਝਗੜਾ ਹੋਇਆ ਸੀ।
ਐਲਗਰ ਨੇ ਕਿਹਾ, ‘‘ਭਾਰਤ ਦੀਆਂ ਪਿਚਾਂ ਮਜ਼ਾਕ ਵਰਗੀਆਂ ਸਨ। ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸ਼ਵਿਨ ਅਤੇ ਕੀ ਨਾਮ ਹੈ ਉਸ ਦਾ ਜਾਜੇਜਾ। ਜਾ-ਜਾ-ਜਾਜੇਜਾ (ਕਿਸੇ ਨੇ ਜਡੇਜਾ ਨੂੰ ਪਿੱਛੇ ਤੋਂ ਕਿਹਾ) ‘ਮੈਂ ‘ਜਾ-ਜਾ-ਜਾਜੇਜਾ’ ਤੋਂ ਅਪਣਾ ਬਚਾਅ ਕਰ ਰਿਹਾ ਹਾਂ ਅਤੇ ਕੋਹਲੀ ਨੇ ਮੇਰੇ ’ਤੇ ਥੁੱਕ ਦਿਤਾ।’’ ਐਲਗਰ ਨੇ ਦਾਅਵਾ ਕੀਤਾ ਕਿ ਉਸ ਨੇ ਬਦਲੇ ’ਚ ਕੋਹਲੀ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ।
ਦਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਜਦੋਂ ਡਿਵਿਲੀਅਰਜ਼ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਮਾਮਲਾ ਅਪਣੇ ਦੋਸਤ ਅਤੇ ਆਰ.ਸੀ.ਬੀ. ਟੀਮ ਦੇ ਸਾਥੀ ਕੋਲ ਉਠਾਇਆ। ਐਲਗਰ ਨੇ ਇਹ ਨਹੀਂ ਦਸਿਆ ਕਿ ਡਿਵਿਲੀਅਰਜ਼ ਨੇ ਕੋਹਲੀ ਨਾਲ ਇਸ ਘਟਨਾ ਬਾਰੇ ਕਦੋਂ ਚਰਚਾ ਕੀਤੀ? ਐਲਗਰ ਨੇ ਕਿਹਾ, ‘‘ਮੈਨੂੰ ਅਹਿਸਾਸ ਹੋਇਆ ਕਿ ਡਿਵਿਲੀਅਰਜ਼ ਨੂੰ ਪਤਾ ਸੀ ਕਿ ਉਸ ਨੇ ਕੀ ਕੀਤਾ ਹੈ ਅਤੇ ਉਹ ਉਸ ਕੋਲ ਗਿਆ ਅਤੇ ਕਿਹਾ ਕਿ ਯਾਰ, ਤੁਸੀਂ ਮੇਰੇ ਸਾਥੀ ’ਤੇ ਥੁੱਕ ਕਿਉਂ ਰਹੇ ਹੋ, ਇਹ ਚੰਗਾ ਨਹੀਂ ਹੈ ਅਤੇ ਦੋ ਸਾਲ ਬਾਅਦ ਉਸ (ਕੋਹਲੀ) ਨੇ ਦਖਣੀ ਅਫਰੀਕਾ ਵਿਚ ਇਕ ਮੈਚ ਦੌਰਾਨ ਮੈਨੂੰ ਇਕ ਪਾਸੇ ਬੁਲਾਇਆ ਅਤੇ ਕਿਹਾ ਕਿ ਕੀ ਅਸੀਂ ਸੀਰੀਜ਼ ਦੇ ਅੰਤ ਵਿਚ ਬੈਠ ਕੇ ਡ੍ਰਿੰਕ ਕਰ ਸਕਦੇ ਹਾਂ।’’ ਐਲਗਰ ਮੁਤਾਬਕ ਕੋਹਲੀ ਨੇ ਕਿਹਾ, ‘‘ਮੈਂ ਅਪਣੀ ਹਰਕਤ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ।’’
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।