ਓਨਟਾਰੀਓ ਦੇ ਸਕੂਲਾਂ ‘ਤੇ ਮੰਡਰਾਅ ਰਿਹੈ ਹੜਤਾਲ ਦਾ ਖ਼ਤਰਾ

Prabhjot Kaur
2 Min Read

ਟੋਰਾਂਟੋ: ਓਨਟਾਰੀਓ ਦੇ ਸਕੂਲਾਂ ‘ਤੇ ਹੜਤਾਲ ਦਾ ਖ਼ਤਰਾ ਮੰਡਰਾਅ ਰਿਹਾ ਹੈ ਅਤੇ ਮਾਪੇ ਇਸ ਨੂੰ ਲੈ ਕੇ ਪਰੇਸ਼ਾਨ ਹਨ ਕਿ ਅੱਗੇ ਕੀ ਹੋਵੇਗਾ। ਮੰਗਾਂ ਨਾਂ ਮੰਨੇ ਜਾਣ ਦੀ ਸੂਰਤ ‘ਚ 96 ਫ਼ੀਸਦੀ ਤੋਂ ਵੱਧ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਰਾਹ ਚੁਣਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਹੁਣ ਸਭ ਕੁਝ ਸੂਬਾ ਸਰਕਾਰ ਅਤੇ ਮੁਲਾਜ਼ਮ ਯੂਨੀਅਨ ਦੇ ਆਗੂਆਂ ਵਿਚਾਲੇ ਹੋਣ ਵਾਲੀ ਗੱਲਬਾਤ ’ਤੇ ਨਿਰਭਰ ਕਰੇਗਾ।

ਮੁਲਾਜ਼ਮਾਂ ਦਾ ਫਤਵਾ ਹੜਤਾਲ ਦੇ ਹੱਕ ‘ਚ ਹੈ ਪਰ ਜਦੋਂ ਤੱਕ ਮੰਗਾਂ ਨਾਲ ਸਬੰਧਤ ਗੱਲਬਾਤ ਜਾਰੀ ਰਹੇਗੀ ਸਕੂਲਾਂ ਵਿੱਚ ਸਰਗਰਮੀਆਂ ਵੀ ਆਮ ਵਾਂਗ ਹੀ ਜਾਰੀ ਰਹਿਣਗੀਆਂ। ਸਰਕਾਰ ਨਾਲ ਗੱਲਬਾਤ ਠੱਪ ਹੋਣ ਦੀ ਸੂਰਤ ‘ਚ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੋਈਜ਼ ਨੂੰ 5 ਦਿਨ ਦਾ ਨੋਟਿਸ ਦੇਣਾ ਪਵੇਗਾ ਅਤੇ ਇਸ ਤੋਂ ਬਾਅਦ ਹੀ ਹੜਤਾਲ ਸ਼ੁਰੂ ਹੋ ਸਕਦੀ ਹੈ। ਆਖਰੀ ਵਾਰ ਸਿੱਖਿਆ ਖੇਤਰ ਦੇ ਕਾਮਿਆਂ ਵਲੋਂ 2019 ਵਿਚ ਓਨਟਾਰੀਓ ਸਰਕਾਰ ਨਾਲ ਮੰਗਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਅੰਤਮ ਸਮੇਂ ਦੌਰਾਨ ਬਣੀ ਸਹਿਮਤੀ ਨੇ ਮਸਲਾ ਸੁਲਝਾ ਦਿੱਤਾ। ਇਸ ਵਾਰ ਮੁਲਾਜ਼ਮ ਯੂਨੀਅਨ ਪ੍ਰਤੀ ਘੰਟਾ ਉਜਰਤ ਦਰ ‘ਚ 3.25 ਡਾਲਰ ਦਾ ਵਾਧਾ ਕਰਨ ਜਾਂ ਸਾਲਾਨਾ ਤਨਖਾਹ 11.7 ਫ਼ੀਸਦੀ ਵਧਾਉਣ ਦੀ ਮੰਗ ਕਰ ਰਹੀ ਹੈ।

ਯੂਨੀਅਨ ਦੀ ਦਲੀਲ ਹੈ ਕਿ ਬਿੱਲ 124 ਕਾਰਨ ਤਨਖਾਹਾਂ ਵਧਣ ਦੀ ਦਰ ਸੀਮਤ ਹੋ ਗਈ, ਜਿਸ ਕਰ ਕੇ ਮਹਿੰਗਾਈ ਦੇ ਹਿਸਾਬ ਨਾਲ ਆਮਦਨ ਵਿੱਚ ਵਾਧਾ ਨਹੀਂ ਹੋਇਆ। ਹੁਣ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਕਿ 40 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਆਮਦਨ ਵਾਲਿਆਂ ਦੀ ਤਨਖਾਹ 2 ਫ਼ੀਸਦੀ ਵਧਾਈ ਜਾ ਸਕਦੀ ਹੈ ਜਦਕਿ ਬਾਕੀਆਂ ਦੀ ਤਨਖਾਹ ਵਿਚ ਸਵਾ ਫ਼ੀਸਦੀ ਵਾਧਾ ਕਰ ਦਿੱਤਾ ਜਾਵੇਗਾ। ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਰੋਜ਼ਾਨਾ ਤਿਆਰੀ ਲਈ 30 ਮਿੰਟ ਦੀ ਅਦਾਇਗੀ ਕੀਤੀ ਜਾਵੇ ਅਤੇ ਓਵਰਟਾਈਮ ਵੀ ਵਧਾਇਆ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment