ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮ ਕਰਨ ਵਾਲੇ ਇੱਕ ਭਾਰਤੀ ‘ਤੇ ਯਾਤਰੀ ਦੇ ਬੈਗ ‘ਚੋਂ ਦੋ ਅੰਬ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 27 ਸਾਲਾ ਭਾਰਤੀ ਨਾਗਰਿਕ ‘ਤੇ 2017 ਵਿੱਚ ਅੰਬ ਚੋਰੀ ਕਰਨ ਦਾ ਦੋਸ਼ ਲੱਗਿਆ ਸੀ। ਇਸ ਵਿਅਕਤੀ ਨੇ ਸਵੀਕਾਰ ਵੀ ਕੀਤਾ ਹੈ ਕਿ ਉਸ ਨੇ ਭਾਰਤ ਜਾ ਰਹੇ ਸਮਾਨ ਤੋਂ ਛੇ ਦਿਰਹਾਮ ਦੀ ਕੀਮਤ ਵਾਲੇ ਦੋ ਅੰਬ ਚੋਰੀ ਕੀਤੇ ਸਨ । ਪਿਛਲੇ ਸਾਲ ਅਪ੍ਰੈਲ ਵਿੱਚ ਪੁਲਿਸ ਨੇ ਉਸ ਨੂੰ ਸਮਨ ਭੇਜ ਕੇ ਪੁੱਛਗਿਛ ਕੀਤੀ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਅੰਬ ਚੋਰੀ ਕਰਨ ਦੀ ਦੱਸੀ ਇਹ ਵਜ੍ਹਾ
ਰਿਪੋਰਟਾਂ ਅਨੁਸਾਰ ਦੋਸ਼ੀ ਵਿਅਕਤੀ ਨੇ ਕਿਹਾ ਕਿ ਉਸ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਅਤੇ ਉਹ ਪਾਣੀ ਦੀ ਤਲਾਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਸਾਹਮਣੇ ਫਲਾਂ ਦਾ ਇੱਕ ਡੱਬਾ ਆਇਆ ਉਸਨੇ ਉਸ ਡੱਬੇ ਤੋਂ ਦੋ ਅੰਬ ਕੱਢੇ ਤੇ ਖਾ ਲਏ। ਦੱਸ ਦੇਈਏ ਕਿ ਇਨ੍ਹਾਂ ਅੰਬਾਂ ਦੀ ਕੀਮਤ ਛੇ ਦਿਰਹਾਮ ( ਲਗਭਗ 120 ਰੁਪਏ) ਸੀ।
ਜਾਣਕਾਰੀ ਦੇ ਮੁਤਾਬਕ ਦੋਸ਼ੀ ਵਿਅਕਤੀ ਨੇ ਇਹ ਅੰਬ ਸਾਲ 2017 ‘ਚ ਖਾਧੇ ਸਨ ਤੇ ਉਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਇਸ ਪ੍ਰਕਿਰਿਆ ‘ਚ ਇੰਨਾ ਸਮਾਂ ਕਿਉਂ ਲੱਗਿਆ। ਦੁਬਈ ਪੁਲਿਸ ਦੇ ਵਕੀਲ ਨੇ ਦੱਸਿਆ ਕਿ ਸਕਿਓਰਿਟੀ ਗਾਰਡ ਨੇ ਸਰਵਿਲਾਂਸ ਕੈਮਰੇ ਵਿੱਚ ਵੇਖਿਆ ਕਿ ਕੋਈ ਵਿਅਕਤੀ ਭਾਰਤ ਜਾਣ ਵਾਲੀ ਉਡ਼ਾਣ ਵਿੱਚ ਇੱਕ ਯਾਤਰੀ ਦਾ ਸਮਾਨ ਕੱਢ ਰਿਹਾ ਹੈ। ਪਰ ਹੁਣ 2019 ਵਿੱਚ ਇਹ ਮਾਮਲਾ ਸਾਹਮਣੇ ਕਿਉਂ ਆਇਆ ਹੈ ਇਸ ਵਾਰੇ ਰਿਕਾਰਡ ‘ਚ ਕੁਝ ਨਹੀਂ ਦੱਸਿਆ ਗਿਆ ਹੈ।
ਦੋਸ਼ ਸਾਬਤ ਹੋਣ ‘ਤੇ ਹੋ ਸਕਦੀ ਹੈ ਜੇਲ੍ਹ
ਇਸ ਮਾਮਲੇ ‘ਚ ਅਦਾਲਤ ਦਾ ਫੈਸਲਾ 23 ਸਤੰਬਰ ਨੂੰ ਆਵੇਗਾ। ਜੇਕਰ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸਨੂੰ ਚੋਰੀ ਕੀਤੇ ਗਏ ਫਲਾਂ ਦੀ ਕੀਮਤ ਚੁਕਾਉਣੀ ਹੋਵੇਗੀ ਅਤੇ ਉਸਨੂੰ ਜੇਲ੍ਹ ਵੀ ਹੋ ਸਕਦੀ ਹੈ।