ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 21 ਵਾਂ ਰਾਗ ਮਾਰੂ -ਗੁਰਨਾਮ ਸਿੰਘ ਡਾ.

TeamGlobalPunjab
9 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -21

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 21 ਵਾਂ ਰਾਗ ਮਾਰੂ

*ਗੁਰਨਾਮ ਸਿੰਘ ਡਾ.

ਰਾਗ ਮਾਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਇਕੀਵੇਂ ਸਥਾਨ ਤੇ ਅੰਕਿਤ ਹੈ। ਇਹ ਭਾਰਤੀ ਸੰਗੀਤ ਦਾ ਪ੍ਰਾਚੀਨ ਅਤੇ ਕਠਿਨ ਰਾਗ ਹੈ। ਉੱਤਰੀ ਅਤੇ ਦੱਖਣੀ ਦੋਹਾਂ ਸੰਗੀਤ ਪਰੰਪਰਾਵਾਂ ਵਿਚ ਇਸ ਰਾਗ ਨੂੰ ਨਾਮ ਅੰਤਰ ਨਾਲ ਵੇਖਿਆ ਜਾ ਸਕਦਾ ਹੈ ਪਰੰਤੂ ਸਰੂਪ ਭਿੰਨਤਾ ਕਰਕੇ ਗੁਰਮਤਿ ਸੰਗੀਤ ਵਿਚ ਇਸ ਰਾਗ ਨੂੰ ਮੌਲਿਕ ਰਾਗ ਸਵੀਕਾਰਿਆ ਜਾਂਦਾ ਹੈ। ਇਸ ਰਾਗ ਨੂੰ ‘ਮਾਰੂਵ’, ‘ਮਾਰੂਵਿਕਾ‘, ‘ਮਾਰੂਵਾ’ ਅਤੇ ‘ਮਾਲਵ’ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਕੁਝ ਸੰਗੀਤ ਵਿਦਵਾਨ ਮਾਰੂ ਨੂੰ ਆਧੁਨਿਕ ਮਾਰਵਾ ਦੇ ਬਰਾਬਰ ਮੰਨਦੇ ਹਨ। ਇਸ ਰਾਗ ਦੀ ਮਹਿਮਾ ਸਬੰਧੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1425 ‘ਤੇ ਫੁਰਮਾਇਆ ਹੈ ਕਿ ਮਾਰੂ ਰਾਗ ਤਾਂ ਹੀ ਗਾਵਿਆ ਸਫਲ ਹੈ ਜੇ ਗੁਰੂ ਦੇ ਸ਼ਬਦ ਨੂੰ ਪ੍ਰਮਾਤਮਾ ਦੇ ਨਾਮ ਰੰਗ ਵਿਚ ਰੰਗ ਕੇ ਆਰਾਧਿਆ ਜਾਵੇ। ਜਿਸ ਨਾਲ ਕਾਮਾਦਿਕ ਪੰਜੇ ਬੁਰਾਈਆਂ ਵੱਸ ਵਿਚ ਆ ਜਾਂਦੀਆਂ ਹਨ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਸ ਰਾਗ ਨੂੰ ਯੁੱਧ ਅਤੇ ਮੌਤ ਸਮੇਂ ਗਾਏ ਜਾਣ ਦੀ ਪਰੰਪਰਾ ਹੈ। ਬਾਣੀ ਦੇ ਅੰਤਰਗਤ ਵੀਰ ਰਸੀ ਭਾਵਾਂ ਨੂੰ ਪ੍ਰਗਟ ਕਰਨ ਲਈ ਇਸ ਰਾਗ ਦੁਆਰਾ ਮਨ ਨਾਲ ਯੁੱਧ ਕਰਨ ਲਈ ਮਨੁੱਖ ਨੂੰ ਪ੍ਰੇਰਿਆ ਗਿਆ ਹੈ। ਗੁਰਮਤਿ ਸੰਗੀਤ ਵਿਚ ਰਾਗ ਮਾਰੂ ਦਾ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਸਿੱਖ ਪਰੰਪਰਾ ਵਿਚ ਪ੍ਰਾਣੀ ਦੇ ਅਕਾਲ ਚਲਾਣੇ ’ਤੇ ਰਬਾਬੀ ਕੀਰਤਨੀਏ ਮਾਰੂ ਰਾਗ ਦੇ ਸ਼ਬਦ ਅਤੇ ਮਾਰੂ ਦੀ ਵਾਰ ਦਾ ਗਾਇਨ ਕਰਦੇ ਸਨ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਇਕ ਹਵਾਲੇ ਅਨੁਸਾਰ ਦਮੋਦਰੀ ਮਾਤਾ ਦੇ ਅਕਾਲ ਚਲਾਣੇ ਸਮੇਂ ਵੀ ਮਾਰੂ ਰਾਗ ਵਿਚ ਕੀਰਤਨ ਕਰਨ ਦੀ ਰੀਤ ਦਸੀ ਗਈ ਹੈ:

- Advertisement -

          ਆਗੈ ਚਾਲਤ ਪ੍ਰਭੂ ਮੁਰਾਰਿ॥ ਮਾਰੂ ਚੌਕੀ ਹੋਤ ਸੁਧਾਰ ॥੧੬੬॥

ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਵੀ ਸੰਗੀਤ ਗਾਇਨ ਦਾ ਵਰਣਨ ਕੀਤਾ ਗਿਆ ਹੈ:

          ਢੁਰੈ ਚਵਰ ਬਹੁ ਬਾਜ ਬਜਾਏ। ਕਿੱਨਰ ਜੱਛ ਗਾਇ ਮਿਲਿ ਆਏ॥

          ਮਾਰੂ ਰਾਗ ਹੋਇ ਅਤਯੰਤਾ। ਡਾਰਤ ਧਨ ਮਗ ਚਲਤ ਅਨੰਤਾ॥੬੬੯॥

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਨੰਦ ਦੀ ਚੌਕੀ ਨੂੰ ਦੁਪਹਿਰ ਦੇ ਰਾਗਾਂ ਵਿਚ ਗਾਇਨ ਦੀ ਪ੍ਰਥਾ ਹੈ। ਇਸ ਚੌਕੀ ਨੂੰ ਬਿਲਾਵਲ ਦੀ ਅੰਤਿਮ ਚੌਕੀ ਵੀ ਸਵੀਕਾਰਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਿਨ ਦੇ ਤੀਜੇ ਪਹਿਰ ਚਰਨ ਕਮਲ ਦੀ ਚੌਕੀ ਦਾ ਪ੍ਰਾਰੰਭ ਹੁੰਦਾ ਹੈ ਅਤੇ ਚਰਨ ਕਮਲ ਦੀਆਂ ਤਿੰਨ ਕੀਰਤਨ ਚੌਕੀਆਂ ਤੀਸਰੇ ਪਹਿਰ ਦੇ ਰਾਗਾਂ ਵਿਚ ਸ਼ਬਦ ਕੀਰਤਨ ਦੇ ਗਾਇਨ ਦੁਆਰਾ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਰਾਗ ‘ਮਾਰੂ’ ਦਾ ਪ੍ਰਯੋਗ ਕੀਤਾ ਜਾਂਦਾ ਹੈ।

- Advertisement -

ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ‘ਕੌਡਾ ਰਾਖਸ਼ ਨੂੰ ਤਾਰਨਾ ਸਿਰਲੇਖ ਹੇਠ ਦਰਜ ਸਾਖੀ ਵਿਚ ਗੁਰ ਨਾਨਕ ਦੇਵ ਜੀ ਵਲੋਂ ਕੌਡੇ ਨੂੰ ਮਾਰੂ ਰਾਗ ਵਿਚ ਉਪਦੇਸ਼ ਦਿੰਦੇ ਹੋਏੇ ਸ਼ਬਦ ਉਚਾਰਿਆ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1002 ‘ਤੇ ਅੰਕਿਤ ਹੈ।

