ਪਾਕਿਸਤਾਨ: ਕਵੇਟਾ ਦੇ ਸੇਰੇਨਾ ਹੋਟਲ ਨੇੜੇ ਧਮਾਕਾ, 2 ਪੁਲਿਸ ਮੁਲਾਜ਼ਮਾਂ ਦੀ ਮੌਤ, 12 ਜ਼ਖਮੀ

TeamGlobalPunjab
2 Min Read

ਬਲੋਚਿਸਤਾਨ: ਪਾਕਿਸਤਾਨ ਦੇ  ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ‘ਚ ਸੇਰੇਨਾ ਹੋਟਲ ਨੇੜੇ ਐਤਵਾਰ ਨੂੰ ਪੁਲਿਸ ਦੀ ਵੈਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ‘ਚ ਘੱਟੋ-ਘੱਟ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ  8 ਪੁਲਿਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖਮੀ ਹੋ ਗਏ।

ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬੰਬ ਮੋਟਰਸਾਈਕਲ ਨਾਲ ਫਿੱਟ ਕੀਤਾ ਗਿਆ ਸੀ।”ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸ਼ਾਹਵਾਨੀ ਨੇ ਦੱਸਿਆ ਕਿ ਕਵੇਟਾ ਦੇ ਸੇਰੇਨਾ ਹੋਟਲ ਨੇੜੇ ਤੰਜ਼ੀਮ ਸਕੁਏਅਰ ਵਿੱਚ ਪੁਲਿਸ ਦੀ  ਵੈਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿੱਚ ਚਾਰ ਰਾਹਗੀਰ ਵੀ ਜ਼ਖਮੀ ਹੋਏ ਹਨ।ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਕਿਹਾ ਕਿ ਧਮਾਕੇ ਕਾਰਨ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ।ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਬਲੋਚ ਰਾਸ਼ਟਰਵਾਦੀ ਸੂਬੇ ਵਿੱਚ ਸਰਗਰਮ ਹਨ ਅਤੇ ਅਕਸਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਲ ਖਾਨ ਨੇ ਘਟਨਾ ਦੀ ਨਿੰਦਾ ਕੀਤੀ ਹੈ।ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਵੈਨ ਨੂੰ ਮੋਟਰਸਾਈਕਲ ਨਾਲ ਜੁੜੇ ਇੱਕ ਵਿਸਫੋਟਕ ਉਪਕਰਣ (ਆਈਈਡੀ) ਰਾਹੀਂ ਨਿਸ਼ਾਨਾ ਬਣਾਇਆ ਗਿਆ।ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਮੁਖੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਾਅ ਕਰਨੇ ਚਾਹੀਦੇ ਹਨ।

Share This Article
Leave a Comment