ਵਿਸ਼ੇਸ਼ ਪੈਕਜ ਤੋਂ ਪੰਜਾਬ ਨੂੰ ਨਾਂਹ

Prabhjot Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਕੇਂਦਰ ਸਰਕਾਰ ਵਲੋਂ ਅੱਜ ਪਾਰਲੀਮੈਂਟ ਵਿਚ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਰਾਜ ਸਭਾ ਵਿਚ ਕੇਂਦਰੀ ਸਿਹਤ ਮੰਤਰੀ ਨੇ ਆਪ ਦੇ ਮੈਂਬਰ ਡਾ.ਸੰਦੀਪ ਪਾਠਕ ਵਲੋਂ ਪੰਜਾਬ ਦੇ ਰੋਕੇ ਫੰਡਾਂ ਦਾ ਮਾਮਲਾ ਉਠਾਇਆ ਤਾਂ ਜਵਾਬ ਵਿੱਚ ਕਿਹਾ ਗਿਆ ਕਿ ਫੰਡਾਂ ਦੇ ਮਾਮਲੇ ਵਿਚ ਸਾਰੇ ਰਾਜਾਂ ਨਾਲ ਇਕੋ ਜਿਹਾ ਵਤੀਰਾ ਹੁੰਦਾ ਹੈ। ਕੇਂਦਰ ਦਾ ਕਹਿਣਾ ਹੈ ਕਿ ਕਈ ਸਕੀਮਾਂ ਵਿਚ ਕੇਂਦਰ ਦਾ 60 ਫੀਸਦੀ ਹਿੱਸਾ ਹੁੰਦਾ ਹੈ ਤਾਂ ਬਾਕੀ ਹਿੱਸਾ ਸੂਬਾ ਸਰਕਾਰਾਂ ਦਿੰਦੀਆਂ ਹਨ। ਇਸ ਲਈ ਨਿਯਮਾਂ ਅਨੁਸਾਰ ਹੀ ਫੰਡ ਮਿਲਦੇ ਹਨ। ਕੇਂਦਰ ਦਾ ਕਹਿਣਾ ਹੈ ਕਿ ਪੰਜਾਬ ਨੇ ਕੇਂਦਰ ਦੀਆਂ ਸਕੀਮਾਂ ਦਾ ਨਾਂ ਬਦਲਕੇ ਆਪਣੀ ਪਾਰਟੀ ਨੂੰ ਲਾਹਾ ਦੇਣ ਲਈ ਰੱਖ ਲਿਆ। ਇਸ ਤਰਾਂ ਹੋਰ ਨਾਂ ਵਾਲੀਆਂ ਸਕੀਮਾਂ ਲਈ ਪੈਸਾ ਕਿਵੇਂ ਮਿਲ ਸਕਦਾ ਹੈ। ਕੇਂਦਰ ਨੇ ਵਿਸ਼ੇਸ਼ ਪੈਕਜ ਲਈ ਵੀ ਹੁੰਗਾਰਾ ਨਹੀਂ ਭਰਿਆ।

ਡਾ.ਸੰਦੀਪ ਪਾਠਕ ਨੇ ਰਾਜ ਸਭਾ ਵਿੱਚ ਪੰਜਾਬ ਦੇ ਰੋਕੇ ਹੋਏ ਫੰਡਾਂ ਦਾ ਮਾਮਲਾ ਉਠਾਇਆ। ਆਪ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੇਂਦਰ ਮੁਹੱਲਾ ਕਲੀਨਿਕ ਲਈ ਫੰਡ ਨਾਂ ਦੇਣ ਲਈ ਤਿਆਰ ਹੈ ਤਾਂ ਇਸ ਮੰਤਵ ਲਈ ਪੰਜਾਬ ਸਰਕਾਰ ਫੰਡ ਦੇ ਦੇਵੇਗੀ । ਹਸਪਤਾਲਾਂ ਨੂੰ ਦਵਾਈਆਂ ਅਤੇ ਮਸ਼ੀਨਾਂ ਲਈ ਤਾਂ ਕੇਂਦਰ ਫੰਡ ਜਾਰੀ ਕਰੇ ਕਿਉਂ ਜੋ ਆਮ ਲੋਕਾਂ ਦੇ ਇਲਾਜ ਲਈ ਕੇਂਦਰੀ ਫੰਡਾਂ ਦੀ ਵੱਡੀ ਭੂਮਿਕਾ ਹੈ। ਇਸੇ ਤਰਾਂ ਪੇਂਡੂ ਵਿਕਾਸ ਫੰਡ ਰੋਕਿਆ ਗਿਆ ਹੈ। ਪੰਜਾਬ ਨੂੰ ਪੇਂਡੂ ਸੜਕਾਂ ਦੇ ਵਿਕਾਸ ਲਈ ਫੰਡਾਂ ਦੀ ਭਾਰੀ ਲੋੜ ਹੈ। ਇਸੇ ਤਰਾਂ ਪੇਂਡੂ ਸੜਕਾਂ ਦਾ ਭਾਰੀ ਬਾਰਸ਼ ਅਤੇ ਹੜ ਕਾਰਨ ਬਹੁਤ ਨੁਕਸਾਨ ਹੋਇਆ ਹੈ। ਸੜਕਾਂ ਲਈ ਕੇਂਦਰੀ ਫੰਡ ਨਾਲ ਹੀ ਵਿਕਾਸ ਹੋਵੇਗਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾ ਦੇ ਮੁੱਦੇ ਉੱਪਰ ਬੋਲਦੇ ਹੋਏ ਕਿਹਾ ਹੈ ਕਿ ਹਰ ਦਿਨ ਦੇਸ਼ ਅੰਦਰ 114 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਵੱਡੇ ਸੰਕਟ ਵਿਚੋਂ ਨਿਕਲ ਰਿਹਾ ਹੈ। ਕਿਸਾਨ ਨੂੰ ਕਣਕ ਅਤੇ ਝੋਨੇ ਦੇ ਇਲਾਵਾ ਹੋਰਾਂ ਫਸਲਾਂ ਉੱਪਰ ਵੀ ਘੱਟੋ ਘੱਟ ਸਹਾਇਕ ਕੀਮਤ ਦਿੱਤੀ ਜਾਵੇ ਤਾਂ ਜੋ ਕਿਸਾਨ ਦੀ ਹਾਲਤ ਸੁਧਰੇ ਅਤੇ ਉਹ ਖੁਦਕੁਸ਼ੀਆਂ ਦੇ ਰਾਹ ਨਾ ਪੈਣ। ਕਿਸਾਨ ਅਤੇ ਮਜਦੂਰ ਨੂੰ ਲਾਹੇਬੰਦ ਕੀਮਤ ਨਾਲ ਹੀ ਬਚਾਇਆ ਜਾ ਸਕਦਾ ਹੈ।

ਕੇਂਦਰ ਨੂੰ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਜਾਂ ਮੌਜੂਦਾ ਨਾਲ ਮਤਭੇਦ ਹੋ ਸਕਦੇ ਹਨ ਪਰ ਮਦਦ ਦੀ ਤਾਂ ਪੰਜਾਬ ਨੂੰ ਲੋੜ ਹੈ। ਕੇਂਦਰ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਪੰਜਾਬ ਨੂੰ ਰਾਜਨੀਤੀ ਤੋਂ ਉੱਪਰ ਉਠ ਕੇ ਵਿਸ਼ੇਸ਼ ਪੈਕੇਜ ਜਾਰੀ ਕਰੇ। ਇਸੇ ਤਰਾਂ ਕਣਕ ਅਤੇ ਝੋਨੇ ਨਾਲ ਹੋਰ ਫਸਲਾਂ ਲਈ ਘੱਟੋ ਘੱਟ ਸਹਾਇਕ ਕੀਮਤ ਮਿਲੇ ਤਾਂ ਪੰਜਾਬ ਪ੍ਰਦੂਸ਼ਣ ਦੇ ਨਾਲ ਧਰਤੀ ਹੇਠਲੇ ਪਾਣੀ ਦੇ ਸੰਕਟ ਤੋਂ ਵੀ ਬਚ ਸਕਦਾ ਹੈ।

- Advertisement -

ਸੰਪਰਕਃ 9814002186

Share this Article
Leave a comment