ਪ੍ਰੈੱਸ ਦਿਵਸ ‘ਤੇ : ਦੇਸ਼ ਦਾ ਚੌਥਾ ਥੰਮ੍ਹ ਕਿਉਂ ਹਿੱਲਣ ਲੱਗ ਪਿਆ ?

TeamGlobalPunjab
7 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਲੋਕਰਾਜ ਜਿਨ੍ਹਾ ਥੰਮ੍ਹਾਂ ਦੇ ਆਸਰੇ ਖੜ੍ਹਾ ਹੁੰਦਾ ਹੈ, ਪ੍ਰੈੱਸ ਉਨ੍ਹਾਂ ‘ਚੋਂ ਇੱਕ ਹੈ। ਪ੍ਰੈੱਸ ਭਾਵ ਪੱਤਰਕਾਰੀ ਚਾਹੇ ਉਹ ਕਿਸੇ ਅਖ਼ਬਾਰ ਲਈ ਹੋਵੇ, ਮੈਗ਼ਜੀਨ ਲਈ ਹੋਵੇ, ਰੇਡੀਓ ਲਈ ਜਾਂ ਫਿਰ ਕਿਸੇ ਟੀ.ਵੀ. ਜਾਂ ਵੈੱਬ ਚੈਨਲ ਲਈ, ਨਿਰਪੱਖਤਾ ਤੇ ਨਿਡਰਤਾ ਦੀ ਮੰਗ ਕਰਦੀ ਹੈ।

ਦੁਨੀਆ ਭਰ ਵਿੱਚ ਪੱਤਰਕਾਰੀ ਦੀ ਆਜ਼ਾਦੀ ਦੀ ਰਾਖੀ ਲਈ ਅਨੇਕਾਂ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਤੇ ਜੰਗ, ਅੱਤਵਾਦ ਅਤੇ ਮਹਾਂਮਾਰੀ ਜਿਹੇ ਔਖੇ ਹਾਲਾਤ ਵਿੱਚ ਵੀ ਆਪਣੇ ਫ਼ਰਜ਼ਾਂ ਤੋਂ ਪਿੱਛੇ ਨਹੀਂ ਹਟੇ ਹਨ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਖ਼ਾਸ ਕਰਕੇ ਬਿਜਲਈ ਮੀਡੀਆ ਦੀ ਪੱਤਰਕਾਰੀ ਦਾ ਮਿਆਰ ਕਾਫੀ ਡਿੱਗ ਗਿਆ ਹੈ।

ਕਈ ਪੱਤਰਕਾਰਾਂ ਦੇ ਵੀਡੀਓ ਕਲਿੱਪ ਇੰਟਰਨੈੱਟ ‘ਤੇ ਉਪਲਬਧ ਹਨ ਜਿਨ੍ਹਾਂ ਵਿੱਚ ਪੈਨਲ ‘ਤੇ ਬੈਠੇ ਪੈਨਲਿਸਟ ਪੱਤਰਕਾਰ ਦੇ ਮੂੰਹ ‘ਤੇ ਹੀ ਉਸਦੇ ਵਿਕਾਊ ਜਾਂ ਸੱਤਾਪੱਖੀ ਤੇ ਲੋਕ ਵਿਰੋਧੀ ਹੋਣ ਦੇ ਇਲਜ਼ਾਮ ਲਗਾ ਕੇ ਸ਼ਰ੍ਹੇਆਮ ਉਸਦੀ ਬੇਇੱਜ਼ਤੀ ਕਰਦੇ ਹਨ।
ਕਈ ਪੱਤਰਕਾਰਾਂ ਵੱਲੋਂ ਸੱਤਾ ਪੱਖ ਦੀਆਂ ਅਸਫ਼ਲਤਾਵਾਂ ਤੇ ਬੇਹਰਮਤੀਆਂ ‘ਤੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਹੈ ਪਰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਹਰ ਰੋਜ਼ ਡਿਬੇਟ ਕੀਤੀ ਜਾਂਦੀ ਹੈ।
ਚੰਦ ਪੱਤਰਾਕਾਰਾਂ ਦਾ ਇਹ ਚਾਟੂਕਾਰਤਾ ਭਰਿਆ ਉਲਾਰੂ ਰਵੱਈਆ ਸਮੂਹ ਪੱਤਰਕਾਰ ਭਾਈਚਾਰੇ ਨੂੰ ਦਾਗ਼ਦਾਰ ਕਰਨ ਦਾ ਕਾਰਜ ਕਰ ਰਿਹਾ ਹੈ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਭਾਰਤੀ ਪ੍ਰੈੱਸ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਕਾਲੀਆਂ ਭੇਡਾਂ ਦੀ ਪਛਾਣ ਕਰੇ ਤੇ ਉਨ੍ਹਾ ਨੂੰ ਬਾਹਰ ਦਾ ਰਸਤਾ ਵਿਖਾਵੇ।