ਸਿੱਖ ਰਹੁ ਰੀਤਾਂ ਵਿਚ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ, ਉਸ ਸਮੇਂ ਵੀ ਕੀਰਤਨ ਕਰਨ ਦੀ ਪਰੰਪਰਾ ਹੈ। ਜਦੋਂ ਪ੍ਰਾਣੀ ਦੇਹ ਸਰੂਪ ਵਿਚ ਪਿਆ ਹੁੰਦਾ ਹੈ ਤਾਂ ਮਾਰੂ ਰਾਗ ਦੇ ਸ਼ਬਦ ਅਤੇ ਮਾਰੂ ਦੀ ਵਾਰ ਗਾਈ ਜਾਂਦੀ ਹੈ। ਮਾਰੂ ਰਾਗ ਦੇ ਅੰਤਰਗਤ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ। ਇਸ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਬਾਰਾਂ ਪਦੇ, ਅੱਠ ਅਸ਼ਟਪਦੀਆਂ, ਬਾਈ ਸੋਲਹੇ ਗੁਰੂ ਅਮਰਦਾਸ  ਜੀ ਦੇ ਪੰਜ ਪਦੇ, ਇਕ ਅਸਟਪਦੀ, ਚੌਵੀ ਸੋਲਹੇ, ਇਕ ਵਾਰ; ਗੁਰੂ ਰਾਮਦਾਸ ਜੀ ਦੇ ਅੱਠ ਪਦੇ, ਦੋ ਸੋਲਹੇ; ਗੁਰੂ ਅਰਜਨ ਦੇਵ ਜੀ ਤੀਹ ਪਦੇ ਛੇ ਅਸਟਪਦੀਆਂ, ਚਾਰ ਅੰਜੁਲੀਆਂ, ਚੌਦਾਂ ਸੋਲਹੇ, ਇਕ ਵਾਰ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਪਦੇ ਦਰਜ ਹਨ। ਗੁਰੂ ਸਹਿਬਾਨ ਤੋਂ ਇਲਾਵਾ ਭਗਤ ਕਬੀਰ ਜੀ ਦੇ ਗਿਆਰਾਂ; ਭਗਤ ਨਾਮਦੇਵ ਜੀ ਦਾ ਇਕ; ਭਗਤ ਜੈਦੇਵ ਦਾ ਇਕ ਅਤੇ ਭਗਤ ਰਵਿਦਾਸ ਜੀ ਦੇ ਦੋ ਸਬਦ ਇਸ ਰਾਗ ਅਧੀਨ ਅੰਕਿਤ ਹੈ।

ਰਾਗ ਮਾਰੂ ਸੁਰਾਂ ਅਨੁਸਾਰ ਮਾਰਵਾ ਥਾਟ ਦਾ ਰਾਗ ਬਣਦਾ ਹੈ। ਇਸ ਦੇ ਨਾਲ ਹੀ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਸਾਰੇ ਸ਼ੁੱਧ ਸੁਰਾਂ ਵਾਲੇ ਮਾਰੂ ਰਾਗ ਦਾ ਉਲੇਖ ਵੀ ਮਿਲਦਾ ਹੈ। ਰਾਗ ਮਾਰੂ ਦੇ ਮਾਰਵਾ ਥਾਟ ਤੋਂ ਉਤਪੰਨ ਹੋਣ ਸਬੰਧੀ ਦੱਖਣ ਦੇ ਪ੍ਰਸਿੱਧ ਵਿਦਵਾਨ ਪੰ. ਅੱਪਾ ਸ਼ਾਸਤਰੀ ਆਪਣੇ ਗ੍ਰੰਥ ਚੰਦ੍ਰਕਾਯਮ ਵਿਚ ਲਿਖਦੇ ਹਨ : ‘ਤੀਬ੍ਰੋ ਗਮੋਧਨੀ ਚੋਵ ਮ੍ਰਿਦਰਿ, ਧੈਵਤ ਰਿਸ਼ਭੋ, ਸੰਵਾਦੀ ਵਾਦਿਨੋ ਸਤੁ ਸ ਮਾਰੂ : ਸਾਯਾਮੀ ਰਿਤ।’ ਅਰਥਾਤ : ਜਿਸ ਰਾਗ ਵਿਚ ‘ਗ ਮ ਧ ਨੀ’ ਸੁਰ ਤੀਵਰ, ਕੋਮਲ ਰਿਸ਼ਭ ਵਾਦੀ ਧੈਵਤ ਤੇ ਸੰਵਾਦੀ ਰਿਸ਼ਭ ਹੈ ਉਸ ਨੂੰ ਮਾਰੂ ਰਾਗ ਕਹਿੰਦੇ ਹਨ ਅਤੇ ਉਹ ਸ਼ਾਮ ਵੇਲੇ ਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੱਧਕਾਲੀਨ ਗ੍ਰੰਥਕਾਰ ਪੰ. ਅਹੋਬਲ ਨੇ ਵੀ ਆਪਣੇ ਗ੍ਰੰਥ ਸੰਗੀਤ ਪਾਰਿਜਾਤ ਵਿਚ ਮਾਰਵਾ ਥਾਟ ਦੇ ਅੰਤਰਗਤ ਹੀ ਇਸ ਰਾਗ ਨੂੰ ਪ੍ਰਵਾਨਿਆ ਹੈ।

ਮਾਰੂ ਰਾਗ ਦੇ ਤਿੰਨ ਸਰੂਪ ਪ੍ਰਚਾਰ ਅਧੀਨ ਰਹੇ ਹਨ, (1) ਮਾਰਵਾ ਥਾਟ ਯੁਕਤ ਮਾਰੂ, (2) ਖਮਾਜ ਥਾਟ ਯੁਕਤ, (3) ਬਿਲਾਵਲ ਥਾਟ ਦਾ ਮਾਰੂ ਰਾਗ। ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ ਵਿਚ ਵਿਦਵਾਨਾਂ ਨੇ ਰਾਗ ਮਾਰੂ ਨੂੰ ਮਾਲਕੌਂਸ ਤੋਂ ਉਤਪੰਨ ਰਾਗ ਮੰਨਿਆ ਹੈ। ਵਾਦੀ ਧੈਵਤ ਅਤੇ ਸੰਵਾਦੀ ਗੰਧਾਰ ਨੂੰ ਮੰਨਿਆ ਹੈ। ਇਸ ਵਿਚ ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਹੈ ਅਤੇ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਮੰਨਿਆ ਹੈ। ਕੁਝ ਵਿਦਵਾਨ ਮਾਰੂ ਰਾਗ ਨੂੰ ਪੂਰਵੀ ਥਾਟ ਤੋਂ ਵੀ ਉਤਪੰਨ ਮੰਨਦੇ ਹਨ। ਉਨ੍ਹਾਂ ਅਨੁਸਾਰ ਇਸ ਦੀ ਜਾਤੀ ਸੰਪੂਰਨ-ਸੰਪੂਰਨ ਹੈ। ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਧੈਵਤ ਹੈ। ਸੁਰ ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਅਤੇ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਬਿਲਾਵਲ ਥਾਟ ਤੋਂ ਉਤਪੰਨ ਰਾਗ ਮਾਰੂ ਵਿਚ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਨੂੰ ਮੰਨਿਆ ਗਿਆ ਹੈ। ਇਸ ਦੇ ਆਰੋਹ ਵਿਚ ਰਿਸ਼ਭ ਅਤੇ ਧੈਵਤ ਸੁਰ ਵਰਜਿਤ ਕਰਕੇ ਇਸ ਦੀ ਜਾਤੀ ਔੜਵ -ਸੰਪੂਰਨ ਮੰਨੀ ਜਾਂਦੀ ਹੈ। ਮਾਰੂ ਰਾਗ ਦਾ ਇਹ ਪ੍ਰਕਾਰ ਰਾਗ ਬਿਹਾਗ ਦੇ ਵਧੇਰੇ ਨਿਕਟ ਹੈ ਪਰੰਤੂ ਬਿਹਾਗ ਦੋਵੇਂ ਮਧਿਅਮਾਂ ਦਾ ਧਾਰਨੀ ਹੋਣ ਕਰਕੇ ਮਾਰੂ ਰਾਗ ਤੋਂ ਅਲੱਗ ਹੋ ਜਾਂਦਾ ਹੈ। ਖਮਾਜ ਥਾਟ ਤੋਂ ਉਤਪੰਨ ਰਾਗ ਪ੍ਰਕਾਰ ਵਿਚ ਆਰੋਹ ਵਿਚ ਰਿਸ਼ਭ, ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ ਜਿਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਬਣਦੀ ਹੈ। ਇਸ ਵਿਚ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਸੁਰ ਨਿਸ਼ਾਦ ਸੁਰ ਨੂੰ ਮੰਨਿਆ ਜਾਂਦਾ ਹੈ। ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਮੰਨਿਆ ਜਾਂਦਾ ਹੈ। ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਨੇ ਇਸੇ ਸਰੂਪ ਦੇ ਅੰਤਰਗਤ ਸੰਵਾਦੀ ਸੁਰ ਸ਼ੜਜ ਮੰਨਿਆ ਹੈ।

