ਗੁਰਦਾਸਪੁਰ : ਇੰਨੀ ਦਿਨੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਸਮੇਤ ਛੁੱਟੀਆਂ ਮਨਾਉਣ ਲਈ ਵਿਦੇਸ਼ ਦੌਰੇ ‘ਤੇ ਗਏ ਹੋਏ ਹਨ ਅਤੇ ਇਸ ਪਿੱਛੋਂ ਪੰਜਾਬ ਅੰਦਰ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੰਨੀ ਦਿਨੀਂ ਪੰਜਾਬ ਅੰਦਰ ਦੋ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ ਇੱਕ ਤਾਂ ਸੰਗਰੂਰ ਅੰਦਰ ਦਲਿਤ ਨੌਜਵਾਨ ਦੀ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਹੱਤਿਆ ਅਤੇ ਦੂਸਰੀ ਸਾਬਕਾ ਅਕਾਲੀ ਸਰਪੰਚ ਅਤੇ ਜਿਲ੍ਹਾ ਉਪ ਪ੍ਰਧਾਨ ਦੀ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਹੱਤਿਆ। ਇਨ੍ਹਾਂ ਦੋਵਾਂ ਕਾਂਡਾਂ ਨੇ ਇਲਾਕੇ ਅੰਦਰ ਸਨਸਨੀ ਫੈਲਾਅ ਦਿੱਤੀ ਹੈ। ਦਲਿਤ ਨੌਜਵਾਨ ਜਗਮੇਲ ਸਿੰਘ ਦੀ ਹੱਤਿਆ ਦਾ ਮਾਮਲਾ ਤਾਂ ਸਮਝੌਤੇ ਤੋਂ ਬਾਅਦ ਥੋੜਾ ਸ਼ਾਂਤ ਹੋ ਗਿਆ ਹੈ ਪਰ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਗੂ ਦੀ ਹੱਤਿਆ ਦੇ ਮਾਮਲੇ ‘ਤੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਇਸੇ ਸਿਲਸਿਲੇ ‘ਚ ਅੱਜ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਵੀ ਦਲਬੀਰ ਸਿੰਘ ਦੇ ਘਰ ਪਹੁੰਚੇ।
ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਇਸ ਕਤਲ ਨੂੰ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਪਰ ਇਹ ਕੋਈ ਜ਼ਮੀਨੀ ਵਿਵਾਦ ਨਹੀਂ ਬਲਕਿ ਗਿਣੀ ਮਿੱਥੀ ਸਾਜ਼ਿਸ਼ ਤਹਿਤ ਹੋਇਆ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਜਿਹੜੇ ਕਾਤਲ ਹਨ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸੀ ਸਰਪ੍ਰਸਤੀ ਤਹਿਤ ਹੋਇਆ ਸਿਆਸੀ ਕਤਲ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਮੰਤਰੀ ਦੀ ਸ਼ੈਅ ‘ਤੇ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਇਸ ਕੇਸ ਵਿੱਚ ਜਿਹੜੇ ਬਿਆਨ ਦਰਜ ਹੋਏ ਹਨ ਉਹ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਨਹੀਂ ਹੋਏ।