ਵਿਸ਼ਵ ਸੰਗੀਤ ਦਿਵਸ : ਮਨੋਰੰਜਨ ਤੋਂ ਪ੍ਰਭੂ ਭਗਤੀ ਤੱਕ ਦਾ ਮਾਧਿਅਮ ਹੈ ਸੰਗੀਤ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

 

ਆਦਿ ਕਾਲ ਤੋਂ ਹੀ ਸੰਗੀਤ ਦੁਨੀਆ ਭਰ ਵਿੱਚ ਮਨੁੱਖ ਦਾ ਸਾਥੀ ਰਿਹਾ ਹੈ। ਸੰਗੀਤ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਦੁੱਖ, ਸੁੱਖ, ਖ਼ੁਸ਼ੀ, ਗ਼ਮੀ ਆਦਿ ਦੇ ਭਾਵ ਪ੍ਰਗਟ ਕਰਕੇ ਸਕੂਨ ਹਾਸਿਲ ਕਰਦਾ ਆਇਆ ਹੈ। ਭਾਰਤ ਸਮੇਤ ਹੋਰ ਮੁਲਕਾਂ ਵਿੱਚ ਵੀ ਮਨੁੱਖ ਨੇ ਸੰਗੀਤ ਦਾ ਉਪਯੋਗ ਭਗਤੀ ਦੇ ਮਾਧਿਅਮ ਵਜੋਂ ਵੀ ਕੀਤਾ ਹੈ ਤੇ ਇਸਨੂੰ ਰੱਬੀ ਦਰਗਾਹ ‘ਚੋਂ ਹਾਸਿਲ ਕੀਤੀ ਦਾਤ ਦੱਸਿਆ ਹੈ। ਗੱਲ ਚਾਹੇ ਸੂਫ਼ੀ ਸੰਗੀਤ ਦੀ ਹੋਵੇ ਤੇ ਚਾਹੇ ਗੁਰਮਤਿ ਸੰਗੀਤ ਦੀ, ਇਹ ਦੋਵੇਂ ਹੀ ਆਤਮਾ ਨੂੰ ਪਰਮਾਤਮਾ ਤੱਕ ਪੰਹੁਚਾਉਣ ਲਈ ਸਫ਼ਲ ਸਾਧਨ ਸਿੱਧ ਹੋਏ ਹਨ। ਅੱਜ ਵਿਸ਼ਵ ਸੰਗੀਤ ਦਿਵਸ ਹੈ ਤੇ ਇਹ ਦਿਨ ਸੰਗੀਤ ਦੀ ਮਹਿਮਾ ਨੂੰ ਜਾਨਣ ਤੇ ਸਮਝਣ ਦਾ ਦਿਨ ਹੈ।

