ਲਓ ਬਈ ਹੁਣ ਇੱਕ ਹੋਰ ਵਿਧਾਇਕ ਨੇ ਸਿੱਧੂ ਨਾਲ ਕੀਤੀ ਮੁਲਾਕਾਤ, ਚਰਚਾ ਸਿੱਧੂ ਵੱਲੋਂ ਨਵਾਂ ਧੜ੍ਹਾ ਖੜ੍ਹਾ ਕਰਨ ਦੀ, ਸੂਹੀਆ ਏਜੰਸੀਆਂ ਚੁਕੰਨੀਆਂ

TeamGlobalPunjab
5 Min Read

ਅੰਮ੍ਰਿਤਸਰ : ਕੈਪਟਨ ਵਜ਼ਾਰਤ ‘ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਦਿਖਾਈ ਦੇ ਰਹੇ ਹਨ। ਇਸ ਲਈ ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਸਥਾਨਕ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਆਪਣੇ ਚੋਣ ਹਲਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ, ਉੱਥੇ ਉਨ੍ਹਾਂ ਦੀ ਥਾਂ ਤਾਜੇ ਤਾਜ਼ੇ ਕੈਬਨਿਟ ਰੈਂਕ ਹਾਸਲ ਕਰੀ ਮੰਤਰੀ ਬਣੇ ਡਾ. ਰਾਜ ਕੁਮਾਰ ਵੇਰਕਾ ਨੇ ਸਿੱਧੂ ਨਾਲ ਮੁਲਾਕਾਤ ਕਰਕੇ ਨਵੀਂ ਚਰਚਾ ਛੇੜ ਦਿੱਤੀ। ਇਸ ਚਰਚਾ ਦੀ ਘੁਸਰ ਮੁਸਰ ਅਜੇ ਅੰਦਰੋਂ ਅੰਦਰੀ ਹੀ ਹੋ ਰਹੀ ਸੀ ਕਿ ਬੀਤੀ ਕੱਲ੍ਹ ਸਿੱਧੂ ਨੂੰ ਉਨ੍ਹਾਂ ਦੇ ਉਹ ਵਿਧਾਇਕ ਦੋਸਤ ਮਿਲਣ ਆ ਪਾਹੁੰਚੇ ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਹਨ ਤਾਂ ਸਿੱਧੂ ਦੇ ਬਹੁਤ ਨਜਦੀਕ, ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਜੀ ਹਾਂ! ਤੇ ਇਹ ਵਿਧਾਇਕ ਦੋਸਤ ਹਨ ਪ੍ਰਗਟ ਸਿੰਘ। ਜਿਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਨੇ ਇੰਨੀ ਗੁਪਤ ਮੀਟਿੰਗ ਕੀਤੀ ਕਿ ਉਨ੍ਹਾਂ ਦੀ ਇਸ ਬੰਦ ਕਮਰਾ ਮੀਟਿੰਗ ਦੌਰਾਨ ਕੀ ਸੁਰੱਖਿਆ ਅਮਲਾ ਤੇ ਕੀ ਹੋਰ ਸਹਿਯੋਗੀ, ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ। ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਗਤੀਵਿਧੀਆਂ ‘ਤੇ ਨਿਗ੍ਹਾ ਰੱਖਣ ਵਾਲੇ ਸੂਹੀਆ ਏਜੰਸੀਆਂ ਦੇ ਲੋਕ ਸਾਰਾ ਦਿਨ ਇਹ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਕਿ ਆਖਰ ਕਮਰੇ ਅੰਦਰ ਦੋਵਾਂ ਨੇ ਮਿਲ ਕੇ ਕਿਹੜੀ ਸਿਆਸੀ ਖਿਚੜੀ ਪਕਾਈ ਹੈ। ਦੋਸ਼ ਹੈ ਕਿ ਜਦੋਂ ਕਿਤੋਂ ਕੋਈ ਉੱਘ ਸੁੱਘ ਨਹੀਂ ਲੱਗ ਸਕੀ ਤਾਂ ਅੰਤ ਵਿੱਚ ਉਹ ਉਨ੍ਹਾਂ ਚੁਗਲਬਾਜ਼ਾਂ ਦੇ ਦਵਾਲੇ ਹੋ ਗਏ ਜਿਹੜੀ ਇਹ ਕਹਿ ਕੇ ਚੁਗਲੀਆਂ ਕਰ ਰਹੇ ਸਨ ਕਿ ਸਿੱਧੂ ਵੱਲੋਂ ਪਹਿਲਾਂ ਡਾ. ਰਾਜ ਕੁਮਾਰ ਵੇਰਕਾ ਅਤੇ ਹੁਣ ਪ੍ਰਗਟ ਸਿੰਘ ਨਾਲ ਮੁਲਾਕਾਤ ਕਰਨਾ ਕੈਪਟਨ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ ਕਿਉਂਕਿ ਹੁਣ ਤੱਕ ਜਿਸ ਸਿੱਧੂ ਬਾਰੇ ਅਜਿਹਾ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਆਪਣਾ ਸਿਆਸੀ ਕੱਦ ਤਾਂ ਵੱਡਾ ਕਰ ਲਿਆ, ਪਰ ਉਹ ਇੱਕ ਅਜਿਹਾ ਵੱਖਰਾ ਧੜ੍ਹਾ  ਬਣਾਉਣ ਵਿੱਚ ਨਾਕਾਮ ਰਹੇ ਹਨ ਜਿਹੜਾ ਸਿਆਸੀ ਭੀੜ ਪੈਣ ‘ਤੇ ਸਿੱਧੂ ਦਾ ਕੈਪਟਨ ਦੇ ਉਹ ਧੜ੍ਹੇ ਵਾਂਗ ਸਮਰਥਨ ਕਰਦੇ ਜਿਸ ਧੜ੍ਹੇ ਨੇ ਵੱਖ ਵੱਖ ਸਮੇਂ ‘ਤੇ ਮੁੱਖ ਮੰਤਰੀ ਦਾ ਸਮਰਥਨ ਕਰਕੇ ਸਿੱਧੂ ਦਾ ਵਿਰੋਧ ਕੀਤਾ ਸੀ।

