ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੁਨੇਹਾ! ਕੋਰੋਨਾ ਮਹਾਮਾਰੀ ਦਾ ਪੱਲਾ ਕਿਸੇ ਧਰਮ ਤੇ ਨਾ ਝਾੜੋ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਕੌਮ ਦੇ ਨਾਮ ਜਾਰੀ ਕੀਤੇ ਸੰਦੇਸ਼ ‘ਚ ਸਰਕਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਨਾਅ ‘ਤੇ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਨਸਾਨੀਅਤ ਦੇ ਨਾਤੇ ਹਰੇਕ ਦੀ ਮਦਦ ਕੀਤੀ ਜਾਵੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਸੰਕਟ ‘ਚ ਦਿੱਤਾ ਇਹ ਸੁਨੇਹਾ ਸਾਡੇ ਰਾਜਸੀ, ਪ੍ਰਸ਼ਾਸਕੀ ਅਤੇ ਧਾਰਮਿਕ ਖੇਤਰਾਂ ਲਈ ਬੜੀ ਅਹਿਮੀਅਤ ਰੱਖਦਾ ਹੈ। ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਸਿੱਖਿਆ ‘ਚ ਸਰਬੱਤ ਦੇ ਭਲੇ ਅਤੇ ਮਾਨਵਤਾ ਦੀ ਸੇਵਾ ਦਾ ਵਾਰ-ਵਾਰ ਜ਼ਿਕਰ ਕੀਤਾ ਹੈ। ਹੁਣ ਜਦੋਂ ਕਿ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ ਅਤੇ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੇ ਮੌਕਿਆਂ ‘ਤੇ ਆਨੇ ਬਹਾਨੇ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਮਾਨਵਤਾ ਜਾਂ ਦੇਸ਼ ਦੀ ਕਿਸੇ ਤਰ੍ਹਾਂ ਦੀ ਸੇਵਾ ਨਹੀਂ ਕਹੀ ਜਾ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ‘ਚ ਇਸ ਸੰਕਟ ਦੀ ਘੜੀ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਨਫਰਤ ਦੇ ਬੀਜ਼ ਬੀਜਣੇ ਕਿਸੇ ਤਰ੍ਹਾਂ ਵੀ ਸੋਭਾ ਨਹੀਂ ਦਿੰਦੇ। ਪਿਛਲੇ ਲਾਕਡਾਊਨ ਤੋਂ ਲੈ ਕੇ 3 ਮਈ ਤੱਕ ਪੂਰਾ ਦੇਸ਼ 40 ਦਿਨ ਲਈ ਲਾਕਡਾਊਨ ਹੇਠ ਚਲਾ ਗਿਆ ਹੈ ਤਾਂ ਅਜਿਹੀਆਂ ਪ੍ਰਸਥਿਤੀਆਂ ‘ਚ ਸਮਾਜ ਦੇ ਕਿਸੇ ਹਿੱਸੇ ਵੱਲੋਂ ਆਪਣੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਦੇ ਮਾਮਲਿਆਂ ਨੂੰ ਧਰਮ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਮਿਸਾਲ ਵਜੋਂ ਇੱਕ ਦਿਨ ਪਹਿਲਾਂ ਮੁੰਬਈ ‘ਚ ਹਜ਼ਾਰਾਂ ਮਜ਼ਦੂਰਾਂ ਨੇ ਇੱਕ ਥਾਂ ਇਕੱਠੇ ਹੋ ਕੇ ਆਪੋ ਆਪਣੇ ਸੂਬਿਆਂ ‘ਚ ਪਰਤਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਤਾਂ ਕੁਝ ਧਿਰਾਂ ਵੱਲੋਂ ਇਸ ਨੂੰ ਕਿਸੇ ਇੱਕ ਧਰਮ ਵੱਲੋਂ ਘੜੀ ਗਈ ਸ਼ਰਾਰਤ ਦੱਸਿਆ ਗਿਆ ਹੈ। ਮੀਡੀਆ ਦੇ ਇੱਕ ਹਿੱਸੇ ਵੱਲੋਂ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਕੁਝ ਮੁਸਲਿਮ ਆਗੂਆਂ ਨੇ ਸਥਿਤੀ ਨੂੰ ਭੜਕਾਉਣ ਦਾ ਯਤਨ ਕੀਤਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਦੇ ਹੋਰ ਸੂਬਿਆਂ ‘ਚ ਵੀ ਵਾਪਰਦੀਆਂ ਹਨ ਤਾਂ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਬਜਾਏ ਕਿਸੇ ਧਰਮ ਨਾਲ ਜੋੜਨਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰ ਨੇ ਆਪਣੇ ਸੁਨੇਹੇ ‘ਚ ਇਹ ਵੀ ਆਖਿਆ ਹੈ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਇਸ ਸੰਕਟ ਦੀ ਘੜੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਨਿਭਾਈ ਜਾ ਰਹੀ ਸੇਵਾ ਨੂੰ ਸਲਾਹੁਣ ਦੀ ਥਾਂ ਕਿਸੇ ਇੱਕ ਥਾਂ ਵਾਪਰੀ ਮੰਦਭਾਗੀ ਘਟਨਾ ਨਾਲ ਜੋੜ ਕੇ ਪੂਰੇ ਸਿੱਖ ਭਾਈਚਾਰੇ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ ‘ਤੇ ਵੀ ਸਿੱਖ ਭਾਈਚਾਰੇ ਵੱਲੋਂ ਇਸ ਸੰਕਟ ਦੀ ਘੜੀ ਨਿਭਾਈ ਜਾ ਰਹੀ ਸੇਵਾਵਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਵੱਡਾ ਸੁਨੇਹਾ ਕੀ ਹੋ ਸਕਦਾ ਹੈ ਕਿ ਯੂਐੱਨਓ ਵੱਲੋਂ ਲੰਗਰ ਦੀ ਸੇਵਾ ਨੂੰ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਵਜੋਂ ਦਰਸਾਇਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਨ ‘ਚ ਵੀ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਕਈ ਥਾਂ ‘ਤੇ ਲੋਕਾਂ ਨੂੰ ਖਾਣਾ ਨਹੀਂ ਮਿਲ ਰਿਹਾ ਅਤੇ ਉਹ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਹਨ।ਪ੍ਰਧਾਨ ਮੰਤਰੀ ਵੱਲੋਂ ਆਰਥਿਕ ਮੰਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਸਾਰੇ ਮਾਮਲਿਆਂ ਦਾ ਜ਼ਿਕਰ ਕਰਨਾ ਤਾਂ ਠੀਕ ਹੈ ਪਰ ਜਦੋਂ ਜ਼ਮੀਨੀ ਹਕੀਕਤਾਂ ‘ਤੇ ਇਨ੍ਹਾਂ ਮੁਸ਼ਕਲਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਤਾਂ ਆਮ ਲੋਕਾਂ ‘ਚ ਮੁਸ਼ਕਲ ਉਸ ਵੇਲੇ ਖੜ੍ਹੀ ਹੁੰਦੀ ਹੈ। ਮਿਸਾਲ ਵਜੋਂ ਮੁੰਬਈ ‘ਚ ਜਦੋਂ ਹਜ਼ਾਰਾਂ ਮਜ਼ਦੂਰਾਂ ਦਾ ਇਕੱਠ ਹੋਇਆ ਤਾਂ ਉਨ੍ਹਾਂ ਦੀ ਮੁਸ਼ਕਲ ਸਮਝਣ ਦੀ ਥਾਂ ਕੇਵਲ ਭੜਕਾਹਟ ਕਹਿ ਕੇ ਸਰਕਾਰਾਂ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀਆਂ। ਇਹੋ ਜਿਹੀ ਬੇਚੈਨੀ ਉਸ ਵੇਲੇ ਵੀ ਨਜ਼ਰ ਆਈ ਸੀ ਜਦੋਂ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ 21 ਦਿਨ ਦਾ ਲਾਕਡਾਊਨ ਦਾ ਐਲਾਨ ਕੀਤਾ ਸੀ। ਉਸ ਵੇਲੇ ਵੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦਿੱਲੀ ਬਾਰਡਰ ‘ਤੇ ਹਜ਼ਾਰਾਂ ਮਜ਼ਦੂਰ ਆਪੋ ਆਪਣੇ ਰਾਜਾਂ ਨੂੰ ਜਾਣ ਲਈ ਇਕੱਠੇ ਹੋ ਗਏ ਸਨ ਅਤੇ ਬੜੀ ਮੁਸ਼ਕਲ ਸਥਿਤੀ ਬਣ ਗਈ ਸੀ। ਪ੍ਰਧਾਨ ਮੰਤਰੀ ਵੱਲੋਂ ਲਾਕਡਾਊਨ ਰਾਹੀਂ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਦਿੱਤਾ ਸੁਨੇਹਾ ਤਾਂ ਸਹੀ ਹੈ ਪਰ ਇਸ ਲਾਕਡਾਊਨ ਕਰਕੇ ਵੱਡੀ ਪੱਧਰ ‘ਤੇ ਆ ਰਹੀਆਂ ਮੁਸ਼ਕਲਾਂ ਦੀ ਜ਼ਿੰਮੇਵਾਰੀ ਵੀ ਸਰਕਾਰਾਂ ਦੀ ਬਣਦੀ ਹੈ। ਪ੍ਰਧਾਨ ਮੰਤਰੀ ਨੇ ਇਹ ਸੁਨੇਹਾ ਤਾਂ ਦਿੱਤਾ ਹੈ ਕਿ ਸਨਅਤਕਾਰ ਅਤੇ ਦੂਜੇ ਲੋਕ ਮਜ਼ਦੂਰਾਂ ਅਤੇ ਗਰੀਬਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ। ਪਰ ਜਦੋਂ ਦੇਸ਼ ਦੇ ਸਨਅਤਕਾਰਾਂ ਦੀਆਂ ਜਥੇਬੰਦੀਆਂ ਇਹ ਕਹਿਣ ਕਿ ਲਾਕਡਾਊਨ ਕਰਕੇ ਹਰ ਰੋਜ 40 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਤਾਂ ਇਸ ਤੋਂ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ  ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮਜ਼ਦੂਰਾਂ ਦੇ ਰਾਸ਼ਨ ਅਤੇ ਹੋਰ ਜ਼ਰੂਰੀ ਲੋੜਾਂ ਲਈ ਫੰਡ ਮੁਹੱਈਆ ਕੀਤੇ ਜਾਣ ਕਿਉ਼ਂ ਜੋ ਸਨਅਤਕਾਰ ਤਾਂ ਆਪ ਡੁੱਬਦੇ ਜਾ ਰਹੇ ਹਨ ਅਤੇ ਉਨ੍ਹਾਂ ਕੋਲੋਂ ਲੰਮੇ ਸਮੇਂ ਦੀ ਮਦਦ ਦੀ ਆਸ ਨਹੀਂ ਰੱਖੀ ਜਾ ਸਕਦੀ। ਜੇਕਰ ਇਨ੍ਹਾਂ ਮੁਸ਼ਕਲਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਪ੍ਰਧਾਨ ਮੰਤਰੀ ਵੱਲੋਂ ਲਾਏ ਗਏ 40 ਦਿਨ ਦੇ ਲਾਕਡਾਊਨ ਦੇ ਨਤੀਜੇ ਵੀ ਪ੍ਰਭਾਵਤ ਹੋ ਸਕਦੇ ਹਨ। ਇਸ ਦੀ ਇੱਕੋ ਇੱਕ ਮਿਸਾਲ ਮੁੰਬਈ ਦੇ ਮਜ਼ਦੂਰਾਂ ਦਾ ਹੋਇਆ ਇਕੱਠ ਆਪ ਮੁਹਾਰੇ ਦਰਸਾਉਂਦਾ ਹੈ। ਇਸ ਲਈ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਲਾਕਡਾਊਨ ਦੇ ਨਾਲ-ਨਾਲ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਜ਼ਰੂਰੀ ਹੈ। ਇਸ ਤਰ੍ਹਾਂ ਦੇ ਕੌਮਾਂਤਰੀ ਅਤੇ ਦੇਸ਼ ਵਿਆਪੀ ਸੰਕਟ ਨੂੰ ਕੁਝ ਸੌੜੀ ਸੋਚ ਰੱਖਣ ਵਾਲਿਆਂ ਧਿਰਾਂ ਵੱਲੋਂ ਕਿਸੇ ਧਰਮ ਨਾਲ ਜੋੜ ਕੇ ਵੇਖਣਾ ਮਾਨਵਤਾ ਵਿਰੋਧੀ ਸੋਚ ਦਾ ਪ੍ਰਤੀਕ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮੁੱਦੇ ‘ਤੇ ਦਿੱਤੀ ਚੇਤਾਵਨੀ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਸਮੂਹਿਕ ਸੋਚ ਦੀ ਰੋਸ਼ਨੀ ਦਾ ਪ੍ਰਤੀਕ ਹੈ।

ਸੰਪਰਕ : 9814002186

- Advertisement -

Share this Article
Leave a comment