ਜਜ਼ਬੇ ਨੂੰ ਉਮਰਾਂ ਵੀ ਕਰਦੀਆਂ ਸਲਾਮਾਂ

TeamGlobalPunjab
3 Min Read

ਬਿੰਦੂ ਸਿੰਘ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ  ਹੋ ਰਹੀ ਹੇੈ ਜਿਸ ਵਿੱਚ ਇੱਕ ਬਜ਼ੁਰਗ ਕਸ਼ਮੀਰੀ ਔਰਤ ਨਵੀਂ ਸਿੱਖੀ ਅੰਗਰੇਜ਼ੀ ਭਾਸ਼ਾ ਨੂੰ ਬੋਲਦੇ ਹੋਏ ਨਜ਼ਰ ਆ ਰਹੀ ਹੇੈ।

ਇੱਕ ਟਵਿੱਟਰ ਯੂਜ਼ਰ  ਸਈਅਦ ਸਲੀਤ ਸ਼ਾਹ ਵੱਲੋਂ ਬੀਤੇ ਦਿਨ ਇਹ ਪੋਸਟ ਵੀਡਿਓ ਸਮੇਤ  ਟਵਿੱਟਰ ਤੇ ਪਾਈ ਗਈ ਸੀ ਤੇ ਇਸ ਨੂੰ 60 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ। ਇੱਕ ਕਸ਼ਮੀਰੀ ਬਜ਼ੁਰਗ ਔਰਤ ਬੜੇ ਪਿਆਰ ਨਾਲ  ਸਬਜ਼ੀਆਂ  ਤੇ ਪਸ਼ੂਆਂ ਦੇ ਨਾਮ ਅੰਗਰੇਜ਼ੀ ਵਿੱਚ ਬੋਲਣ ਦੀ ਕੋਸ਼ਿਸ਼ ਕਰ ਰਹੀ ਹੇੈ ਜੋ ਕਿ ਕਸ਼ਮੀਰੀ ਦਾਦੀ ਲਈ ਇਸ ਵਡੇਰੀ ਉਮਰ ‘ਚ ਇੱਕ ਨਵਾਂ ਤਜਰਬਾ ਹੇੈ। ਦੇਖਣ ਵਾਲਿਆਂ ਨੂੰ ਇਹ ਵੀਡੀਓ ਕਲਿੱਪ ਬਹੁਤ ਪਸੰਦ ਆ ਰਹੀ ਹੈ।

ਇਸ ਵੀਡੀਓ ਕਲਿੱਪ ਵਿੱਚ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਨੌਜਵਾਨ ਉਸ ਕਸ਼ਮੀਰੀ ਬਜ਼ੁਰਗਾਂ ਔਰਤ ਦਾ ਪੋਤਾ ਹੋਵੇਗਾ ਜੋ ਕਸ਼ਮੀਰੀ ਭਾਸ਼ਾ ‘ਚ ਜਾਨਵਰਾਂ ਤੇ ਸਬਜ਼ੀਆਂ ਦੇ ਨਾਂਅ ਬੋਲ ਰਿਹਾ ਹੈ।  ਜਿਸ ਦਾ ਅਨੁਵਾਦ  ਦਾਦੀ ਅੰਗਰੇਜ਼ੀ ਭਾਸ਼ਾ ‘ਚ ਕਰ ਰਹੀ ਹੈ।

ਸਈਅਦ ਨੇ ਪੋਸਟ ‘ਚ ਲਿਖਿਆ ‘ਇਹ ਜੀਵਨ ਦਾ ਚੱਕਰ ਹੈ! ਸਾਨੂੰ ਸਿਖਾਇਆ ਕਿ ਬੋਲਣਾ ਕਿਵੇਂ ਹੈ ਜਦੋਂ ਅਸੀਂ  ਬੱਚੇ ਸੀ ਤੇ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ! ਇਸ ਤੋਂ ਵੀ ਜ਼ਿਆਦਾ ਸੇਤ ਦੇਣ ਵਾਲੀ ਗੱਲ ਇਹ ਹੈ ਕਿ ਸਿੱਖਦੇ ਰਹਿਣਾ ਜ਼ਿੰਦਗੀ ਦੀ ਨਿਰੰਤਰ ਪ੍ਰਕਿਰਿਆ ਹੈ।

