ਨਿਊਜ਼ ਡੈਸਕ: ਕੋਰੋਨਾ ਸੰਕਟ ਦੌਰਾਨ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ ਹੈ। ਖਾਣ ਪੀਣ ਤੋਂ ਲੈ ਕੇ ਦਫ਼ਤਰ ਦੇ ਕੰਮ ਕਰਨ ਤੱਕ ਦੇ ਸਾਰੇ ਤੌਰ ਤਰੀਕੇ ਬਦਲ ਗਏ ਹਨ। ਉੱਥੇ ਹੀ ਲੋਕਾਂ ‘ਚ ਲਗਾਤਾਰ ਦੇਰ ਤੱਕ ਕੰਮ ਕਰਨ ਦਾ ਟ੍ਰੈਂਡ ਵਧ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਲੰਬੇ ਸਮੇਂ ਤੱਕ ਕੰਮ ਕਰਦੇ ਰਹਿਣ ਦੇ ਚਲਦਿਆਂ ਹਰ ਸਾਲ ਅਣਗਿਣਤ ਲੋਕਾਂ ਦੀ ਜਾਨ ਜਾ ਰਹੀ ਹੈ। ਮਹਾਂਮਾਰੀ ਦੌਰਾਨ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਸਕਦੀ ਹੈ।
ਇਨਵਾਇਰਨਮੈਂਟ ਇੰਟਰਨੈਸ਼ਨਲ ਜਨਰਲ ‘ਚ ਲੰਬੇ ਸਮੇਂ ਤੱਕ ਕੰਮ ਕਰਨ ਤੇ ਜੀਵਨ ‘ਤੇ ਅਸਰ ਨੂੰ ਲੈ ਕੇ ਵਿਸ਼ਵ ਦਾ ਪਹਿਲਾ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਸਾਲ 2016 ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਦੇ ਚਲਦਿਆਂ ਸਟਰੋਕ ਅਤੇ ਦਿਲ ਦੀ ਬਿਮਾਰੀਆਂ ਵੱਧ ਗਈਆਂ ਹਨ। ਜਿਸ ਨਾਲ ਦੁਨੀਆ ਭਰ ਵਿਚ 7 ਲੱਖ ਲੋਕਾਂ ਦੀ ਜਾਨ ਚਲੀ ਗਈ। ਇਹ ਅੰਕੜਾ ਸਾਲ 2000 ਦੇ ਹਿਸਾਬ ਨਾਲ ਲਗਭਗ 30 ਫੀਸਦੀ ਜ਼ਿਆਦਾ ਸੀ।
ਇੰਨੇ ਘੰਟੇ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਖ਼ਤਰਾ
ਲੰਬੇ ਸਮੇਂ ਤੱਕ ਕੰਮ ਕਰਨ ਨੂੰ ਲੈ ਕੇ WHO ਦੇ ਸਿਹਤ ਵਿਭਾਗ ਦੀ ਮਾਰੀਆ ਨੀਰਾ ਨੇ ਕਿਹਾ ਹਫ਼ਤੇ ‘ਚ 55 ਘੰਟੇ ਜਾਂ ਉਸ ਤੋਂ ਜ਼ਿਆਦਾ ਘੰਟੇ ਕੰਮ ਕਰਨਾ ਸਿਹਤ ਲਈ ਗੰਭੀਰ ਖਤਰਾ ਹੈ। ਉਨ੍ਹਾਂ ਨੇ ਕਿਹਾ ਇਸ ਜਾਣਕਾਰੀ ਨਾਲ ਅਸੀਂ ਉਨ੍ਹਾਂ ਕਾਮਿਆਂ ਦੀ ਜਾਨ ਬਚਾਉਣਾ ਚਾਹੁੰਦੇ ਹਾਂ ਜੋ ਲੰਬੇ ਸਮੇਂ ਤੱਕ ਕੰਮ ‘ਚ ਲੱਗੇ ਰਹਿੰਦੇ ਹਨ।