ਗੁਰਮਤਿ ਸੰਗੀਤ ਵਿਚ ਰਾਗ ਨਿਰਣਾਇਕ ਕਮੇਟੀ ਅਤੇ ਹੋਰ ਵਿਦਵਾਨਾਂ ਨੇ ਨਿਮਨਲਿਖਤ ਸਰੂਪ ਸਵੀਕਾਰ ਕੀਤਾ ਹੈ। ਜਿਸ ਅਧੀਨ ਇਹ ਰਾਗ ਦੋਵੇਂ ਮਧਿਅਮ, ਦੋਵੇਂ ਧੈਵਤ, ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਸੁਰਾਂ ਦਾ ਧਾਰਨੀ ਹੈ। ਵਾਦੀ ਸੁਰ – ਗੰਧਾਰ ਤੇ ਸੰਵਾਦੀ ਨਿਸ਼ਾਦ ਮੰਨਿਆ ਗਿਆ ਹੈ। ਆਰੋਹ ਵਿਚ ਰਿਸ਼ਭ ਸੁਰ ਵਰਜਿਤ ਕਰਕੇ ਜਾਤੀ ਸ਼ਾੜਵ-ਸੰਪੂਰਨ ਮੰਨੀ ਜਾਂਦੀ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਹੈ। ਇਸ ਦਾ ਆਰੋਹ ਸ਼ੜਜ ਗੰਧਾਰ ਮਧਿਅਮ ਪੰਚਮ, ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ), ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ, ਮਧਿਅਮ (ਤੀਵਰ) ਪੰਚਮ ਧੈਵਤ (ਕੋਮਲ) ਨਿਸ਼ਾਦ ਧੈਵਤ (ਕੋਮਲ) ਪੰਚਮ, ਮਧਿਅਮ ਗੰਧਾਰ ਰਿਸ਼ਭ ਸ਼ੜਜ ਹੈ।

ਭਾਰਤੀ ਰਾਗ ਧਿਆਨ ਪਰੰਪਰਾ ਵਿਚ ਮਾਰੂ ਰਾਗ ਦੇ ਪੁਰਾਤਨ ਚਿਤਰ ਉਪਲਬਧ ਹਨ। ਪ੍ਰਸਿੱਧ ਚਿੱਤਰਕਾਰ ਕਰਨੈਲ ਸਿੰਘ ਕੋਲੋਂ ਅਸੀਂ ਬਾਣੀ ‘ਤੇ ਆਧਾਰਿਤ ਮਾਰੂ ਰਾਗ ਦਾ ਚਿੱਤਰ, ‘ਅਦੁੱਤੀ ਗੁਰਮਤਿ ਸੰਗੀਤ  ਸੰਮੇਲਨ ਸਿਮ੍ਰਤੀ ਗ੍ਰੰਥ’ 1992 ਲਈ ਤਿਆਰ ਕਰਵਾਇਆ ਸੀ, ਜਿਸ ‘ਤੇ ਮਾਰੂ ਰਾਗ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ।

ਵੀਹਵੀਂ ਸਦੀ ਦੀਆਂ ਸਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਾਚੀਏ ਤਾਂ ਇਸ ਰਾਗ ਵਿਚ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰਸੀਪਲ ਦਿਆਲ ਸਿੰਘ, ਡਾ. ਜਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਜਸਵੰਤ ਸਿੰਘ ਤੀਬਰ, ਪ੍ਰੋ. ਪਰਮਜੋਤ ਸਿੰਘ, ਸ.  ਹਰਮਿੰਦਰ ਸਿੰਘ ਆਦਿ ਨੇ ਸੰਗੀਤਕਾਰਾਂ ਨੇ ਕੀਰਤਨ ਰਚਨਾਵਾਂ ਨੂੰ ਸੁਰਲਿਪੀਬੱਧ ਕੀਤਾ। ਮਾਰੂ ਰਾਗ ਨੂੰ ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤਕਾਰਾਂ ਨੇ ਆਪਣੇ ਆਪਣੇ ਅੰਦਾਜ ਵਿੱਚ ਬਾਖੂਬੀ ਗਾਇਆ ਹੈ, ਜਿਹਨਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬ ਸਾਈਟਸ ਤੇ ਯੂਟਿਊਬ ‘ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment