ਮੁੱਖ ਮੰਤਰੀ ਦਾ ਅਪਰਾਧਿਕ ਗਤੀਵਿਧੀਆਂ ਖਿਲਾਫ ਵੱਡਾ ਫ਼ੈਸਲਾ, ਐਂਟੀ ਗੈਂਗਸਟਰ ਟਾਸਕ ਫੋਰਸ ਦਾ ਹੋਵੇਗਾ ਗਠਨ

TeamGlobalPunjab
5 Min Read

ਚੰਡੀਗੜ੍ਹ: ਪੰਜਾਬ ਵਿੱਚ ਹੁਣ ਗੈਂਗਸਟਰਾਂ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ, ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ। ਭਗਵੰਤ ਮਾਨ ਨੇ  ਪੰਜਾਬ ਵਿਰੋਧੀ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ।  ਜਿਸ ਦੀ ਅਗਵਾਈ ADGP ਰੈਂਕ ਦੇ ਅਫਸਰ ਕਰਨਗੇ।ਗੈਂਗਸਟਰਾਂ ‘ਤੇ ਕੇਸ ਦਰਜ ਕਰਨ ਤੋਂ ਲੈ ਕੇ ਸਜ਼ਾ ਦਵਾਉਣ ਤੱਕ ਦੀ ਜ਼ਿੰਮੇਵਾਰੀ ਟਾਸਕ ਫੋਰਸ ਦੀ ਹੀ ਹੋਵੇਗੀ। ਇਸ ਰਾਹੀਂ ਪੰਜਾਬ ਵਿੱਚ ਅਪਰਾਧ ਨੂੰ ਖਤਮ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦਾ SSP ਅਤੇ ਪੁਲਿਸ ਕਮਿਸ਼ਨਰ ਟਾਸਕ ਫੋਰਸ ਦੇ ਨਾਲ ਤਾਲਮੇਲ ਰੱਖੇਗਾ।

ਪੁਲਿਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਸੰਗਠਿਤ ਅਪਰਾਧ ਦੇ ਖਾਤਮੇ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸ ਤੰਤਰ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਮੁੱਖ ਤਰਜੀਹ ਹੈ। ਉਨ੍ਹਾਂ ਨੇ ਨਸ਼ਿਆਂ ਦੇ ਵਪਾਰ ਅਤੇ ਕਬੱਡੀ ਜਗਤ ਵਿੱਚ ਪਹਿਲਾਂ ਹੀ ਆਪਣੇ ਪੈਰ ਪਾਸਾਰ ਚੁੱਕੇ ਇਸ ਗਠਜੋੜ ਨੂੰ ਤੋੜਨ ਲਈ ਪੁਲਿਸ ਫੋਰਸ ਨੂੰ ਫੰਡਾਂ ਤੋਂ ਇਲਾਵਾ ਲੋੜੀਂਦੇ ਸਟਾਫ਼, ਨਵੀਨਤਮ ਸਾਜ਼ੋ-ਸਾਮਾਨ ਅਤੇ ਸੂਚਨਾ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏ.ਜੀ.ਟੀ.ਐਫ. ਦੇਸ਼ ਵਿੱਚ ਅਜਿਹੀਆਂ ਵਿਸ਼ੇਸ਼ ਯੂਨਿਟਾਂ ਦੀ ਤਰਜ਼ ‘ਤੇ ਖੁਫੀਆ ਜਾਣਕਾਰੀ ਹਾਸਲ ਕਰਨਾ, ਕਾਰਵਾਈਆਂ ਕਰਨ, ਐਫ.ਆਈ.ਆਰਜ਼ ਦਰਜ ਕਰਨ, ਜਾਂਚ ਅਤੇ ਮੁਕੱਦਮਾ ਚਲਾਉਣ ਦਾ ਕੰਮ ਕਰੇਗੀ। ਜ਼ਿਲ੍ਹਿਆਂ ਦੇ ਪੁਲੀਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਸੰਗਠਿਤ ਅਪਰਾਧਾਂ ਵਿਰੁੱਧ ਆਪਸੀ ਤਾਲਮੇਲ ਨਾਲ ਯਤਨ ਕਰਨ ਦੇ ਨਿਰਦੇਸ਼ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਭਰ ਵਿੱਚ ਸੰਗਠਿਤ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਲਈ ਸੂਬਾ ਪੱਧਰੀ ਅਧਿਕਾਰ ਖੇਤਰ ਵਾਲੇ ਨਵੇਂ ਥਾਣਿਆਂ ਨੂੰ ਜਲਦ ਹੀ ਨੋਟੀਫਾਈ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਗੈਂਗਸਟਰਾਂ ਵੱਲੋਂ ਫੈਲਾਈ ਦਹਿਸ਼ਤ ਨੂੰ ਦੂਰ ਕੀਤਾ ਜਾ ਸਕੇ।

ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ ਅਤੇ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

- Advertisement -

ਸੰਗਰੂਰ ਜ਼ਿਲ੍ਹੇ ਵਿੱਚ ਅਪਰਾਧ ਦੀ ਦਰ ਵਿੱਚ ਭਾਰੀ ਗਿਰਾਵਟ ਲਿਆਉਣ ਸਬੰਧੀ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਨੇ ਆਪਣੇ ਐਮ.ਪੀ. ਫੰਡ ਵਿੱਚੋਂ ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਵਿੱਚ ਸਥਾਨਕ ਪੁਲਿਸ ਸਟੇਸ਼ਨਾਂ ਨਾਲ ਜੁੜੇ ਵਾਈ-ਫਾਈ ਸੀਸੀਟੀਵੀ ਕੈਮਰੇ ਲਾਉਣ ਦੀ ਪਹਿਲਕਦਮੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ, “ਇਸ ਪ੍ਰਾਜੈਕਟ ਤਹਿਤ ਬਹੁਤ ਘੱਟ ਕੀਮਤ ‘ਤੇ ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਨੇ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ।”

ਰੋਜ਼ਾਨਾ ਵਾਪਰਦੇ ਘਾਤਕ ਸੜਕ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਚਲੇ ਜਾਣ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਕਾਰਨ ਹਰੇਕ ਸਾਲ 5500 ਤੋਂ ਵੱਧ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ 1.5 ਲੱਖ ਦੇ ਕਰੀਬ ਲੋਕ ਇਸ ਕਾਰਨ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਡੀ.ਜੀ.ਪੀ. ਨੂੰ ਕਿਹਾ ਕਿ ਉਹ ਹਾਈਵੇ ਪੈਟਰੋਲਿੰਗ ਪੁਲਿਸ ਦਾ ਇੱਕ ਵੱਖਰਾ ਵਿੰਗ ਬਣਾਉਣ ਲਈ ਇੱਕ ਵਿਆਪਕ ਤਜਵੀਜ਼ ਲੈ ਕੇ ਆਉਣ ਤਾਂ ਕਿ ਟ੍ਰੈਫਿਕ ਜਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਨਾਲ-ਨਾਲ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ ਜਿਸ ਨਾਲ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਸ਼ਹੂਰ ਟੀ.ਵੀ. ਹਸਤੀ ਜਸਪਾਲ ਭੱਟੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ 136 ਬਲੈਕ ਸਪਾਟਸ (ਦੁਰਘਟਨਾਗ੍ਰਸਤ ਥਾਵਾਂ) ਦੀ ਪਛਾਣ ਕੀਤੀ ਗਈ ਸੀ ਪਰ ਬਦਕਿਸਮਤੀ ਨਾਲ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਨੇ ਹਰੇਕ ਪੁਲਿਸ ਵਾਹਨ ਵਿੱਚ ਇੱਕ ਫਸਟ ਏਡ ਕਿੱਟ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਲੋੜ ਪੈਣ ਉਤੇ ਸੜਕ ‘ਤੇ ਹੀ ਕਿਸੇ ਵੀ ਜ਼ਖਮੀ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।

ਭਗਵੰਤ ਮਾਨ ਨੇ ਫੀਲਡ ਅਤੇ ਹੈੱਡਕੁਆਰਟਰ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਦੇ ਪਾਬੰਦ ਰਹਿਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਤਾਂ ਜੋ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਬਲ ਨੂੰ ਆਪਣਾ ਅਕਸ ਸੁਧਾਰਨ ਵਿੱਚ ਮਦਦ ਮਿਲੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment