ਨਵਜੋਤ ਸਿੱਧੂ ਦੇ ਫੈਸਲਿਆਂ ਦੀ ਰਾਜਸੀ ਹਲ-ਚਲ; ਹਮਾਇਤੀ ਹੈਰਾਨ-ਵਿਰੋਧੀ ਪ੍ਰੇਸ਼ਾਨ !

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ (ਐਡੀਟਰ);

ਇਕ ਨੇਤਾ ਜਿਸ ਨੇ ਰਵਾਇਤੀ ਰਾਜਨੀਤੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਉਸ ਦਾ ਨਾਂ ਹੈ ਨਵਜੋਤ ਸਿੰਘ ਸਿੱਧੂ। ਕ੍ਰਿਕਟਰ ਤੋਂ ਰਾਜਸੀ ਨੇਤਾ ਬਣੇ ਸਿੱਧੂ ਦੇ ਫੈਸਲੇ ਹਮਾਇਤੀਆਂ ਨੂੰ ਹੈਰਾਨੀ ਵਿਚ ਪਾਉਦੇ ਹਨ ਅਤੇ ਵਿਰੋਧੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਉਸ ਦੇ ਵਿਰੋਧੀ ਉਸ ਨੂੰ ਕਈ ਵਾਰ ਅਨਾੜੀ, ਅਸਥਿਰ ਅਤੇ ਦੇਸ਼ ਲਈ ਖਤਰਾ ਤੱਕ ਦੇ ਦੋਸ਼ਾਂ ਦੇ ਤੀਰਾਂ ਨਾਲ ਵਿਨ੍ਹਦੇ ਹਨ ਪਰ ਉਸ ਦਾ ਭਰੋਸਾ ਚਟਾਨ ਵਰਗਾ ਹੈ। ਨੇਤਾ ਅਹੁਦਿਆਂ ਲਈ ਲੜਦੇ ਹਨ ਪਰ ਉਹ ਅਹੁਦਾ ਛੱਡ ਕੇ ਲੜਾਈ ਲੜਦਾ ਹੈ। ਉਸ ਦੇ ਵਿਰੋਧੀਆਂ ਨੂੰ ਲੱਗਦਾ ਹੈ ਕਿ ਇਸ ਲੜਾਈ ਵਿਚ ਤਾਂ ਬਸ ਉਹ ਖੱਤਰਾ ਹੈ ਪਰ ਉਹ ਹਰ ਲੜਾਈ ਵਿਚ ਤਕੜਾ ਹੋ ਕੇ ਨਿਕਲਦਾ ਹੈ। ਅਸਲ ਵਿਚ ਰਾਜਨੀਤੀ ਅੰਦਰ ਪਹਿਲਾਂ ਕਦੇ ਅਜਿਹਾ ਵਾਪਰਿਆ ਨਹੀਂ ਕਿ ਅਹੁਦਿਆਂ ਨੂੰ ਲੱਤ ਮਾਰ ਕੇ ਕੋਈ ਨੇਤਾ ਥਾਪੀ ਮਾਰ ਕੇ ਆਖੇ ਕਿ ਆਉ ਕਿਹੜਾ ਮੈਦਾਨ ਵਿਚ ਆਉਂਦਾ ਹੈ। ਇਸ ਵਰਤਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਨਾ ਸਮਝ ਸਕਿਆ ਅਤੇ ਹੁਣ ਰਾਜ ਭਾਰਾ ਗੁਆ ਕੇ ਸਿੱਧੂ ਨੂੰ ਨਾ ਜਿੱਤਣ ਦੇਣ ਦੀਆਂ ਚਚੁਣੌਤੀਆਂ ਦਿੰਦਾ ਹੈ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਅਤੇ ਇਤਿਹਾਸ ਭਵਿੱਖ ਦੀ ਸਮਝ ਲਈ ਬਹੁਤ ਸ਼ਾਨਦਾਰ ਮਿਸਾਲਾਂ ਛੱਡ ਕੇ ਜਾਂਦਾ ਹੈ। ਬਹੁਤੇ ਵਾਰੀ ਸਾਡਾ ਮੁਲਕ ਕਿਉਂ ਵਿਦੇਸ਼ੀ ਹਮਲਾਵਰਾਂ ਤੋਂ ਹਾਰਦਾ ਰਿਹਾ? ਕਈ ਈਰਖਾਲੂ ਰਾਜੇ ਆਪਣੇ ਮੁਲਕ ਦੇ ਤਾਕਤਵਰ ਰਾਜ ਦੇ ਖਾਤਮੇ ਲਈ ਵਿਦੇਸ਼ੀ ਹਮਲਾਵਰਾਂ ਨਾਲ ਮਿਲ ਜਾਂਦੇ ਸਨ। ਹੁਣ ਨਾ ਉਹ ਰਾਜ ਰਹੇ ਅਤੇ ਨਾ ਹੀ ਉਹ ਰਾਜਸ਼ਾਹੀ ਰਾਜ ਪ੍ਰਬੰਧ। ਪਰ ਕੈਪਟਨ ਅਮਰਿੰਦਰ ਕੋਲ ਮਹਾਰਾਜਾ ਦਾ ਖਿਤਾਬ ਜ਼ਰੂਰ ਹੈ। ਮਹਾਰਾਜਾ ਸਾਹਿਬ ਆਪਣੀ ਪਾਰਟੀ ਦੇ ਆਗੂਆਂ ਨੂੰ ਚੁਣੌਤੀਆਂ ਦੇ ਰਹੇ ਹਨ। ਪਰ ਭਾਜਪਾ ਦੇ ਸ਼ਕਤੀਸ਼ਾਲੀ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦਾ ਮਸਲਾ ਹੱਲ ਕਰਨ ਦੇ ਨਾਂ ‘ਤੇ ਮੁਲਾਕਾਤਾਂ ਕਰ ਰਹੇ ਹਨ। ਸਿੱਧੂ ਨੂੰ ਦੂਜੀਆਂ ਰਾਜਸੀ ਪਾਰਟੀਆਂ ਵਿਚ ਭੇਜਣ ਵਾਲਾ ਨੇਤਾ ਹੁਣ ਆਪਣੀ ਜ਼ਮੀਨ ਤਲਾਸ਼ ਰਿਹਾ ਹੈ। ਅਸਲ ਵਿਚ ਨਵਜੋਤ ਸਿੱਧੂ ਆਖ ਰਿਹਾ ਹੈ ਕਿ ਉਹ ਮੁੱਦਿਆਂ ਦੀ ਪਹਿਰੇਦਾਰੀ ਕਰਦਾ ਹੈ। ਪੰਜਾਬ ਦੀ ਬੇਹਤਰੀ ਅਤੇ ਪੰਜਾਬੀਆਂ ਦੇ ਵੱਡੇ ਮੁੱਦਿਆਂ ‘ਤੇ ਜਦੋਂ ਉਸ ਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਲੜ-ਖੜਾ ਗਏ ਹਨ ਤਾਂ ਮੁੱਦਿਆਂ ਨੂੰ ਲੈ ਕੇ ਟਕਰਾ ਖੜ੍ਹਾ ਹੋ ਗਿਆ। ਕੈਪਟਨ ਅਮਰਿੰਦਰ ਨੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਸਿੱਧੂ ਨੂੰ ‘ਆਪ’ ਵਿਚ ਜਾਣ ਦੀ ਨਸੀਹਤ ਦਿੱਤੀ।ਇਹ ਵੱਖਰੀ ਗੱਲ ਹੈ ਕਿ ਸਿੱਧੂ ਨੇ ਅੱਜ ਤੱਕ ਕੈਪਟਨ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਨਸੀਹਤ ਨਹੀਂ ਦਿੱਤੀ ਅਤੇ ਨਾ ਹੀ ਕਾਂਗਰਸ ਛੱਡਣ ਲਈ ਆਖਿਆ ਪਰ ਕੈਪਟਨ ਨੇ ਇਕ ਕੰਮ ਤਾਂ ਕਰ ਹੀ ਦਿੱਤਾ ਹੈ ਅਤੇ ਦੂਜੇ ਲਈ ਤਿਆਰੀ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸਿੱਧੂ ਨੂੰ ਅਹੁਦਿਆਂ ਦੀ ਲਾਲਸਾ ਹੈ ਤਾਂ ਕੁਝ ਸਮਾਂ ਪਹਿਲਾਂ ਕੈਪਟਨ ਦੇ ਵਿਰੋਧ ਦੇ ਬਾਵਜੂਦ ਪਾਰਟੀ ਹਾਈ ਕਮਾਂਡ ਵਲੋਂ ਮਿਲੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਦਿੰਦੇ? ਉਨ੍ਹਾਂ ਨੂੰ ਲੱਗਾ ਕਿ ਚੰਨੀ ਸਰਕਾਰ ‘ਚ ਵੀ ਉੱਚ ਪੱਧਰ ਦੀਆਂ ਨਿਯੁਕਤੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਨਿਆਂ ਲੈਣ ਦੇ ਰਸਤੇ ਵਿਚ ਰੋੜਾ ਹਨ? ਪਹਿਲੀ ਕੈਬਨਿਟ ਮੀਟਿੰਗ ਵਿਚ ਰੇਤ ਬਜਰੀ ਦੀ ਪਾਲਿਸੀ ਕਿਉਂ ਨਾ ਆਈ ? ਆਮ ਲੋਕਾਂ ਨੂੰ ਰਾਹਤ ਮਿਲਦੀ ਅਤੇ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਹੁੰਦੀ। ਉਸ ਦੇ ਵਿਰੋਧੀਆਂ ਨੇ ਦੋਸ਼ ਲਾਏ ਕਿ ਪਹਿਲਾਂ ਕੈਪਟਨ ਅਤੇ ਹੁਣ ਚੰਨੀ ਮੁੱਖ ਮੰਤਰੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਅੰਦਰ ਕਈ ਨੇਤਾ ਅਤੇ ਵਿਰੋਧੀ ਧਿਰ ਇਸ ਨੂੰ ਕੁਰਸੀ ਦੀ ਲਾਲਸਾ ਦੀ ਲੜਾਈ ਬਣਾ ਕੇ ਪੇਸ਼ ਕਰਦੇ ਰਹੇ। ਉਨ੍ਹਾਂ ਦੀ ਜ਼ਬਾਨ ਵਿਚੋਂ ਇਕ ਵਾਰ ਨਹੀਂ ਨਿਕਲਿਆ ਕਿ ਪੰਜਾਬੀਆਂ ਦੇ ਵੱਡੇ ਮੁੱਦਿਆਂ ‘ਤੇ ਲਏ ਸਟੈਂਡ ਦੀ ਉਹ ਹਮਾਇਤ ਕਰਦੇ ਹਨ। ਸਿੱਧੂ ਦੇ ਅਸਤਿਫਾ ਦੇਣ ਤੋਂ ਬਾਅਦ ਦੂਜੀ ਰਾਤ ਮੈਂ ਆਪਣੇ ਸਾਥੀ ਸੁਰਿੰਦਰ ਡੱਲਾ ਨਾਲ ਸਿੱਧੂ ਨੂੰ ਮਿਲਣ ਲਈ ਉਸ ਦੀ ਪਟਿਆਲਾ ਰਿਹਾਇਸ਼ ‘ਤੇ ਗਿਆ। ਕਈ ਮੰਤਰੀ ਅਤੇ ਵਿਧਾਇਕ ਵੀ ਪੁੱਜੇ ਹੋਏ ਸਨ। ਇਕ ਮੰਤਰੀ ਨੇ ਸਿੱਧੂ ਨੂੰ ਕਿਹਾ ਕਿ ਤੁਸੀਂ ਅਸਤੀਫਾ ਨਾ ਦਿੰਦੇ। ਇਕਦਮ ਸਿੱਧੂ ਆਪਣੇ ਅੰਦਾਜ਼ ‘ਚ ਬੋਲਿਆ “ਹੋਰ ਮੈਂ ਕੀ ਕਰਦਾ?ਜਦੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਨਾਲ ਜੁੜੇ ਦੋਸ਼ਾਂ ਵਾਲੇ ਅਧਿਕਾਰੀ ਉੱਚ ਅਹੁਦਿਆਂ ‘ਤੇ ਨਿਯੁਕਤ ਹੋਣਗੇ ਤਾਂ ਅਸੀ ਕਿਹੜਾ ਮੂੰਹ ਲੈ ਕੇ ਲੋਕਾਂ ਵਿਚ ਜਾਂਵਾਗੇ।“ ਉਹ ਦੋਸ਼ੀਆ ਵਾਂਗ ਮੂੰਹ ਢੱਕ ਕੇ ਲੋਕਾਂ ਵਿਚ ਜਾਣ ਵਾਲਾ ਨਹੀਂ, ਉਹ ਤਾਂ ਅੱਖਾਂ ਵਿਚ ਅੱਖਾ ਪਾ ਕੇ ਨੰਗੇ ਮੂੰਹ ਗੱਲ ਕਰਦਾ ਹੈ। ਇਹ ਵੀ ਸਹੀ ਹੈ ਕਿ ਮੀਡੀਆ ਦਹਾਕਿਆਂ ਤੋਂ ਰਵਾਇਤੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੀਆਂ ਖਬਰਾਂ ਦੀਆਂ ਸੁਰਖੀਆਂ ਬਣਾਉਂਦਾ ਆ ਰਿਹਾ ਹੈ ਤਾਂ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ, ਉਸ ਦੀ ਸ਼ਬਦਾਵਲੀ ਵਿਚ ਕੋਈ ਵੱਡਾ ਫਰਕ ਨਹੀਂ ਆਇਆ। ਉਹ ਹੀ “ਰੁੱਸ ਗਿਆ’ ਰਾਜੀ ਹੋ ਗਿਆ’ ਵਰਗੇ ਸ਼ਬਦ ਆਗੂਆਂ ਬਾਰੇ ਵਰਤੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਪਿੱਛੇ ਕਿਧਰੇ ਲੱਗਦਾ ਹੈ ਕਿ ਕੁਰਸੀ ਦੀ ਲਾਲਸਾ ਹੈ। ਮੀਡੀਆ ਦੀ ਤਕਨਾਲੋਜੀ ਦੁਨੀਆਂ ਤਾਂ ਬਦਲ ਗਈ ਹੈ ਪਰ ਰਾਜਸੀ ਸ਼ਬਦਾਵਾਲੀ ਵਿਚ ਕੋਈ ਬਹੁਤੀ ਤਬਦੀਲੀ ਨਹੀਂ। ਇਸੇ ਲਈ ਮੁੱਦਿਆਂ ਨੂੰ ਲੈ ਕੇ ਪਹਿਰੇਦਾਰੀ ਕਰਨ ਵਾਲੇ ਨੇਤਾ ਦੇ ਅਸਤੀਫੇ ਦੇ ਮੁੱਦੇ ਦੀ ਥਾਂ ਮੀਡੀਆ ਦਾ ਇਕ ਹਿੱਸਾ ਇਸ ਜਦੋ-ਜਹਿਦ ਨੂੰ ਕੁਰਸੀ ਯੁੱਧ ਬਨਾਉਣ ਵਿਚੋਂ ਬਾਹਰ ਨਹੀਂ ਨਿਕਲਿਆਂ ਪਰ ਇਸ ਬਾਰੇ ਕੋਈ ਦੋ ਰਾਇ ਨਹੀਂ ਕਿ ਪਿਛਲੇ ਲੰਮੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਮੀਡੀਆ ਨੇ ਕਦੇ ਵੀ ਇਕ ਨੇਤਾ ਜਾਂ ਰਾਜਸੀ ਧਿਰ ਦੀਆਂ ਘਟਨਾਵਾਂ ਨੂੰ ਸੁਰਖੀਆਂ ਵਿਚ ਐਨੀ ਵੱਡੀ ਥਾਂ ਨਹੀਂ ਦਿੱਤੀ। ਕਈ ਵਾਰ ਤਾਂ ਇੰਝ ਲੱਗਦਾ ਸੀ ਕਿ ਸ਼ਾਇਦ ਕੋਈ ਪਾਰਟੀ ਚੋਣ ਜਿਤ ਕੇ ਵੀ ਐਨੀਆਂ ਵੱਡੀਆਂ ਸੁਰਖੀਆਂ ਐਨੇ ਦਿਨਾਂ ਲਈ ਨਾ ਬਟੋਰ ਸਕੇ। ਇਹ ਵੀ ਸਹੀ ਹੈ ਕਿ ਅਸਲ ਇਮਤਿਹਾਨ ਤਾਂ 2022 ਦੀ ਪੰਜਾਬ ਵਿਧਾਨ ਸਭਾ ਚੋਣ ਹੈ। ਉਸ ਵਿਚ ਕੌਣ ਸੁਰਖੀਆਂ ਬਣੇਗਾ ? ਇਹ ਅੰਤਿਮ ਫੈਸਲਾ ਪੰਜਾਬੀਆਂ ਦੇ ਹੱਥ ਹੈ।

ਸੰਪਰਕ:9814002186

- Advertisement -

Share this Article
Leave a comment