ਗੱਲ ਸੰਨ 1970 ਦੀ ਹੈ ਜਦੋਂ ਅਮਰੀਕੀ ਸੰਗੀਤਕਾਰ ਜੋਇਲ ਕੋਹੇਨ ਜੋ ਕਿ ਇੱਕ ਫ਼ਰਾਂਸੀਸੀ ਰੇਡੀਓ ‘ਤੇ ਕੰਮ ਕਰਦਾ ਸੀ, ਨੇ ਇਹ ਵਿਚਾਰ ਦਿੱਤਾ ਸੀ ਕਿ 21 ਜੂਨ ਦੇ ਦਿਨ ਇੱਕ ਵਿਸ਼ਾਲ ਸੰਗੀਤ ਸਭਾ ਹਰ ਦੇਸ਼ ਹਰ ਸੂਬੇ ਵਿੱਚ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਪਾਸੇ ਸੰਗੀਤ ਹੀ ਸੰਗੀਤ ਗੂੰਜਣਾ ਚਾਹੀਦਾ ਹੈ। 21 ਜੂਨ ਦੇ ਦਿਨ ਦਾ ਖ਼ਾਸ ਨਾਂ ਲਏ ਜਾਣ ਦਾ ਕਾਰਨ ਇਹ ਸੀ ਕਿ ਇਹ ਦਿਨ ਸਭ ਤੋਂ ਲੰਮਾ ਦਿਨ ਹੁੰਦਾ ਹੈ ਤੇ ਠੰਢੇ ਮੁਲਕਾਂ ਵਿੱਚ ਇਹ ਗਰਮੀਆਂ ਦੀ ਸ਼ੁਰੂਆਤ ਹੋਣ ਦਾ ਪ੍ਰਤੀਕ ਹੋਣ ਕਰਕੇ ਉੱਥੋਂ ਦੇ ਲੋਕਾਂ ਦਾ ਸਭ ਤੋਂ ਮਨਪਸੰਦ ਦਿਨ ਹੁੰਦਾ ਹੈ। ਜੋਇਲ ਕੋਹੇਨ ਦੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਦਾ ਖ਼ਿਆਲ ਸੰਨ 1981 ਵਿੱਚ ਫਰਾਂਸ ਦੇ ਮੌਰਿਸ ਫਲਾਰੈੱਟ ਦੇ ਮਨ ਵਿੱਚ ਵੀ ਇਕੱਠਿਆਂ ਸੀ ਜਦੋਂ ਉਹ ਮਨਿਸਟਰੀ ਆਫ਼ ਕਲਚਰ ਅਧੀਨ ਸੰਗੀਤ ਅਤੇ ਨਾਚ ਵਿਭਾਗ ਦਾ ਨਿਰਦੇਸ਼ਕ ਬਣਿਆ ਸੀ। ਉਸਨੇ ਅਤੇ ਫ਼ਰਾਂਸ ਦੇ ਸੱਭਿਅਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੈਂਗ ਨੇ ਦੁਨੀਆ ਭਰ ਵਿੱਚ ਸੰਗੀਤ ਦੀ ਖ਼ੁਸ਼ਬੂ ਫ਼ੈਲਾਉਣ ਲਈ ਸਮੂਹ ਸੰਗੀਤ ਪ੍ਰੇਮੀਆਂ ਨੂੰ 21 ਜੂਨ ਦੇ ਦਿਨ ਘਰਾਂ, ਗਲੀਆਂ, ਬਜ਼ਾਰਾਂ ਤੇ ਪਾਰਕਾਂ ਵਿੱਚ ਇਕੱਤਰ ਹੋ ਕੇ ਸਾਰਾ ਵਾਤਾਵਰਣ ਸੰਗੀਤਮਈ ਕਰ ਦੇਣ ਦਾ ਹੋਕਾ ਦਿੱਤਾ ਸੀ। ਸੰਨ 1982 ਦੀ 21 ਜੂਨ ਨੂੰ 50 ਲੱਖ ਦੇ ਕਰੀਬ ਲੋਕ ਫ਼ਰਾਂਸ ਦੀਆਂ ਗਲੀਆਂ ਵਿੱਚ ਉਤਰ ਆਏ ਸਨ ਤੇ ਸਾਰਾ ਦਿਨ ਸੰਗੀਤਕ ਸਮਾਗਮ ਚੱਲਦੇ ਰਹੇ ਸਨ ਤੇ ਲੋਕ ਸੰਗੀਤ ਦੀਆਂ ਧੁਨਾਂ ਦਾ ਅਨੰਦ ਲੈਂਦੇ ਰਹੇ ਸਨ। ਸੰਨ 1982 ਤੋਂ ਬਾਅਦ ਇਹ ਦਿਨ ਦੁਨੀਆ ਦੇ ਲਗਪਗ 170 ਦੇਸ਼ਾਂ ਵਿੱਚ ਵਿਸ਼ਵ ਸੰਗੀਤ ਦਿਵਸ ਵਜੋਂ ਮਨਾਉਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

- Advertisement -

ਅੱਜ ਦੇ ਦਿਨ ਦੁਨੀਆ ਭਰ ਵਿੱਚ ਸਿਖਾਂਦਰੂ ਤੇ ਉਸਤਾਦ ਸੰਗੀਤਕਾਰ ‘ਮੇਕ ਮਿਊਜ਼ਿਕ ‘ ਦੇ ਉਦੇਸ਼ ਨਾਲ ਗਲੀਆਂ-ਬਜ਼ਾਰਾਂ ਵਿੱਚ ਇਕੱਤਰ ਹੁੰਦੇ ਹਨ ਜਾਂ ਵੱਡੇ ਮੈਦਾਨਾਂ ਵਿੱਚ ਵੱਡੇ ਸੰਗੀਤਕ ਸਮਾਗਮ ਆਯੋਜਿਤ ਕਰਦੇ ਹਨ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਗੀਤ ਨਾਲ ਸਰਾਬੋਰ ਕਰ ਦਿੰਦੇ ਹਨ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੇ ਹਨ ਕਿ ਸੰਗੀਤ ਅਨੰਦ ਦੇਵੇ ਤੇ ਸ਼ੋਰ ਨਾ ਬਣ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਮਹਿਸੂਸ ਹੋਵੇ। ਸੰਨ 1985 ਦੇ ਵਰ੍ਹੇ ਨੂੰ ‘ ਯਰੂਪੀਅਨ ਯੀਅਰ ਆਫ਼ ਮਿਊਜ਼ਿਕ’ ਵਜੋਂ ਮਨਾਇਆ ਗਿਆ ਸੀ ਤੇ ਹੰਗਰੀ ਤੇ ਰਾਜਧਾਨੀ ਬੁੱਢਾਪੈਸਟ ਵਿਖੇ ‘ਮਿਊਜ਼ਿਕ ਚਾਰਟਰ’ ਸਾਈਨ ਕੀਤਾ ਗਿਆ ਸੀ ਜਿਸ ਰਾਹੀਂ ਯਰੂਪ ਤੋਂ ਬਾਹਰਲੇ ਮੁਲਕਾਂ ਨੂੰ ਵੀ ਇਹ ਦਿਨ ‘ਸੰਗੀਤ ਦਿਵਸ’ ਵਜੋਂ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।

