ਵਾਸ਼ਿੰਗਟਨ: ਅਮਰੀਕਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਸਵੀਕਾਰ ਕਰ ਲਿਆ ਹੈ ਕਿ ਇਰਾਨ ਵਲੋਂ ਕੀਤੇ ਗਏ ਹਮਲੇ ਵਿੱਚ ਅਮਰੀਕਾ ਦੇ 34 ਫੌਜੀ ਜ਼ਖ਼ਮੀ ਹੋਏ ਹਨ। ਦੱਸ ਦਈਏ ਕਿ ਕੁਦਸ ਫੋਰਸ ਦੇ ਮੁੱਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਇਰਾਕ ਵਿੱਚ ਅਮਰੀਕੀ ਏਅਰਬੇਸ ‘ਤੇ ਹਮਲਾ ਕੀਤਾ ਸੀ। ਸੁਲੇਮਾਨੀ ‘ਤੇ ਅਮਰੀਕੀ ਸੁਰੱਖਿਆ ਏਜੰਸੀ ਪਿਛਲੇ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੀਆਂ ਸਨ।
ਪੈਂਟਾਗਨ ਵੱਲੋਂ ਸਫਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਰਾਨੀ ਹਮਲੇ ਵਿੱਚ 34 ਅਮਰੀਕੀ ਜਵਾਨਾਂ ਨੂੰ ਦਿਮਾਗੀ ਸੱਟ ਲੱਗੀ। ਇਰਾਨ ਨੇ 8 ਜਨਵਰੀ ਨੂੰ ਇਰਾਕ ‘ਚ ਮੌਜੂਦ ਅਮਰੀਕੀ ਹਵਾਈ ਸੈਨਾ ਦੇ ਅੱਡਿਆਂ ‘ਤੇ ਹਮਲਾ ਕੀਤਾ ਸੀ। ਇਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਵਿੱਚ 80 ਅਮਰੀਕੀ ਜਵਾਨ ਮਾਰੇ ਗਏ ਸਨ। ਹਾਲਾਂਕਿ ਉਸ ਸਮੇਂ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਹਮਲੇ ਤੋਂ ਠੀਕ ਪਹਿਲਾਂ ਪੈਂਟਾਗਨ ਵਾਰਨਿੰਗ ਸਿਸਟਮ ਦੇ ਕਾਰਨ ਸਾਰੇ ਫੌਜੀ ਬੰਕਰਾਂ ‘ਚ ਚਲੇ ਗਏ ਸਨ, ਜਿਸ ਕਾਰਨ ਸੈਨਿਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ।
ਇਰਾਨ ਨੇ ਦੋ ਦਰਜਨ ਮਿਜ਼ਾਇਲਾਂ ਦਾਗੀਆਂ ਸਨ ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਦੇ ਬਾਵਜੂਦ 8 ਜਨਵਰੀ ਨੂੰ ਸਵੇਰੇ ਸਾਢੇ 5 ਵਜੇ ਇਰਾਨ ਨੇ ਇੱਕ ਵਾਰ ਫਿਰ ਇਰਾਕ ਸਥਿਤ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਦਰਜਨ ਤੋਂ ਜ਼ਿਆਦਾ ਮਿਜ਼ਾਇਲਾਂ ਦਾਗੀਆਂ ਹਨ। ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਖੁਦ ਪੈਂਟਾਗਨ ਨੇ ਕੀਤੀ ਹੈ। ਇਰਾਨ ਵਲੋਂ ਕੀਤੇ ਗਏ ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਸੀ, ਆਲ ਇਜ਼ ਵੈੱਲ।