ਇਹ ਪਹਿਲੀ ਵਾਰ ਨਹੀਂ ਕਿ ਵਡੇਰੀ ਉਮਰ ‘ਚ ਕਿਸੇ ਨੇ ਕੋਈ ਅਵੱਲੀ ਕੋਸ਼ਿਸ਼ ਕੀਤੀ ਹੋਵੇ ਪਰ ਯਕੀਨਨ ਇੱਕ ਹੋਰ ਨਿਵੇਕਲੀ ਮਿਸਾਲ ਜ਼ਰੂਰ ਹੈ। ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਸਿੱਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਪਰ ਤਾਂਘ ਹੋਣੀ ਜ਼ਰੂਰੀ ਹੈ। ਹਰ ਸਮੇਂ ਆਪਣੇ ਆਪ ਨੂੰ ਵਰਤਮਾਨ ਨਾਲ ਜੋੜੀ ਰੱਖਣਾ ਜ਼ਰੁੂਰੀ ਹੁੰਦਾ ਹੈ। ਕੁਝ ਵੀ ਸਿੱਖਣ ਲਈ ਇਨਸਾਨ ਦਾ ਸਮਾਂ ਕਦੇ ਖਤਮ ਨਹੀਂ ਹੁੰਦਾ ਜਦੋਂ ਤੱਕ ਓਹ ਜ਼ਿੰਦਾ ਹੇੈ।

ਇਸ ਤੋਂ ਪਹਿਲਾ ਪੰਜਾਬ ਦੀ ਰਹਿਣ ਵਾਲੀ ਬਜ਼ੁਰਗ ਦੌੜਾਕ ਮਾਤਾ ਮਾਨ ਕੌਰ ਜਿਹਨਾਂ ਦਾ ਦੇਹਾਂਤ 105 ਵਰ੍ਹੇ ਦੀ ਉਮਰ ਚ ਹੋਇਆ ਉਹਨਾਂ ਨੇ ਵੀ 93 ਵਰ੍ਹੇ ਵਿੱਚ ਹੀ ਗਰਾਉਂਡ ‘ਚ ਦੌੜਨ ਲਈ ਪਹਿਲੀ ਵਾਰ ਕਦਮ ਰੱਖਿਆ ਸੀ।

ਮਾਤਾ ਮਾਨ ਕੌਰ ਦਾ ਕੋਚ ਵੀ ਉਨ੍ਹਾਂ ਦਾ 79 ਵਰ੍ਹੇ ਦਾ ਆਪਣਾ ਬੇਟਾ ਗੁਰਤੇਜ ਸਿੰਘ ਹੀ ਸੀ। ਸਾਲ 2017 ‘ਚ ਔਕਲੈਂਡ ‘ਚ ਹੋਈਆਂ ਖੇਡਾਂ ‘ਚ ਉਨ੍ਹਾਂ ਨੇ 100 ਮੀਟਰ ਸਪ੍ਰਿੰਟ ਦੌੜ 74 ਸਕਿੰਟਾਂ ‘ਚ ਸਰ ਕਰਕੇ ਸਭਨਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ। ਸਾਲ 2019 ਵਿੱਚ ਉਨ੍ਹਾਂ ਨੇ ਚਾਰ ਕੈਟੇਗਰੀਆਂ ‘ਚ ਮੁਕਾਮ ਹਾਸਿਲ ਕੀਤਾ ਜਿਸ ਵਿੱਚ ਸ਼ਾਟਪੁੱਟ, 60 ਮੀਟਰ ਸਪ੍ਰਿੰਟ ਦੌੜ , 200 ਮੀਟਰ ਤੇ ਜੈਵਲਿਨ ਸਨ। ਉਨ੍ਹਾਂ ਨੇ 60 ਮੀਟਰ ਦੌੜ ਨੂੰ 36 ਸੈਕਿੰਡਾਂ ਵਿੱਚ ਪੂਰਾ ਕੀਤਾ।

ਸਾਲ 2019 ਵਿੱਚ ਮਲੇਸ਼ੀਆ ਵਿੱਚ ਹੋਈਆਂ ਏਸ਼ੀਅਨ ਮਾਸਟਰਜ਼ ਚੈਂਪੀਅਨਸ਼ਿਪ ‘ਚ ਮਾਤਾ ਮਾਨ ਕੌਰ ਨੇ 103 ਵਰ੍ਹੇ ਦੀ ਉਮਰ ‘ਚ 200 ਮੀਟਰ ਦੌੜ ਨੂੰ 3.01.61 ਦੇ ਵਕਫ਼ੇ ‘ਚ ਪੂਰਾ ਕਰ ਸੋਨ ਤਮਗਾ ਹਾਸਿਲ ਕੀਤਾ ਤੇ ਸ਼ਾਟਪੁੱਟ 2.21 ਦੇ ਸਮੇਂ ਚ ਪੂਰਾ ਕੀਤਾ। ਜੋ ਕਿ ਆਪਣੀ ਮਿਸਾਲ ਆਪ ਹੈ।

Share this Article
Leave a comment