ਕਾਸ਼! ਭਾਰਤ ਵਿੱਚ ਵੀ ਅਜਿਹਾ ਹੁੰਦਾ ਕਿ ਇਸ ਦਿਨ ਦੇਸ਼ ਦੇ ਹਰ ਗਲੀ-ਕੂਚੇ ਵਿੱਚ ਭਾਰਤੀ ਲੋਕ ਸੰਗੀਤ ਅਤੇ ਪ੍ਰਾਦੇਸ਼ਿਕ ਸੰਗੀਤ ਦੀਆਂ ਵੱਖ ਵੱਖ ਵੰਨ੍ਗੀਆਂ ਦੀ ਗੂੰਜ ਸੁਣਾਈ ਦਿੰਦੀ ਤੇ ਸਾਡੀ ਅਜੋਕੀ ਨੌਜਵਾਨ ਪੀੜੀ ਸਾਡੇ ਬੇਸ਼ਕੀਮਤੀ ਤੇ ਵਿਰਾਸਤੀ ਸੰਗੀਤ ਦੇ ਰੂਬਰੂ ਹੋ ਕੇ ਉਸਦਾ ਅਨੰਦ ਲੈਂਦੀ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਰੂਹ ਨਾਲ ਸਾਂਭਦੀ,ਸਆਰਦੀ ਤੇ ਹਿਰਦੇ ‘ਚ ਵਸਾਉਂਦੀ। ਇਹ ਦਿਨ ਫੂਹੜ ਤੇ ਫਾਹਸ਼ ਕਿਸਮ ਦੇ ਸੰਗੀਤ ਅਤੇ ਭੜਕਾਊ ਗੀਤਾਂ ਦੇ ਗਾਇਕਾਂ ਦੇ ਬਾਈਕਾਟ ਦੇ ਦਿਨ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ ਤਾਂ ਆਪ ਵੀ ਪਾਕ ਹੈ ਤੇ ਇਹ ਸੁਣਨ ਵਾਲੇ ਨੂੰ ਵੀ ਪਾਕ ਕਰਦਾ ਹੈ ਪਰ ਸੁੱਚੇ ਸੰਗੀਤ ਵਿੱਚ ਜ਼ਹਿਰ ਘੋਲਣ ਵਾਲਿਆਂ ਦੇ ਸੰਗੀਤ ਦੀ ਨਾ ਤਾਂ ਉਮਰ ਲੰਮੀ ਨਹੀਂ ਹੁੰਦੀ ਹੈ ਤੇ ਨਾ ਹੀ ਉਨ੍ਹਾ ਦਾ ਕੈਰੀਅਰ ਜ਼ਿਆਦਾ ਚਿਰ ਚੜ੍ਹਾਈ ‘ਚ ਰਹਿੰਦਾ ਹੈ। ਅਜਿਹੇ ਲੋਕ ਹਵਾ ਦੇ ਬੁੱਲੇ ਵਰਗੇ ਹੁੰਦੇ ਹਨ ਜਿਸਦੀ ਮਿਆਦ ਚੰਦ ਪਲਾਂ ਤੋਂ ਵੱਧ ਨਹੀਂ ਹੁੰਦੀ ਹੈ। ਸੰਗੀਤ ਸੁੱਚਤਾ ਤੇ ਅਨੰਦ ਦਾ ਮਾਧਿਅਮ ਹੈ ਤੇ ਇਸ ਵਿੱਚ ਵਿਸ ਘੋਲਣ ਦੀ ਹਿਮਾਕਤ ਤੋਂ ਹਰ ਹਾਲ ਵਿੱਚ ਬਚਣਾ ਚਾਹੀਦਾ ਹੈ। ਇਹ ਦਿਨ ਵਿਸ਼ਵ ਦੇ ਤੇ ਭਾਰਤ ਦੇ ਮਹਾਨ ਸੰਗੀਤਕਾਰਾਂ ਨੂੰ ਯਾਦ ਕਰਨ ਤੇ ਉਨ੍ਹਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਦਿਨ ਵੀ ਹੈ।

ਸੰਪਰਕ : 97816-46008

Share this Article
Leave a comment