ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ
ਓਅੰਕਾਰੁ ਬਾਣੀ : ਸੰਗੀਤਕ ਪਰਿਪੇਖ
*ਡਾ. ਗੁਰਨਾਮ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚ ਦਰਸਾਏ ਗਏ ਵਿਭਿੰਨ ਰਾਗ, ਗਾਇਨ ਰੂਪ ਤੇ ਸਿਰਲੇਖ ਸੰਗੀਤਕ ਸੰਕੇਤ ਇਸ ਗ੍ਰੰਥ ਦੀਆਂ ਰਚਨਾਵਾਂ ਦੇ ਵਿਸ਼ਿਸ਼ਟ ਸੰਗੀਤਮਈ ਰਚਨਾ ਹੋਣ ਦਾ ਪਰਮਾਣਿਕ ਪਰਮਾਣ ਹਨ। ਸਮੁੱਚੀ ਬਾਣੀ ਨੂੰ ਨਿਸ਼ਚਿਤ ਸੰਗੀਤ ਵਿਧਾਨ ਦਾ ਅਨੁਸਾਰੀ ਬਣਾਉਣ ਦਾ ਮਨੋਰਥ ਹਰੇਕ ਬਾਣੀ ਦੀ ਗਾਇਨ ਮੁਖੀ ਪ੍ਰਕਿਰਤੀ ਹੈ। ਇਸ ਬਾਣੀ ਦਾ ਸੰਚਾਰ ਸ਼ਬਦ ਕੀਰਤਨ ਦੀ ਜੁਗਤ ਦੁਆਰਾ ਹੋਣਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵਿਭਿੰਨ ਕਾਵਿ ਰੂਪਾਂ ਦੇ ਪ੍ਰਯੋਗ ਤੋਂ ਇਲਾਵਾ ਸੰਗੀਤ ਦੀਆਂ ਕਈ ਪ੍ਰਭਾਵਸ਼ਾਲੀ ਜੁਗਤਾਂ ਤੇ ਵਿਧੀਆਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਸਿੱਖ ਧਰਮ ਦੀ ਗੁਰਮਤਿ ਪਰੰਪਰਾ ਦੀ ਮੌਲਿਕਤਾ ਤੇ ਵਿਸ਼ਸ਼ਟ ਵਿਗਿਆਨਕਤਾ ਦੇ ਮੂਲ ਅਧਾਰ ਵਜੋਂ ਸਰੂਪਤ ਹੋ ਰਹੀਆਂ ਹਨ।
ਇਸ ਸੰਦਰਭ ਵਿਚ ਗੁਰੂ ਨਾਨਕ ਬਾਣੀ ਦੀ ਰਚਨਾ ਓਅੰਕਾਰੁ ਦਾ ਅਧਿਐਨ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਨੂੰ ਸੋਧਣ ਹਿਤ ਬਾਣੀ ਦੇ ਸੰਚਾਰ ਲਈ ਪ੍ਰਯੋਗ ਕਈ ਜੁਗਤਾਂ ਤੇ ਵਿਧੀਆਂ ਮੂਰਤੀਮਾਨ ਹੁੰਦੀਆਂ ਹਨ। ਬਾਣੀ ਦੇ ਅਧਿਐਨਕਾਰ ਇਸ ਤੱਥ ਤੋਂ ਭਲੀਭਾਂਤ ਪਰਿਚਤ ਹਨ ਕਿ ਓਅੰਕਾਰੁ ਬਾਣੀ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਪੰਡਿਤਾਂ ਨੂੰ ਉਪਦੇਸ਼ ਦਿੱਤਾ ਹੈ ਜੋ ਨਰਬਦਾ ਨਦੀ ਉਤੇ ਸਥਿਤ ਮਹਾਦੇਵ ਦੇ ਓਅੰਕਾਰੁ ਮੰਦਰ (ਨਰਬਦਾ ਤੇ ਦੱਖਣੀ ਕਿਨਾਰੇ ਤੇ ਸਥਿਤ) ਵਿਚ ਅਸਥਾਪਨ ਮੂਰਤੀ ਦੇ ਰੂਪ ਵਿਚ ਪੂਜ ਰਹੇ ਸਨ। ਗੁਰੂ ਸਾਹਿਬ ਨੇ ਓਅੰਕਾਰੁ ਦੇ ਸਰਬ ਵਿਆਪਕ ਪਰਮਾਤਮ ਸਰੂਪ ਦੀ ਉਚਤਾ ਅਤੇ ਮਹਿਮਾ ਦਾ ਵਿਖਿਆਨ ਕੀਤਾ ਅਤੇ ਨਾਲ ਹੀ ਉਅੰਕਾਰੁ ਬਾਣੀ ਵਿਚ ਪੱਟੀ ਵਾਗੂੰ ਅੱਖਰਾਂ ਦੀ ਬੁਣਤ ਦੁਆਰਾ 54 ਪਉੜੀਆਂ ਵਿਚ ਉਪਦੇਸ਼ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਓਅੰਕਾਰੁ ਬਾਣੀ ਦਾ ਸਿਰਲੇਖ ਇਸ ਪ੍ਰਕਾਰ ਹੈ :
- Advertisement -
੧ਓ ਸਤਿਗੁਰ ਪ੍ਰਸਾਦਿ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ਇਸ ਤੋਂ ਪਹਿਲਾਂ ਅਸੀਂ ਉਕਤ ਸਿਰਲੇਖ ਅਨੁਸਾਰ ਰਾਗ ਰਾਮਕਲੀ ਦਖਣੀ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਓਅੰਕਾਰੁ ਬਾਣੀ ਦੀਆਂ ਵਿਭਿੰਨ ਸੰਗੀਤਕ ਜੁਗਤਾਂ ਤੇ ਵਿਧੀਆਂ ਸਬੰਧੀ ਵਿਚਾਰ ਕਰੀਏ ਤਾਂ ਓਅੰਕਾਰੁ ਦੇ ਧੁਨੀਆਤਮਕ ਮਹੱਤਵ ਸਬੰਧੀ ਸੰਖੇਪ ਪਰਿਚਯ ਜ਼ਰੂਰੀ ਪ੍ਰਤੀਤ ਹੁੰਦਾ ਹੈ।
ਓਅੰ ਦਾ ਅਖੰਡ ਬ੍ਰਹਿਮੰਡੀ ਧੁਨੀ ਵਜੋਂ ਵਿਸ਼ੇਸ਼ ਮਹੱਤਵ ਹੈ। ਇਸ ਧੁਨੀ ਦੇ ਨਾਦਾਤਮਕ ਰੂਪ ਨੂੰ ਬ੍ਰਹਮ ਸਰੂਪ ਸਵੀਕਾਰਿਆ ਜਾਂਦਾ ਹੈ ਤੇ ਅਧਿਆਤਮਕ, ਯੋਗ ਤੇ ਸੰਗੀਤ ਦੇ ਖੇਤਰ ਵਿਚ ਇਸ ਦੀ ਵਿਸ਼ੇਸ਼ ਰੂਪ ਵਿਚ ਸਾਧਨਾ ਕੀਤੀ ਜਾਂਦੀ ਹੈ ਜਿਸ ਦੇ ਅਸੀਮ ਗੁਣਾਂ ਦਾ ਵਿਖਿਆਨ ਇਨ੍ਹਾਂ ਦੇ ਸਿਧਾਂਤਕ ਤੇ ਵਿਵਹਾਰਕ ਖੇਤਰਾਂ ਵਿਚ ਉਪਲਬਧ ਹੈ। ਗਾਇਨ ਸੰਗੀਤ ਵਿਚ ਸਵਰ ਸਾਧਨਾ ਲਈ ਓਅੰ ਸ਼ਬਦ ਦਾ ਨਾਦਾਤਮਕ ਮਹੱਤਵ ਇਸ ਦੇ ਅਧਿਆਤਮਕ ਮਹੱਤਵ ਵਾਗੂੰ ਹੀ ਬੁਨਿਆਦੀ ਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਸੰਗੀਤ ਦੀ ਮਹਿਮਾ ਹੀ ਸੁਖਜਨਕ ਨਾਦ ਵਿਸ਼ੇਸ਼ ਵਜੋਂ ਹੈ। ਨਾਦ ਜੋ ਬ੍ਰਹਿਮੰਡ ਦਾ ਵਿਸ਼ੇਸ਼ ਗੁਣ ਹੈ ਦੇ ਦੋ ਰੂਪ ਆਹਤ ਨਾਦ ਅਤੇ ਅਨਾਹਤ ਨਾਦ ਹਨ। ਬ੍ਰਹਿਮੰਡ ਵਿਚ ਨਾਦ ਦਾ ਪਸਾਰਾ ਬਿਨਾ ਕਿਸੇ ਆਘਾਤ, ਚੋਟ ਜਾਂ ਸਪਰਸ਼ ਤੋਂ ਹੈ ਜੋ ਨਾਦ ਦੇ ਇਸ ਵਿਸ਼ੇਸ਼ ਬ੍ਰਹਿਮੰਡੀ ਗੁਣ ਵੱਲ ਸਪੱਸ਼ਟ ਸੰਕੇਤ ਹੈ। ਸਾਡੇ ਸਰੀਰ/ਹਿਰਦੇ ਤੋਂ ਅਨਾਹਤ ਸਵੰਯਭੂ ਨਾਦ ਦੀ ਪ੍ਰਾਪਤੀ ਹੁੰਦੀ ਹੈ। ਇੰਦਰੀਆਂ ਦੀ ਪਕੜ ਵਿਚ ਗ੍ਰਸੇ ਮਾਨਵ ਨੂੰ ਬਾਹਰੀ ਵਿਸ਼ਿਆਂ ਨਾਲੋਂ ਅਲੱਗ ਕਰਕੇ ਅੰਤਰਮੁਖੀ ਬਣਾਉਣ ਵਿਚ ਇਸ ਅਨਹਤ ਧੁਨੀ ਨੂੰ ਜਾਗਰਿਤ ਕਰਨ ਲਈ ਨਾਦ ਸਾਧਨਾ ਦੀ ਵਿਸ਼ੇਸ਼ ਵਿਵਹਾਰਕ ਸਵੀਕ੍ਰਿਤੀ ਹੈ। ਯੋਗੀਆਂ ਵਾਂਗੂੰ ਜਨ ਸਧਾਰਣ ਲਈ ਇਹ ਅਨੰਦ ਦੇ ਅਨੁਭਵ ਰੂਪੀ ਸੰਗੀਤ ਸਾਧਨ ਦਾ ਮਾਨਵ ਨੂੰ ਵਿਸ਼ੇਸ਼ ਈਸ਼ਵਰੀ ਦੇਣ ਹੈ। ਇਸੇ ਕਰਕੇ ਮਾਨਵ ਨੂੰ ਸੰਗੀਤ ਗ੍ਰੰਥਾਂ ਵਿਚ ਗਾਯਤਰੀ ਵੀਣਾ ਵਜੋਂ ਪ੍ਰਸਤੁਤ ਕੀਤਾ ਗਿਆ ਹੈ। ਗਾਯਤਰੀ ਵੀਣਾ ਭਾਵ ਗਾਇਨ ਕਰਨ ਵਾਲਾ ਇਹ ਸਰੀਰ ਰੂਪ ਸਾਜ਼ ਵੀ ਤਿੰਨ ਸਪਤਕਾਂ ਦਾ ਧਾਰਣੀ ਹੁੰਦਾ ਹੈ। ਸਧਾਰਣ ਭਾਸ਼ਾ ਵਿਚ ਆਮ ਆਵਾਜ਼ ਨੂੰ ਮੱਧ ਸਪਤਕ, ਆਮ ਤੋਂ ਨੀਵੀਂ ਮੋਟੀ ਆਵਾਜ਼ ਨੂੰ ਮੰਦਰ ਸਪਤਕ ਤੇ ਆਮ ਆਵਾਜ਼ ਤੋਂ ਉੱਚੀ, ਤਿੱਖੀ ਆਵਾਜ਼ ਨੂੰ ਤਾਰ ਸਪਤਕ ਆਖਿਆ ਜਾਂਦਾ ਹੈ। ਕੰਠ ਸਾਧਨਾ ਦੇ ਖੇਤਰ ਵਿਚ ਕੰਠ ਵਿਗਿਆਨ ਦੀ ਦ੍ਰਿਸ਼ਟੀ ਤੋਂ ਤਿੰਨੇ ਸਪਤਕਾਂ ਵਿਚ ਆਵਾਜ਼ ਦਾ ਇਕ ਰਸ, ਸਪੱਸ਼ਟ ਤੇ ਬੁਲੰਦ ਹੋਣਾ ਲਾਜ਼ਮੀ ਹੈ। ਕੰਠ ਸਾਧਨਾ ਵਿਚ ਮੰਦਰ ਸਪਤਕ ਦੇ ਖਰਜ ਅਭਿਆਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਨਤੀਜੇ ਵਜੋਂ ਓਅੰ ਦੀ ਧੁਨੀ ਦੀ ਸਾਧਨਾ ਇਕ ਰਸ ਅਖੰਡ ਧੁਨੀ ਦਾ ਫਲ ਦਿੰਦੀ ਹੈ। ਵਿਦਵਾਨਾਂ ਨੇ ਵੀ ਓਅੰ ਦੀ ਧੁਨੀ ਨੂੰ ਇਕ ਰਸ, ਨਿਰੰਤਰ ਧੁਨੀ ਦੇ ਅਰਥਾਂ (ਓਅੰਕਾਰ ਅਰਥਾਤ ਇਕ ਰਸ ਓਅੰ, ਸਰਬ ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ) ਵਿਚ ਸਵੀਕਾਰਿਆ ਹੈ। ਓਅੰ ਦੇ ਇਨ੍ਹਾਂ ਈਸ਼ਵਰੀ ਗੁਣਾਂ ਕਰਕੇ ਹੀ ਨਾਦ ਨੂੰ ਬ੍ਰਹਮ ਦੇ ਰੂਪ ਵਿਚ ਚਿਤਵਿਆ, ਵਿਚਾਰਿਆ ਤੇ ਸਵੀਕਾਰਿਆ ਜਾਂਦਾ ਹੈ। ਸੰਗੀਤ ਵਿਚ ਨਾਦ ਤੋਂ ਭਾਵ ਇਕ ਰਸ ਅਖੰਡ ਧੁਨੀ ਹੀ ਹੈ। ਇਸ ਤਰ੍ਹਾਂ ਓਅੰਕਾਰ ਬਾਣੀ ਵਿਚ ਪ੍ਰਗਟਾਏ ਓਅੰ ਦੇ ਦਾਰਸ਼ਨਿਕ ਅਧਾਰਾਂ ਦੇ ਨਾਲ ਨਾਲ ਓਅੰ ਦਾ ਪਰਮਾਣਿਕ ਧੁਨੀ ਮੂਲਕ ਅਧਿਆਤਮਕ ਆਧਾਰ ਵੀ ਆਪਣੇ ਆਪ ਵਿਚ ਵਿਸ਼ਿਸ਼ਟ ਮਹੱਤਵ ਰੱਖਦਾ ਹੈ, ਜਿਸ ਦੀ ਅਧਿਆਤਮਕ ਤੌਰ ਤੇ ਹਿੰਦੂ ਧਰਮ ਤੇ ਦਰਸ਼ਨ ਵਿਚ ਵਿਸ਼ੇਸ਼ ਮਾਨਤਾ ਹੈ।
ਓਅੰਕਾਰੁ ਬਾਣੀ ਵਿਚ ਓਅੰਕਾਰੁ ਨੂੰ ਪਰਮਾਤਮਾ ਰੂਪ ਵਿਚ ਪ੍ਰਸਤੁਤ ਕਰਦਿਆਂ ਉਸ ਨੂੰ ਦੁਨਿਆਵੀਂ ਸਥੂਲ ਮੂਰਤ ਦੀ ਬਜਾਏ ਸਰਬਵਿਆਪਕ ਗੁਣਾਂ ਵਿਚ ਸਰੂਪਤ ਕਰ ਰਹੇ ਹਨ। ਇੱਥੇ ਗੁਰੂ ਨਾਨਕ ਸਾਹਿਬ ਨਾਦ ਦੇ ਸਰਬਵਿਆਪਕ ਪਰਮਾਤਮਾ ਸਰੂਪ ਦੇ ਗੁਣਾਂ ਦਾ ਉਪਦੇਸ਼ ਓਅੰਕਾਰੁ ਬਾਣੀ ਵਿਚ ਦੇ ਰਹੇ ਹਨ।
ਗੁਰਮਤਿ ਸੰਗੀਤ ਵਿਚ ਰਾਗ ਰਾਮਕਲੀ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਨਾਤਨੀ ਪ੍ਰਕਿਰਤੀ ਦੇ ਬਾਣੀ ਰੂਪਾਂ ਲਈ ਰਾਗ ਰਾਮਕਲੀ ਦਾ ਵਿਸ਼ੇਸ਼ ਰੂਪ ਵਿਚ ਨਿਰਧਾਰਣ ਮਿਲਦਾ ਹੈ। ਸਿੱਧਾਂ ਤੇ ਜੋਗੀਆਂ ਨਾਲ ਹੋਈ ਗੁਰੂ ਨਾਨਕ ਦੇਵ ਜੀ ਦੀ ਗੋਸਟੀ ਤੇ ਅਧਾਰਿਤ ਬਾਣੀ ਸਿਧ ਗੋਸਟਿ ਵੀ ਰਾਗ ਰਾਮਕਲੀ ਵਿਚ ਅੰਕਿਤ ਹੈ। ਰਾਗ ਰਾਮਕਲੀ ਨੂੰ ਗੋਰਖ ਬਾਣੀ ਵਿਚ ਵਿਚ ਵੀ ਵਿਸ਼ੇਸ਼ ਰੂਪ ਵਿਚ ਪ੍ਰਯੋਗ ਕੀਤਾ ਗਿਆ ਹੈ। ਸਿੱਧਾਂ ਅਤੇ ਜੋਗੀਆਂ ਸਬੰਧੀ ਗੁਰਬਾਣੀ ਦੇ ਹੋਰ ਸ਼ਬਦਾਂ ਵਿਚ ਵੀ ਰਾਗ ਰਾਮਕਲੀ ਦਾ ਨਿਰਧਾਰਣ ਥਾਂ ਪੁਰ ਥਾਂ ਮਿਲਦਾ ਹੈ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਜਿਹੇ ਮੰਤਵ ਹਿਤ ਰਾਗ ਰਾਮਕਲੀ ਦਾ ਹੀ ਪ੍ਰਯੋਗ ਕੀਤਾ ਹੈ। ਰਾਗ ਰਾਮਕਲੀ ਦਾ ਉਕਤ ਪ੍ਰਯੋਗ ਬਾਣੀ ਵਿਧਾਨ ਦੀ ਵਿਸ਼ੇਸ਼ਤਾ ਹੈ। ਜਿਸ ਦਾ ਪ੍ਰਾਰੰਭ ਗੁਰੂ ਨਾਨਕ ਬਾਣੀ ਤੋਂ ਹੋ ਰਿਹਾ ਹੈ। ਹਿੰਦੂ ਬੌਧਿਕ ਜਗਤ ਦੇ ਪ੍ਰਤਿਨਿਧੀ ਪੰਡਿਤ ਸ਼੍ਰੇਣੀ ਦੇ ਲੋਕਾਂ ਨੂੰ ਓਅੰਕਾਰੁ ਬਾਣੀ ਵਿਚ ਰਾਮਕਲੀ ਰਾਗ ਵਿਚ ਹੀ ਉਪਦੇਸ਼ ਦਿੱਤਾ ਗਿਆ, ਕਿਉਂ ਜੋ ਗੁਰੂ ਸਾਹਿਬ ਇਨ੍ਹਾਂ ਦਖਣ ਦੇ ਲੋਕਾਂ ਨੂੰ ਸੰਬੋਧਨ ਹੋ ਰਹੇ ਸਨ। ਇਸ ਲਈ ਰਾਗ ਰਾਮਕਲੀ ਦੇ ਦਖਣੀ ਸਰੂਪ ਦਾ ਪ੍ਰਯੋਗ ਅਤੇ ਓਅੰਕਾਰੁ ਬਾਣੀ ਦੇ ਰਾਗ ਸਿਰਲੇਖ ਦੇ ਅੰਤਰਗਤ ਇਸ ਨੂੰ ਰਾਮਕਲੀ ਮਹਲਾ ੧ ਦਖਣੀ ਵਜੋਂ ਅੰਕਿਤ ਕੀਤਾ ਗਿਆ ਹੈ। ਇੱਥੇ ਸਪੱਸ਼ਟ ਹੈ ਕਿ ਇਹ ਰਾਗ ਰਾਮਕਲੀ ਦਾ ਦਖਣੀ ਪ੍ਰਕਾਰ ਭਾਵ ਰਾਮਕਲੀ ਦਖਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਕੇਵਲ ਗੁਰੂ ਨਾਨਕ ਬਾਣੀ ਵਿਚ ਹੀ ਵਿਭਿੰਨ ਰਾਗਾਂ ਦੇ ਦਖਣੀ ਪ੍ਰਕਾਰਾਂ ਦਾ ਪ੍ਰਯੋਗ ਕੀਤਾ ਗਿਆ ਹੈ ਜਿਵੇਂ 1. ਗਉੜੀ ਮਹਲਾ ੧ ਦਖਣੀ (ਪੰਨਾ ੧੫੨) 2. ਵਡਹੰਸ ਮਹਲਾ ੧ ਦਖਣੀ (ਪੰਨਾ ੫੮0) 3. ਬਿਲਾਵਲ ਮਹਲਾ ੧ ਛੰਤ ਦਖਣੀ (ਪੰਨਾ ੮੪੩) 4. ਰਾਮਕਲੀ ਮਹਲਾ ੧ ਦਖਣੀ (ਪੰਨਾ ੯੨੯) 5. ਮਾਰੂ ਮਹਲਾ ੧ ਦਖਣੀ (ਪੰਨਾ ੧0੩੩) 6. ਪ੍ਰਭਾਤੀ ਮਹਲਾ ੧ ਦਖਣੀ (ਪੰਨਾ ੧੩੪੩) । ਰਾਗ ਰਾਮਕਲੀ ਦਖਣੀ ਵੀ ਇਨ੍ਹਾਂ ਰਾਗਾਂ ਵਿਚੋਂ ਹੀ ਇਕ ਵਿਸ਼ੇਸ਼ ਰਾਗ ਹੈ।ਇਨ੍ਹਾਂ ਸਮੂਹ ਦਖਣੀ ਰਾਗਾਂ ਦਾ ਹਿੰਦੁਸਤਾਨੀ ਸੰਗੀਤ ਪੱਧਤੀ ਵਾਗੂੰ ਹੀ ਸੁਤੰਤਰ ਤੇ ਮੌਲਿਕ ਸਰੂਪ ਹੈ।
- Advertisement -
ਓਅੰਕਾਰੁ ਬਾਣੀ ਦੀਆਂ 54 ਪਉੜੀਆਂ ਵਿਚ ਓਅੰਕਾਰੁ ਬਾਣੀ ਦੇ ਕੇਂਦਰੀ ਭਾਵ ਅਰਥਾਤ ਗਾਇਨ ਰੂਪ ਹਿਤ ਸਥਾਈ ਵਜੋਂ ਕੇਵਲ ਇਕੋ ਰਹਾਉ ਸੁਣਿ ਪਾਂਡੇ ਕਿਆ ਲਿਖਹੁ ਜੰਜਾਲਾ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥੧॥ਰਹਾਉ॥ ਦਰਜ ਹੈ। ਜਿਸ ਵਿਚ ਬਾਣੀ ਦਾ ਕੇਂਦਰੀ ਮਨੋਰਥ ਪ੍ਰਤੱਖ ਹੈ। ਗੁਰਮਤਿ ਸੰਗੀਤ ਦੇ ਸ਼ਬਦ ਕੀਰਤਨ ਵਿਧਾਨ ਅਨੁਸਾਰ ਰਹਾਉ ਦੀ ਇਸ ਪੰਕਤੀ ਨੂੰ ਸਥਾਈ ਰੂਪ ਵਜੋਂ ਨਿਬਧ ਕਰਕੇ ਪ੍ਰਸਤੁਤ ਕਰਨਾ ਹੈ।
ਓਅੰਕਾਰੁ ਬਾਣੀ ਦੇ ਉਕਤ ਸੰਗੀਤਕ ਪਰਿਪੇਖ ਵਿਚ ਪ੍ਰਸਤੁਤ ਅਧਿਐਨ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਨਿਸ਼ਚਿਤ ਨਿਰਧਾਰਤ ਸੰਗੀਤਕ ਸਰੂਪ ਹੈ ਜਿਸ ਨੂੰ ਅਧਿਐਨ ਦੀਆਂ ਹੋਰ ਅੰਤਰ ਅਨੁਸ਼ਾਸਨੀ ਦ੍ਰਿਸ਼ਟੀਆਂ ਸਮੇਂ ਧਿਆਨ ਗੋਚਰੇ ਰੱਖ ਕੇ ਵਿਚਾਰਨਾ ਸਹੀ ਹੋਵੇਗਾ ਤਾਂ ਹੀ ਅਸੀਂ ਇਸ ਬਾਣੀ ਦੇ ਅੰਤਰੀਵੀ ਸਰਬਾਂਗੀ ਅਧਿਆਤਮ ਗੋਹਝਾਂ ਤੇ ਰਹੱਸਾਂ ਦੀ ਪ੍ਰਾਪਤੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਿਵੇਕਲੇ ਤੇ ਮੌਲਿਕ ਵਿਧਾਨ ਦੀ ਉੱਚਤਾ ਦੀ ਪ੍ਰਾਪਤੀ ਕਰ ਸਕਾਂਗੇ।
*drgnam@yahoo.com