ਲੁਧਿਆਣਾ: ਲੁਧਿਆਣਾ ਦੇ ਰਣਜੀਤ ਐਵੀਨਿਊ ਫੇਜ਼-2 ਇਲਾਕੇ ਵਿੱਚ ਵਧਾਈ ਲੈਣ ਦੇ ਹੱਕ ਨੂੰ ਲੈ ਕੇ ਕਿੰਨਰ ਭਾਈਚਾਰੇ ਦੇ ਦੋ ਧੜਿਆਂ ਵਿੱਚ ਟਕਰਾਅ ਹੋ ਗਿਆ। ਸਰਦਾਰੀ ਲਈ ਇਹ ਜੰਗ ਇੰਨੀ ਭਿਆਨਕ ਹੋ ਗਈ ਕਿ ਦੋਵਾਂ ਧਿਰਾਂ ਵਿਚਕਾਰ ਭਿਆਨਕ ਲੜਾਈ ਹੋਈ। ਦੋਵਾਂ ਧੜਿਆਂ ਦੇ ਲੋਕਾਂ ਨੇ ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਗਰੁੱਪ ਦਾ ਇਕ ਮੈਂਬਰ ਜ਼ਖਮੀ ਹੋ ਗਿਆ ਹੈ। ਦੋਸ਼ ਹੈ ਕਿ ਦੂਜੀ ਧਿਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਰਿਸ਼ਕਾ ਮਹੰਤ ਦੀ ਸ਼ਿਕਾਇਤ ’ਤੇ ਛੋਟੀ ਮਹੰਤ, ਰੂਹੀ ਮਹੰਤ, ਸਲੋਨੀ ਮਹੰਤ, ਸੋਨਾ ਮਰਾਸੀ, ਗੁਲਜ਼ਾਰ ਮਰਾਸੀ, ਟੋਨੀ ਮਰਾਸੀ ਅਤੇ ਖਵਾਜਾ ਕੋਠੀ ਚੌਕ ਦੇ ਰਹਿਣ ਵਾਲੇ ਪੰਜ-ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ।
ਇਹ ਵਿਵਾਦ 30 ਮਾਰਚ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਸ਼ਿਕਾਇਤਕਰਤਾ ਰਿਸ਼ਕਾ ਸਿੰਘ ਮਹੰਤ ਵਾਸੀ ਅਮਨ ਨਗਰ, ਜਲੰਧਰ ਬਾਈਪਾਸ ਆਪਣੇ ਗੁਰੂ ਭਰਾਵਾਂ ਸੁਹਾਨਾ ਅਤੇ ਰੂਬੀ ਮਹੰਤ ਦੇ ਨਾਲ ਰਣਜੀਤ ਐਵੀਨਿਊ ਫੇਜ਼-2 ਸਥਿਤ ਇੱਕ ਵਿਆਹ ਵਾਲੇ ਘਰ ਵਿੱਚ ਵਧਾਈਆਂ ਲੈਣ ਲਈ ਆਇਆ ਸੀ। ਇਸ ਦੌਰਾਨ ਦੂਜੀ ਧਿਰ ਦੇ ਮੈਂਬਰ ਛੋਟੀ ਮਹੰਤ, ਰੂਹੀ ਮਹੰਤ ਅਤੇ ਸਲੋਨੀ ਮਹੰਤ ਆਪਣੇ ਸਾਥੀਆਂ ਸੋਨਾ, ਗੁਲਜ਼ਾਰ ਅਤੇ ਟੋਨੀ ਮਰਾਸੀ ਸਮੇਤ ਉਥੇ ਪਹੁੰਚ ਗਏ। ਇਲਜ਼ਾਮ ਹੈ ਕਿ ਦੂਜੇ ਗੁੱਟ ਨੇ ਉੱਥੇ ਪਹੁੰਚਦੇ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਲਾਕੇ ‘ਤੇ ਆਪਣਾ ਹੱਕ ਜਤਾਉਂਦੇ ਹੋਏ ਹੰਗਾਮਾ ਕਰ ਦਿੱਤਾ। ਟਕਰਾਅ ਨੂੰ ਵਧਦਾ ਦੇਖ ਕੇ ਜਦੋਂ ਰਿਸ਼ਕਾ ਸਿੰਘ ਸਾਈਡ ਵਾਲੇ ਆਪਣੇ ਵਾਹਨਾਂ ਵਿਚ ਬੈਠ ਕੇ ਜਾਣ ਲੱਗੇ ਤਾਂ ਮੁਲਜ਼ਮਾਂ ਨੇ ਫਿਲਮੀ ਅੰਦਾਜ਼ ਵਿਚ ਉਨ੍ਹਾਂ ਦਾ ਪਿੱਛਾ ਕੀਤਾ। ਜਿਵੇਂ ਹੀ ਉਹ ਮੇਨ ਰੋਡ ‘ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਦੇ ਵਾਹਨਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਿਸ਼ਕਾ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

