ਖਹਿਰਾ ਨੇ ਸੁਖਬੀਰ ਤੇ ਹਰਸਿਮਰਤ ਨੂੰ ਪਾਕਿ ਸਿੱਖ ਲੜਕੀ ਵਾਲੇ ਬਿਆਨ ‘ਤੇ ਝਾੜਿਆ, ਕਿਹਾ ਇੰਝ ਜਾਪਦੈ ਜਿਵੇਂ ਹਿਟਲਰ ਮੰਗ ਰਿਹਾ ਹੋਵੇ ਇਨਸਾਫ, ਕਾਂਗਰਸੀ ਖੁਸ਼

TeamGlobalPunjab
2 Min Read

ਚੰਡੀਗੜ੍ਹ : ਇੰਨੀ ਦਿਨੀਂ ਪਾਕਿਸਤਾਨ ‘ਚ ਅਗਵਾਹ ਕਰਕੇ ਜ਼ਬਰਦਸਤੀ ਮੁਸਲਮਾਨ ਬਣਾਈ ਗਈ ਲੜਕੀ ਦਾ ਮੁੱਦਾ ਪੰਜਾਬ ਦੀ ਸਿਆਸਤ ‘ਤੇ ਭਾਰੂ ਹੈ। ਜਿੱਥੇ ਇਸ ਸਬੰਧੀ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਕੋਲੋਂ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿੱਤੇ ਜਾਣ ਦੀ ਮੰਗ ਕੀਤੀ ਹੈ ਉੱਥੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਇਨ੍ਹਾਂ ਅਕਾਲੀ ਆਗੂਆਂ ਦੇ ਇਸ ਬਿਆਨ ਨੂੰ ਇਹ ਕਹਿ ਕੇ ਭੰਡਿਆ ਹੈ ਕਿ ਇਨ੍ਹਾਂ ਦੋਵਾਂ ਦੇ ਇਸ ਬਿਆਨ  ਤੋਂ ਇੰਝ ਜਾਪਦਾ ਹੈ ਜਿਵੇਂ ਹਿਟਲਰ ਇਨਸਾਫ ਦੀ ਮੰਗ ਕਰ ਰਿਹਾ ਹੋਵੇ।

ਦੱਸ ਦਈਏ ਕਿ ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਪਾਕਿ ਸਿੱਖ ਲੜਕੀ ਦੇ ਹੱਕ ‘ਚ ਮਾਰੇ ਗਏ ਹਾਅ ਦੇ ਨਾਅਰੇ ‘ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ ਸਮੇਂ ਬਾਦਲ ਪਰਿਵਾਰ ਜਿਹਾ ਰਜਵਾੜਾਸ਼ਾਹੀ ਪਰਿਵਾਰ ਬੇਇਨਸਾਫੀ ਜਾਂ ਤਸ਼ੱਦਦ ਵਰਗੇ ਸ਼ਬਦ ਵਰਤਦਾ ਹੈ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਹਿਟਲਰ (ਜ਼ੁਲਮ ਦਾ ਪ੍ਰਤੀਕ ਜਰਮਨ ਤਾਨਾਸ਼ਾਹ) ਹੀ ਯਹੂਦੀਆਂ (ਹਿਟਲਰ ਦੇ ਜ਼ੁਲਮ ਦੇ ਸ਼ਿਕਾਰ ਹੋਏ ਲੋਕ) ਲਈ ਇਨਸਾਫ ਦੀ ਮੰਗ ਕਰ ਰਿਹਾ ਹੋਵੇ।

ਖਹਿਰਾ ਨੇ ਕਿਹਾ ਕਿ ਸਿੱਖ ਪਰਿਵਾਰ ਨਾਲ ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ ਤੇ ਉਹ ਖੁਦ ਵੀ ਇਸ ਘਟਨਾ ਦੀ ਨਿੰਦਾ ਕਰਨ ਦੇ ਨਾਲ ਨਾਲ ਇਨਸਾਫ ਦੀ ਮੰਗ ਕਰਦੇ ਹਨ। ਪਰ ਇਸ ਦੇ ਨਾਲ ਹੀ ਉਹ ਇਹ ਕਹਿਣੋ ਗੁਰੇਜ਼ ਨਹੀਂ ਕਰਨਗੇ ਬਾਦਲ ਬੇਇਨਸਾਫੀ, ਤਸ਼ੱਦਦ, ਘੱਟ ਗਿਣਤੀਆਂ ਨਾਲ ਧੱਕਾ ਹੋਣ ਵਾਲੇ ਗੰਭੀਰ ਮਸਲਿਆਂ ‘ਤੇ ਬੋਲਣ ਦਾ ਹੱਕ ਗੁਆ ਚੁਕੇ ਹਨ। ਉਨ੍ਹਾਂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਦੇ ਮੁੱਦੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਸ ਸਮੇਂ ਸੁਖਬੀਰ ਬਾਦਲ ਅਤੇ ਹਰਸਿਮਰਤ ਨੇ ਇਸ ਦੀ ਹਿਮਾਇਤ ਕੀਤੀ ਸੀ ਤਾਂ ਉਸ ਸਮੇਂ ਮੁਸਲਮਾਨਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸੁਖਬੀਰ ਅਤੇ ਹਰਸਿਮਰਤ ਬਾਦਲ ਨੇ ਭਾਜਪਾ ਦੇ ਫਿਰਕਾਪ੍ਰਸਤ ਏਜੰਡੇ ਦਾ ਸਾਥ ਦਿੱਤਾ ਸੀ ਜੋ ਕਿ ਹਿੰਦੂ ਰਾਸ਼ਟਰ ਬਣਾਉਣ ਦਾ ਮਕਸਦ ਲੈ ਕੇ ਅੱਗੇ ਵਧ ਰਹੀ ਹੈ। ਜਿਸ ਵਿੱਚ ਘੱਟ ਗਿਣਤੀਆਂ ਲਈ ਕੋਈ ਜਗ੍ਹਾ ਨਹੀਂ ਹੈ।

Share this Article
Leave a comment