ਨਵੀਂ ਦਿੱਲੀ/ਟੋਕਿਓ : ਟੋਕਿਓ ਓਲੰਪਿਕ ਵਿਚ ਬੁੱਧਵਾਰ ਦੀ ਤਰ੍ਹਾਂ ਵੀਰਵਾਰ ਦਾ ਦਿਨ ਵੀ ਭਾਰਤ ਲਈ ਮੈਡਲਾਂ ਦੀਆਂ ਆਸਾਂ ਨੂੰ ਵਧਾਉਣ ਵਾਲਾ ਰਿਹਾ। ਭਾਰਤੀ ਖਿਡਾਰੀਆਂ ਨੇ ਹਾਕੀ, ਬੈਡਮਿੰਟਨ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿਚ ਅੱਵਲ ਦਰਜੇ ਦਾ ਪ੍ਰਦਰਸ਼ਨ ਕੀਤਾ, ਪਰ ਮੈਡਲ ਦੀ ਵੱਡੀ ਦਾਅਵੇਦਾਰ ਬਾਕਸਰ ਮੈਰੀ ਕਾਮ ਇੱਕ ਅੰਕ ਦੇ ਫਰਕ ਨਾਲ ਓਲੰਪਿਕ ਤੋਂ ਬਾਹਰ ਹੋ ਗਈ।
ਵੀਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ, ਸ਼ਟਲਰ ਪੀਵੀ ਸਿੰਧੂ, ਤੀਰਅੰਦਾਜ਼ ਅਤਾਨੂ ਦਾਸ ਅਤੇ ਮੁੱਕੇਬਾਜ਼ ਸਤੀਸ਼ ਕੁਮਾਰ ਦੀ ਜਿੱਤ ਨੇ ਭਾਰਤੀ ਪ੍ਰਸ਼ੰਸਕਾਂ ਦਾ ਜੋਸ਼ ਹੋਰ ਵਧਾ ਦਿੱਤਾ।
ਹਾਕੀ ਵਿਚ ਰੀਓ ਦੀ ਚੈਂਪੀਅਨ ਨੂੰ ਹਰਾਇਆ :
ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਦੋ ਮਿੰਟ ਵਿਚ ਦੋ ਗੋਲ ਕਰਦੇ ਹੋਏ ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਦਾਗੇ।
ਪੀ.ਵੀ. ਸਿੰਧੂ ਨੇ ਵਧਾਏ ਮਜ਼ਬੂਤ ਕਦਮ :
ਰੀਓ ਓਲੰਪਿਕ ਦੀ ਮੈਡਲ ਜੇਤੂ ਪੀ.ਵੀ. ਸਿੰਧੂ ਨੇ ਆਪਣੇ ਦੂਜੇ ਓਲੰਪਿਕ ਮੈਡਲ ਵੱਲ ਮਜ਼ਬੂਤ ਕਦਮ ਵਧਾਏ ਹਨ। ਉਨ੍ਹਾਂ ਮਹਿਲਾ ਸਿੰਗਲਜ਼ ਦੇ ਇੱਕ ਪਾਸੜ ਪ੍ਰੀ-ਕੁਆਟਰ ਫਾਈਨਲ ਮੁਕਾਬਲੇ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ ਸਿੱਧੀਆਂ ਗੇਮਾਂ ਵਿਚ 21-15, 21-13 ਨਾਲ ਹਰਾਇਆ।
ਅਤਾਨੂ ਦੇ ਤੀਰਾਂ ਨੇ ਕੀਤਾ ਕਮਾਲ :
ਭਾਰਤ ਦੇ ਸਟਾਰ ਤੀਰਅੰਦਾਜ਼ ਅਤਾਨੂ ਦਾਸ ਪੁਰਸ਼ ਵਿਅਕਤੀਗਤ ਮੁਕਾਬਲੇ ਦੇ ਤੀਜੇ ਦੌਰ ਵਿਚ ਪੁੱਜਣ ਵਿਚ ਸਫ਼ਲ ਰਹੇ। ਉਨ੍ਹਾਂ ਨੇ ਦੂਜੇ ਦੌਰ ਵਿਚ ਲੰਡਨ ਓਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿਚ ਗੋਲਡ ਮੈਡਲ ਜੇਤੂ ਦੱਖਣੀ ਕੋਰੀਆ ਦੇ ਓਹ ਜਿਨ ਹਯੇਕ ਨੂੰ ਸ਼ੂਟ ਆਫ ਵਿਚ ਹਰਾਇਆ। ਅਤਾਨੂ ਨੇ ਪੱਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ 6-4 ਨਾਲ ਜਿੱਤ ਦਰਜ ਕੀਤੀ।
Atanu Das pulls out the huge 🔟 in a shoot-off to upset London 2012 @Olympics Champion Oh Jin Hyek! What a shot! 🙌#ArcheryatTokyo #archery pic.twitter.com/OVlWxTsBwF
— World Archery (@worldarchery) July 29, 2021
ਮੁੱਕੇਬਾਜ਼ੀ ‘ਚ ਸਤੀਸ਼ ਦੀ ਜਿੱਤ, ਮੈਰੀ ਕਾਮ ਨੂੰ ਝਟਕਾ :
ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੇ ਜਮੈਕਾ ਦੇ ਰਿਕਾਰਡਾ ਬਰਾਊਨ ਨੂੰ 4-1 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਦਾਖ਼ਲ ਲਿਆ।
ਉੱਥੇ ਹੀ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਆਖ਼ਰੀ-16 ਦੌਰ ਦੇ ਮੁਕਾਬਲੇ ਵਿਚੋਂ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੂੰ ਰੀਓ ਓਲੰਪਿਕ ਦੀ ਬ੍ਰਾਂਜ ਮੈਡਲ ਜੇਤੂ ਇੰਗਰਿਟ ਵਾਲੇਂਸੀਆ ਨੇ 3-2 ਨਾਲ ਹਰਾਇਆ।
ਕੁੱਲ ਮਿਲਾ ਕੇ ਭਾਰਤੀ ਖਿਡਾਰੀਆਂ ਲਈ ਵੀਰਵਾਰ ਦਾ ਦਿਨ ਮੈਡਲਾਂ ਵੱਲ ਕਦਮ ਵਧਾਉਣ ਵਾਲਾ ਰਿਹਾ। ਭਾਰਤੀ ਖੇਡ ਪ੍ਰਸ਼ੰਸਕ ਅਰਦਾਸਾਂ ਕਰ ਰਹੇ ਹਨ ਕਿ ਭਾਰਤੀ ਖਿਡਾਰੀ ਇਸ ਵਾਰ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਨ ਅਤੇ ਮੈਡਲ ਲੈ ਕੇ ਘਰ ਪਰਤਣ।