ਦੱਸ ਦਈਏ ਕਿ ਵਿਧਾਇਕ ਪ੍ਰਗਟ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਹੋਈ ਇਹ ਮੀਟਿੰਗ 2 ਘੰਟੇ ਤੱਕ ਚੱਲੀ ਸੀ, ਜਿਸ ਤੋਂ ਬਾਅਦ ਪ੍ਰਗਟ ਸਿੰਘ ਨੇ ਜਾਣਕਾਰੀ ਦਿੰਦਿਆਂ ਇਹ ਤਾਂ ਕਿਹਾ ਸੀ ਕਿ ਸਿੱਧੂ ਅਤੇ ਉਨ੍ਹਾਂ ਵਿਚਕਾਰ ਰਾਜਨੀਤਕ ਮੁੱਦਿਆਂ ਨੂੰ ਲੈ ਕੇ ਗੱਲਬਾਤ ਨਹੀਂ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਇਹ ਗੱਲ ਇਸ ਲਈ ਹਜ਼ਮ ਨਹੀਂ ਹੋਈ ਕਿ ਜੇਕਰ ਚਰਚਾ ਆਮ ਮੁੱਦਿਆਂ ‘ਤੇ ਸੀ ਤਾਂ ਫਿਰ ਮੀਟਿੰਗ ਬੰਦ ਕਮਰਾ ਕਰਨ ਦੀ ਕੀ ਲੋੜ ਪੈ ਗਈ ਸੀ। ਭਾਵੇਂ  ਕਿ ਪ੍ਰਗਟ ਸਿੰਘ ਨੇ ਇਸ ਮੌਕੇ ਇਸ ਮੁਲਾਕਾਤ ਨੂੰ ਸਿੱਧੂ ਨਾਲ ਪੁਰਾਣੀ ਖੇਡ ਸਾਂਝ ਦੱਸਦਿਆਂ ਇਹ ਵੀ ਕਿਹਾ ਕਿ ਉਹ ਇੱਕ ਖਿਡਾਰੀ ਦੇ ਤੌਰ ‘ਤੇ ਸਿੱਧੂ ਨੂੰ ਮਿਲਣ ਆਏ ਸਨ। ਜਿੱਥੇ ਹੋਰਨਾਂ ਤੋਂ ਇਲਾਵਾ ਥੋੜੀ ਬਹੁਤੀ ਸਿਆਸੀ ਮੁੱਦਿਆਂ ‘ਤੇ ਵੀ ਚਰਚਾ ਹੋਈ ਹੈ। ਪਰ ਸਿੱਧੂ ਬਾਰੇ ਵੱਧ ਤੋਂ ਵੱਧ ਜਾਣਨ ਲਈ ਉਤਾਵਲੇ ਲੋਕਾਂ ਦੀ ਤਸੱਲੀ ਇਸ ਨਾਲ ਵੀ ਨਹੀ਼ ਹੋਈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 27 ਜੁਲਾਈ ਨੂੰ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਕੈਬਨਿਟ ਮੰਤਰੀ ਦਾ ਆਹੁਦਾ ਹਾਸਲ ਕਰਨ ਸਾਰ ਸਿੱਧੂ ਨਾਲ ਮੁਲਾਕਾਤ ਕਰਕੇ ਆਏ ਸਨ, ਤੇ ਉਸ ਤੋਂ ਬਾਅਦ ਵੇਰਕਾ ਨੇ ਵੀ ਬਾਹਰ ਨਿੱਕਲ ਕੇ ਇਹ ਗੱਲ ਕਹੀ ਸੀ ਕਿ ਉਹ ਹਲਕੇ ਦੇ ਵਿਕਾਸ ਅਤੇ ਪਾਰਟੀ ਦੇ ਢਾਂਚੇ ਨੂੰ ਵਧੀਆ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਸਹਿਯੋਗ ਮੰਗਣ ਆਏ ਹਨ। ਪਰ ਲੋਕਾਂ ਨੂੰ ਉਨ੍ਹਾਂ ਦੀ ਗੱਲ ਵੀ ਹਜ਼ਮ ਨਹੀਂ ਹੋਈ ਸੀ।

ਕੁੱਲ ਮਿਲਾ ਕੇ ਭਾਵੇਂ ਉਕਤ ਕਿਆਸ ਅਰਾਈਆਂ ਦੀ ਪੁਸ਼ਟੀ ਤਾਂ ਅਜੇ ਕਿਸੇ ਪਾਸੋਂ ਨਹੀਂ ਹੋ ਪਾਈ ਹੈ ਪਰ ਅਜਿਹੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਵਿਰੁੱਧ ਖੁਦ ਕੈਪਟਨ ਅਮਰਿੰਦਰ ਸਿੰਘ ਵੀ ਇਹ ਮੰਨ ਰਹੇ ਹੋਣ ਕਿ ਸਿੱਧੂ ਉਨ੍ਹਾਂ ਦੀ ਮੁੱਖ ਮੰਤਰੀ ਵਾਲੀ ਕੁਰਸੀ ਦੇ ਦਾਅਵੇਦਾਰ ਹਨ ਤਾਂ ਉਸ ਵੇਲੇ ਸੂਹੀਆ ਏਜੰਸੀਆਂ ਤੇ ਵਿਰੋਧੀ ਹੀ ਨਹੀਂ ਆਮ ਜਨਤਾ ਵੀ ਅਜਿਹੀਆਂ ਮੁਲਾਕਾਤਾਂ ਦੇ ਅੰਦਰਲੇ ਤੱਥ ਜਾਣਨ ਲਈ ਉਤਾਵਲੇ ਰਹਿੰਦੇ ਹਨ ਤੇ ਜਦੋਂ ਚਾਰੇ ਪਾਸੋਂ ਸੱਚਾਈ ਦੱਸਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਤਾਹੀਓਂ ਚੁਗਲਬਾਜ਼ਾਂ ਦੀ ਬੱਲੇ-ਬੱਲੇ ਹੁੰਦੀ ਹੈ ਜਿਵੇਂ ਕਿ ਇਸ ਮਾਮਲੇ ਵਿੱਚ ਵੀ ਹੋ ਸਕਦੀ ਹੈ।

- Advertisement -

Share this Article
Leave a comment