ਚੰਨੀ ਤੇ ਸਿੱਧੂ ਦੋਵੇਂ ਹੋਣਗੇ 2022 ਚੋਣ ਦੇ ਚਿਹਰੇ: ਹਰੀਸ਼ ਰਾਵਤ ਦੇ ਬਿਆਨ ਦੀ ਅਲੋਚਨਾ ਤੋਂ ਬਾਅਦ ਸੂਰਜੇਵਾਲਾ ਦਾ ਪੱਖ

TeamGlobalPunjab
2 Min Read

ਨਵੀਂ ਦਿੱਲੀ : ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ 2022 ਦੀਆਂ ਚੋਣਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਗਰ ਖੜ੍ਹੇ ਹੋ ਕੇ ਲੜਨ ਦੇ ਬਿਆਨ ਦੀ ਆਲੋਚਨਾ ਤੋਂ ਬਾਅਦ ਹੁਣ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਪੱਖ ਰੱਖਿਆ ਹੈ।

ਰਾਵਤ ਦੇ ਬਿਆਨ ‘ਚ ਸੁਧਾਰ ਕਰਦਿਆਂ ਸੁਰਜੇਵਾਲਾ ਨੇ ਕਿਹਾ ਕਿ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੋਵੇਂ ਹੀ 2022 ਲਈ ਕਾਂਗਰਸ ਦਾ ਚਿਹਰਾ ਹੋਣਗੇ। ਉਨ੍ਹਾਂ ਕਿਹਾ ਕਿ ਚੰਨੀ ਬਤੌਰ ਮੁੱਖ ਮੰਤਰੀ ਕਾਂਗਰਸ ਦਾ ਚਿਹਰਾ ਹੋਣਗੇ ਜਦਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਸਿੱਧੂ ਵੀ ਉਨ੍ਹਾਂ ਦੇ ਨਾਲ ਕਾਂਗਰਸ ਦਾ ਚਿਹਰਾ ਹੋਣਗੇ ਅਤੇ ਸਾਰੇ ਬਾਕੀ ਆਗੂ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਲਈ ਕੰਮ ਕਰਨਗੇ।

ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਕਿਹਾ ਸੀ ਕਿ 2022 ਵਿੱਚ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੇ ਮਗਰ ਖੜ੍ਹਕੇ ਹੀ ਕਾਂਗਰਸ ਪਾਰਟੀ ਚੋਣ ਲੜੇਗੀ। ਰਾਵਤ ਦੇ ਇਸ ਬਿਆਨ ’ਤੇ ਵਿਰੋਧੀ ਧਿਰਾਂ ਨੇ ਤੋਂ ਇਲਾਵਾ ਸੁਨੀਲ ਜਾਖ਼ੜ ਨੇ ਟਵੀਟ ਕਰਕੇ ਇਸ ਬਿਆਨ ਦੀ ਅਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰਾਜ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਚੰਨੀ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਆਇਆ ਰਾਵਤ ਦਾ ਸਿੱਧੂ ਦੀ ਅਗਵਾਈ ਵਿੱਚ 2022 ਚੋਣ ਲੜਨ ਵਾਲਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਸੀ ਕਿ ਇਹ ਨਾਂ ਸਿਰਫ ਮੁੱਖ ਮੰਤਰੀ ਦੀ ਅਥਾਰਟੀ ਨੂੰ ਘਟਾ ਕੇ ਦਰਸਾਉਣ ਵਾਲੀ ਗੱਲ ਹੋਵੇਗੀ ਸਗੋਂ ਉਸ ਮੰਤਵ ’ਤੇ ਵੀ ਪ੍ਰਸ਼ਨ ਚਿੰਨ ਲਾਵੇਗੀ ਜਿਸ ਮੰਤਵ ਨਾਲ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ।

Share this Article
Leave a comment