- Advertisement -

ਅੱਜ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ‘ਵਰਲਡ ਪ੍ਰੈੱਸ ਫ਼ਰੀਡਮ ਡੇਅ’ ਭਾਵ ‘ਵਿਸ਼ਵ ਪੱਤਰਕਾਰਤਾ ਆਜ਼ਾਦੀ ਦਿਵਸ’ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਉਸਦੇ ਨੈਤਿਕ ਤੇ ਸਮਾਜਿਕ ਕਰਤੱਵ ਯਾਦ ਕਰਵਾਉਂਦਾ ਹੈ ਤੇ ਆਪਣੇ ਉਨ੍ਹਾ ਪੱਤਰਕਾਰ ਵੀਰਾਂ ਨੂੰ ਨਮਨ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਨ੍ਹਾ ਨੇ ਆਪਣੇ ਪ੍ਰਾਣ ਤਾਂ ਤਿਆਗ ਦਿੱਤੇ ਪਰ ਆਪਣਾ ਸੱਚੀ-ਸੁੱਚੀ ਪੱਤਰਕਾਰੀ ਕਰਨ ਵਾਲਾ ਆਪਣਾ ਅਸਲੀ ‘ਧਰਮ’ ਨਹੀਂ ਤਿਆਗਿਆ।

ਕਮੇਟੀ ਫ਼ਾਰ ਪ੍ਰੋਟੈਕਸ਼ਨ ਆਫ਼ ਜਰਲਲਿਸਟਸ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸੰਨ 1992 ਤੋਂ ਹੁਣ ਤੱਕ ਭਾਰਤ ਵਿੱਚ 75 ਤੋਂ ਵੱਧ ਪੱਤਰਕਾਰ ਆਪਣੇ ਫ਼ਰਜ਼ ਅਤੇ ਸੱਚ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ ਅਤੇ ਵਿਸ਼ਵ ਪੱਧਰ ‘ਤੇ ਜੇ ਇਨ੍ਹਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਯੂਨੈਸਕੋ ਅਨੁਸਾਰ ਸੰਨ 1993 ਤੋਂ ਲੈ ਕੇ ਸਾਲ 2020 ਤੱਕ 1450 ਪੱਤਰਕਾਰ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਚੁੱਕੇ ਹਨ।

ਸੰਨ 1993 ਵਿੱਚ ਵਿਸ਼ਵ ਪੱਧਰੀ ਸੰਸਥਾ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਯੂਨੇਸਕੋ ਵੱਲੋਂ ਦਿੱਤੇ ਗਏ ਸੁਝਾਅ ਦੇ ਆਧਾਰ ‘ਤੇ ਆਜ਼ਾਦ ਤੇ ਨਿਰਪੱਖ ਪੱਤਰਕਾਰੀ ਨੂੰ ਸਮਰਪਿਤ ਇਹ ਦਿਵਸ ਮਨਾਉਣ ਸਬੰਧੀ ਫ਼ੇਸਲਾ ਲਿਆ ਗਿਆ ਸੀ। ਸਾਲ 2020 ਲਈ ਇਸ ਦਿਵਸ ਦਾ ਥੀਮ ਸੀ- ‘ਜਰਨਲਿਜ਼ਮ ਵਿਦਾਊਟ ਫੀਅਰ ਔਰ ਫ਼ੇਵਰ’ ਭਾਵ ਨਿਡਰ ਤੇ ਨਿਰਪੱਖ ਪੱਤਰਕਾਰੀ ਅਤੇ ਇਸ ਚਲੰਤ ਵਰ੍ਹੇ 2021 ਲਈ ਜੋ ਥੀਮ ਰੱਖਿਆ ਗਿਆ ਹੈ ਉਹ ਹੈ ‘ਇਨਫ਼ਰਮੇਸ਼ਨ ਐਜ਼ ਏ ਪਬਲਿਕ ਗੁੱਡ’ ਭਾਵ ਲੋਕ ਹਿੱਤ ਵਿੱਚ ਪੱਤਰਕਾਰੀ।

ਇਸ ਦਿਵਸ ਮੌਕੇ ਯੂਨੈਸਕੋ ਵੱਲੋਂ ਹਰ ਸਾਲ ਇੱਕ ਵਿਸ਼ਵ ਪੱਧਰੀ ਕਾਨਫਰੰਸ ਕਰਵਾਈ ਜਾਂਦੀ ਹੈ ਜੋ ਸੰਨ 1998 ਵਿੱਚ ਪਹਿਲੀ ਵਾਰ ਲੰਦਨ ਵਿਖੇ ਕਰਵਾਈ ਗਈ ਸੀ ਤੇ ਸੰਨ 2021 ਵਿੱਚ ਨਾਮੀਬੀਆ ਵਿਖੇ ਆਯੋਜਿਤ ਕੀਤੀ ਜਾ ਸਕਦੀ ਹੈ। ਯੂਨੈਸਕੋ ਅਨੁਸਾਰ ਇਹ ਦਿਵਸ ਮਨਾਉਣ ਦਾ ਮੁੱਖ ਮੰਤਵ ਦੁਨੀਆ ਭਰ ਦੇ ਪ੍ਰਮੁੱਖ ਪੱਤਰਕਾਰਾਂ, ਪੱਤਰਕਾਰਤਾ ਦੀ ਆਜ਼ਾਦੀ ਲਈ ਜੂਝਦੀਆਂ ਜਥੇਬੰਦੀਆਂ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਏਜੰਸੀਆਂ ਨੂੰ ਇੱਕ ਮੰਚ ‘ਤੇ ਇਕੱਤਰ ਕਰਕੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਅੱਤਵਾਦ, ਸਰਕਾਰੀ ਜਬਰ ਅਤੇ ਸਾਧਨਾਂ ਦੀ ਘਾਟ ਦੇ ਚਲਦਿਆਂ ਪੱਤਰਕਾਰਤਾ ਦੀ ਆਜ਼ਾਦੀ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਸਬੰਧੀ ਸਾਰਥਕ ਚਰਚਾ ਕਰਵਾ ਕੇ ਉਨ੍ਹਾ ਦੇ ਢੁਕਵੇਂ ਹੱਲ ਤਲਾਸ਼ਣਾ ਹੈ।

ਜ਼ਿਕਰਯੋਗ ਹੈ ਕਿ ਯੂਨੈਸਕੋ ਵੱਲੋਂ ਇਸ ਦਿਵਸ ਮੌਕੇ ‘ਯੂਨੈਸਕੋ ਜਾਂ ਗਿਲੈਰਮੋ ਕੈਨੋ ਵਰਲਡ ਪ੍ਰੈੱਸ ਫ਼ਰੀਡਮ ਪ੍ਰਾਈਜ਼’ ਨਾਮਕ ਪੁਰਸਕਾਰ ਉਸ ਸ਼ਖ਼ਸੀਅਤ ਜਾਂ ਜਥੇਬੰਦੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਸਨੇ ਪੱਤਰਕਾਰਤਾ ਦੀ ਆਜ਼ਾਦੀ ਨੂੰ ਅੱਗੇ ਵਧਾਉਣ ਹਿਤ ਜਾਂ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਕਰਨ ਹਿਤ ਵੱਡਾ ਯੋਗਦਾਨ ਪਾਇਆ ਹੋਵੇ।
ਇਸ ਪੁਰਸਕਾਰ ਦੀ ਸਥਾਪਨਾ ਸੰਨ 1997 ਵਿੱਚ ਕੋਲੰਬੀਆ ਦੇ ਪੱਤਰਕਾਰ ਗਿਲੈਰਮੋ ਕੈਨੋ ਇਸਾਜ਼ਾ ਦੀ ਯਾਦ ਵਿੱਚ ਕੀਤੀ ਗਈ ਸੀ ਜਿਸ ਨੂੰ ਉਸਦੀ ਅਖ਼ਬਾਰ ‘ ਅਲ ਐਸਪੈਕਟੇਟਰ’ ਦੇ ਬਗੋਟਾ ਸਥਿਤ ਦਫ਼ਤਰ ਮੂਹਰੇ 17 ਦਸੰਬਰ, 1986 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਕੋਲੰਬੀਆ ਦੇ ਡਰੱਗ ਮਾਫ਼ੀਆ ਸਬੰਧੀ ਉਸਦੀਆਂ ਰਿਪੋਰਟਾਂ ਨਾਲ ਉਸ ਵੇਲੇ ਦੇ ਡਰੱਗ ਮਾਫ਼ੀਆ ਨੂੰ ਕਾਫੀ ਢਾਹ ਲੱਗ ਰਹੀ ਸੀ।

- Advertisement -

ਸੰਨ 2019 ਵਿੱਚ ਦੁਨੀਆ ਭਰ ਵਿੱਚ 49 ਪੱਤਰਕਾਰਾਂ ਦੀਆਂ ਜਾਨਾਂ ਗਈਆਂ ਸਨ, 57 ਨੂੰ ਅਗਵਾ ਕੀਤਾ ਗਿਆ ਸੀ ਤੇ 389 ਪੱਤਰਕਾਰਾਂ ‘ਤੇ ਵੱਖ ਵੱਖ ਦੋਸ਼ ਲਗਾ ਕੇ ਸਬੰਧਿਤ ਸਰਕਾਰਾਂ ਤੇ ਪੁਲੀਸ ਪ੍ਰਸਾਸ਼ਨ ਵੱਲੋਂ ਉਨ੍ਹਾ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸੰਨ 2020 ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਭਾਰਤੀ ਪੱਤਰਕਾਰਾਂ ਵਿੱਚ ਐਸ.ਵੀ.ਪ੍ਰਦੀਪ,ਰਾਕੇਸ਼ ਸਿੰਘ,ਪਰਾਗ ਭੂਆਨ,ਇਜ਼ਰਾਵੇਲ ਮੋਜ਼ਿਜ਼,ਸੁਨੀਲ ਤਿਵਾਰੀ ਅਤੇ ਸ਼ੁਭਮ ਮਣੀ ਤ੍ਰਿਪਾਠੀ ਦੇ ਨਾਂ ਪ੍ਰਮੁੱਖ ਸਨ।

ਭਾਰਤੀ ਪ੍ਰੈੱਸ ਦੀ ਜੇ ਗੱਲ ਕੀਤੀ ਜਾਵੇ ਤਾਂ ਪ੍ਰੈੱਸ ਫ਼ਰੀਡਮ ਇੰਡੈਕਸ ਭਾਵ ਪੱਤਰਕਾਰਤਾ ਦੀ ਆਜ਼ਾਦੀ ਦੇ ਸੂਚਕ ਅੰਕ ਵਿੱਚ 180 ਮੁਲਕਾਂ ਦੀ ਸੂਚੀ ਵਿੱਚ ਭਾਰਤ ਦਾ 142ਵਾਂ ਨੰਬਰ ਹੈ ਜਦੋਂ ਕਿ ਪਾਕਿਸਤਾਨ 145 ਅਤੇ ਚੀਨ 177 ਵੇਂ ਪਾਏਦਾਨ ‘ਤੇ ਖੜ੍ਹੇ ਹਨ। ਇਸ ਸੂਚੀ ਵਿੱਚ ਸਭ ਤੋਂ ਸਿਖਰਲਾ ਸਥਾਨ ਨਾਰਵੇ ਕੋਲ ਹੈ ਤੇ ਸਭ ਤੋਂ ਹੇਠਲਾ ਸਥਾਨ ਇਰੇਟ੍ਰੀਆ ਨਾਮਕ ਮੁਲਕ ਦਾ ਹੈ। ਬ੍ਰਾਜ਼ੀਲ ਅਤੇ ਰੂਸ ਵਿੱਚ ਪੱਤਰਕਾਰੀ ਦੇ ਡਿੱਗੇ ਮਿਆਰ ਦੇ ਨਾਲ ਭਾਰਤ ਵਿਚਲੀ ਪੱਤਰਕਾਰੀ ਦੇ ਮਿਆਰ ਨੂੰ ਵੀ ਰੱਖਿਆ ਗਿਆ ਹੈ। ਭਾਰਤ ਵਿੱਚ ਤਾਂ ਸੱਤਾ ਪੱਖ ਵਿਰੋਧੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਤਾਂ ਕੁਝ ਸਿਆਸੀ ਦਲਾਂ ਵੱਲੋਂ ‘ ਰਾਸ਼ਟਰ ਵਿਰੋਧੀ ’ ਵੀ ਕਰਾਰ ਦੇ ਦਿੱਤਾ ਗਿਆ ਹੈ। ਵਿਸ਼ਵ ਪੱਧਰ ‘ਤੇ ਹੁਣ ਇਹ ਮੰਨਿਆ ਜਾਣ ਲੱਗ ਪਿਆ ਹੈ ਕਿ ਨਿਰਪੱਖ ਤੇ ਨਿਡਰ ਪੱਤਰਕਾਰੀ ਕਰਨ ਦੇ ਲਿਹਾਜ਼ ਤੋਂ ਭਾਰਤ ਇੱਕ ਬਹੁਤ ਹੀ ‘ ਖ਼ਤਰਨਾਕ ’ ਮੁਲਕ ਹੈ। ਸਮੁੱਚੇ ਭਾਰਤੀ ਮੀਡੀਆ ਲਈ ਇਹ ਵੱਡਾ ਕਲੰਕ ਵੱਡੀ ਚਿੰਤਾ ਅਤੇ ਆਤਮ ਮੰਥਨ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਅਜਿਹਾ ਚਿੰਤਨ-ਮਨਨ ਕਰਨ ਲਈ ਅੱਜ ਤੋਂ ਵੱਧ ਢੁਕਵਾਂ ਦਿਨ ਕੋਈ ਹੋਰ ਨਹੀਂ ਹੋ ਸਕਦਾ ਹੈ।

ਸੰਪਰਕ: 97816-46008

Share this Article
Leave a comment