ਸੰਸਦ ‘ਚ ਸੁਰੱਖਿਆ ਦੀ ਵੱਡੀ ਕੁਤਾਹੀ!

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਅੱਜ ਦੇਸ਼ ਦੀ ਨਵੀਂ ਸੰਸਦ ਵਿੱਚ ਹੋਈ ਸੁਰੱਖਿਆ ਦੀ ਵੱਡੀ ਕੁਤਾਹੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਖਾਸ ਤੌਰ ਉੱਤੇ ਅੱਜ ਦਾ ਦਿਨ ਉਹ ਚੇਤਾ ਕਰਾਉਂਦਾ ਹੈ ਜਦੋਂ ਦੇਸ਼ ਦੇ ਦੁਸ਼ਮਣਾਂ ਨੇ 13 ਦਸੰਬਰ 2001 ਨੂੰ ਪਾਰਲੀਮੈਂਟ ਉੱਪਰ ਹਮਲਾ ਕੀਤਾ ਸੀ ਅਤੇ ਹਮਲੇ ਵਿਚ ਸ਼ਹੀਦੀਆਂ ਵੀ ਹੋਈਆਂ ਸਨ।

ਅੱਜ ਸਦਨ ਅੰਦਰ ਦੁਪਹਿਰ ਇੱਕ ਵਜੇ ਦੇ ਕਰੀਬ ਮੈਂਬਰ ਵੱਖ-ਵੱਖ ਮੁੱਦਿਆਂ ਉੱਪਰ ਚਰਚਾ ਕਰ ਰਹੇ ਸਨ ਤਾਂ ਦੋ ਨੌਜਵਾਨਾਂ ਨੇ ਸੰਸਦ ਦੀ ਗੈਲਰੀ ਵਿਚੋਂ ਸੰਸਦ ਦੇ ਸਦਨ ਅੰਦਰ ਛਾਲ਼ਾਂ ਮਾਰ ਦਿੱਤੀਆਂ। ਇਸ ਨਾਲ ਸੰਸਦ ਮੈਂਬਰਾਂ ਵਿੱਚ ਹਿੱਲਜੁਲ ਹੋ ਗਈ। ਇਹ ਨੌਜਵਾਨ ਬੈਂਚਾਂ ਦੇ ਉੱਪਰੋਂ ਟੱਪ ਕੇ ਦੌੜ ਰਹੇ ਸਨ। ਉਨਾਂ ਦੇ ਹੱਥਾਂ ਵਿਚ ਹਰੇ ਰੰਗ ਦਾ ਪੈਕਟ ਸੀ ਜਿਸ ਦੇ ਖਿਲਰਨ ਨਾਲ ਇੱਕ ਵਾਰ ਧੂੰਆਂ ਹੋ ਗਿਆ ਪਰ ਉਹ ਨੁਕਸਾਨਦੇਹ ਨਹੀਂ ਸੀ। ਕੁਝ ਪਾਰਲੀਮੈਂਟ ਮੈਂਬਰਾਂ ਅਤੇ ਸੰਸਦ ਦੀ ਸਕਿਊਰਿਟੀ ਨੇ ਨੇ ਦੋਹਾਂ ਯੁਵਕਾਂ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਸਪੀਕਰ ਨੇ ਕਿਹਾ ਕਿ ਕੋਈ ਚਿੰਤਾ ਵਾਲੀ ਗੱਲ ਨਹੀ ਹੈ। ਹਰੇ ਰੰਗ ਨਾਲ ਵੀ ਕੋਈ ਨਿਕਸਾਨ ਨਹੀਂ ਹੋਇਆ ਪਰ ਜਾਂਚ ਬਾਅਦ ਸਾਰੀ ਜਾਣਕਾਰੀ ਸੰਸਦ ਮੈਂਬਰਾਂ ਨਾਲ ਸਾਂਝੀ ਕੀਤੀ ਜਾਵੇਗੀ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਐਨੇ ਵੱਡੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕੁਤਾਹੀ ਕਿਵੇਂ ਵਾਪਰ ਗਈ? ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ ਹੋਵੇ, ਦਰਸ਼ਕ ਗੈਲਰੀ ਦਾ ਪਾਸ ਕਈ ਕੜੀਆਂ ਦੀ ਪ੍ਰਵਾਨਗੀ ਬਾਅਦ ਬਣਦਾ ਹੈ। ਬੇਸ਼ੱਕ ਜਾਂਚ ਬਾਅਦ ਸਾਰੀ ਅਸਲੀਅਤ ਸਾਹਮਣੇ ਆਏਗੀ ਪਰ ਦੇਸ਼ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਕੁਤਾਹੀ ਲਈ ਕੌਣ ਜਿੰਮੇਵਾਰ ਹੈ। ਦੇਸ਼ ਦੀ ਜਮਹੂਰੀਅਤ ਦੇ ਸਭ ਤੋਂ ਵੱਡੇ ਸਦਨ ਵਿਚ ਸੁਰੱਖਿਆ ਦੀ ਕੁਤਾਹੀ ਗੰਭੀਰ ਮਾਮਲਾ ਹੈ ਅਤੇ ਇਸ ਲਈ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

- Advertisement -

13 ਦਸੰਬਰ 2001 ਨੂੰ ਜਦੋਂ ਪਾਰਲੀਮੈਂਟ ਉੱਪਰ ਹਮਲਾ ਹੋਇਆ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ। ਮੈਡਮ ਸੋਨੀਆ ਗਾਂਧੀ ਵਿਰੋਧੀ ਧਿਰ ਦੇ ਨੇਤਾ ਸਨ ਅਤੇ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਸਨ। ਅੱਜ ਪਾਰਲਮੈਂਟ ਮੈਬਰਾਂ ਅਤੇ ਲੀਡਰਸ਼ਿਪ ਨੇ ਸਵੇਰ ਵੇਲੇ ਪਿਛਲੇ ਹਮਲੇ ਵਿਚ ਹੋਏ ਸ਼ਹੀਦਾਂ ਨੂੰ ਯਾਦ ਕੀਤਾ ।ਬੇਸ਼ੱਕ ਅੱਜ ਦੀ ਘਟਨਾ ਦਾ ਉਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਦਿੱਲੀ ਪੁਲੀਸ ਦੀ ਮੁੱਢਲੀ ਜਾਂਚ ਅਨੁਸਾਰ ਇਨਾਂ ਯੁਵਕਾਂ ਦਾ ਕਿਸੇ ਖਾੜਕੂ ਸਰਗਰਮੀ ਨਾਲ ਕੋਈ ਸਬੰਧ ਨਹੀਂ ਹੈ ਪਰ ਸੁਰੱਖਿਆ ਦੀ ਕੁਤਾਹੀ ਚਿੰਤਾ ਦਾ ਮਾਮਲਾ ਹੈ। ਪੰਜਾਬ ਕਾਂਗਰਸ ਦੇ ਐਮ ਪੀ ਔਜਲਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਅਜਿਹਾ ਕਿਉਂ ਵਾਪਰਿਆ ਹੈ।

ਸੰਪਰਕਃ 9814002186

Share this Article
Leave a comment