ਕੈਪਟਨ ਨੇ ਨਕਲੀ ਸ਼ਰਾਬ ਮਾਮਲੇ ‘ਚ ਡੀ.ਜੀ.ਪੀ. ਨੂੰ ਕੋਝੇ ਢੰਗ ਨਾਲ ਨਿਸ਼ਾਨਾ ਬਣਾਉਣ ਲਈ ਮਜੀਠੀਆ ਨੂੰ ਲਿਆ ਆੜੇ ਹੱਥੀ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀਆਂ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਤੇ ਉਚ ਪੇਸ਼ੇਵਾਰਨਾ ਪਹੁੰਚ ਰੱਖਣ ਵਾਲੇ ਅਫਸਰ ਉਤੇ ਮਿੱਥ ਕੇ ਹਮਲਾ ਕਰਨ ਲਈ ਕਰੜੇ ਹੱਥੀ ਲਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਵਾਪਰੀ ਨਕਲੀ ਸ਼ਰਾਬ ਦੀ ਘਟਨਾ ਦਾ ਲਾਹਾ ਖੱਟਣ ਲਈ ਅਕਾਲੀਆਂ ਵੱਲੋਂ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੇ ਰਾਜਸੀ ਹਿੱਤ ਪਾਲਣ ਲਈ ਇਕ ਹੋਰ ਸ਼ਰਮਨਾਕ ਕੋਸ਼ਿਸ਼ ਕੀਤੀ ਗਈ ਹੈ।

ਮੁੱਖ ਮੰਤਰੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਡੀ.ਜੀ.ਪੀ. ਦਿਨਕਰ ਗੁਪਤਾ ਉਤੇ ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਨੂੰ ਬਚਾਉਣ ਦੇ ਦੋਸ਼ ਲਗਾਉਣ ਸਬੰਧੀ ਦਿੱਤੇ ਬਿਆਨ ਉਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਅਕਾਲੀ ਆਗੂ ਨੇ ਐਸ.ਐਸ.ਪੀ. ‘ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸ਼ਰਾਬ ਮਾਫੀਆ ਖਿਲਾਫ ਕੀਤੀ ਸ਼ਿਕਾਇਤ ਉਤੇ ਕਾਰਵਾਈ ਕਰਨ ‘ਚ ਨਾਕਾਮ ਰਹਿਣ ਕਾਰਨ ਹੀ ਇਹ ਦੁਖਾਂਤ ਵਾਪਰਿਆ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਫਸਰ ਦੇ ‘ਬਚਾਅ’ ਵਿੱਚ ਆਉਣ ਦੀ ਲੋੜ ਹੀ ਨਹੀਂ ਹੁੰਦੀ ਜਿਸ ਦਾ ਨਸ਼ਿਆਂ, ਨਾਜਾਇਜ਼ ਸ਼ਰਾਬ ਤਸਕਰਾਂ/ਕਾਰੋਬਾਰੀਆਂ ਖਿਲਾਫ ਕਾਰਵਾਈ ਸਮੇਤ ਆਪਣਾ ਟਰੈਕ ਰਿਕਾਰਡ ਬੇਦਾਗ ਹੋਵੇ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਧਰੁਵ ਦਹੀਆ ਤਾਂ ਉਨ੍ਹਾਂ ਦੀ ਨਿੱਜੀ ਸੁਰੱਖਿਆ ਟੀਮ ਵਿੱਚ ਰਹੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ, ”ਮਾਫੀਆ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ, ਮੇਰੀ ਸੁਰੱਖਿਆ ਦੇ ਭਰੋਸੇ ਦੇ ਕਾਬਲ ਹੋ ਸਕਦਾ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਐਸ.ਐਸ.ਪੀ. ਤੇ ਡੀ.ਸੀ. ਉਨ੍ਹਾਂ ਵੱਲੋਂ ਸਿੱਧੇ ਤੌਰ ‘ਤੇ ਨਿਯੁਕਤ ਕੀਤੇ ਜਾਂਦੇ ਜਿਸ ਲਈ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਖਿਲਾਫ ਕਾਰਵਾਈ ਲਈ ਡੀ.ਜੀ.ਪੀ. ਜਾਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਜਿਵੇਂ ਝੂਠੇ ਦਾਅਵੇ ਕਰ ਰਿਹਾ ਹੈ, ਕਿਸੇ ਵੀ ਨਾਗਰਿਕ ਵੱਲੋਂ ਨਕਲੀ ਸ਼ਰਾਬ ਦੇ ਨਿਰਮਾਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ। ਅਕਾਲੀ ਆਗੂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਨੂੰ ਨਾਜਾਇਜ਼ ਸ਼ਰਾਬ ਦੇ ਨਿਰਮਾਣ ਜਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਵੇਂ ਮਜੀਠੀਆ ਵੱਲੋਂ ਦੋਸ਼ ਲਾਏ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਐਸ.ਐਸ.ਪੀ. ਵੱਲੋਂ ਸ਼ਰਾਬ ਤਸਕਰਾਂ ਨੂੰ ਬਚਾਉਣ ਦਾ ਕੋਈ ਸ਼ੱਕ ਵੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਉਸ ਅਫਸਰ ਖਿਲਾਫ ਕਾਰਵਾਈ ਕਰਦੇ ਜਿਵੇਂ ਕਿ ਉਨ੍ਹਾਂ ਇਸ ਦੁਖਾਂਤ ਵਾਪਰਨ ਤੋਂ ਬਾਅਦ ਪੰਜ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਸੀ।

- Advertisement -

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਥਾਈਂ ਕਾਰਵਾਈ ਕਰਦਿਆਂ ਕਈ ਗਿਰੋਹਾਂ ਦਾ ਪਰਦਾਫਾਸ਼ ਕੀਤਾ ਕਿਉਂ ਜੋ ਕੋਵਿਡ ਦੇ ਚੱਲਦਿਆਂ ਸ਼ਰਾਬ ਉਪਲੱਬਧ ਨਾ ਹੋਣ ਕਰਕੇ ਇਸ ਦੀ ਮੰਗ ਬਹੁਤ ਵੱਧ ਗਈ ਸੀ। ਇਨ੍ਹਾਂ ਵਿੱਚੋਂ ਕੁਝ ਨਸ਼ਾ ਤਸਕਰਾਂ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਕਈ ਕਿਸਮ ਦੇ ਰਸਾਇਣਾਂ ਨੂੰ ਮਿਲਾ ਕੇ ਨਕਲੀ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਇਹ ਦੁਖਾਂਤ ਵਾਪਰਿਆ। ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਸ ਸਾਲ ਜਨਵਰੀ ਮਹੀਨੇ ਤੋਂ ਇਸ ਸਬੰਧ ਵਿੱਚ 11,708 ਕੇਸ ਦਰਜ ਕੀਤੇ ਗਏ ਹਨ ਅਤੇ 10,639 ਗ੍ਰਿਫਤਾਰੀਆਂ ਕੀਤੀਆਂ ਗਈਆਂ।

Share this Article
Leave a comment