ਟੋਰਾਂਟੋ: ਕੈਨੇਡਾ ਵਲੋਂ ਚੀਨੀ ਕੰਪਨੀ ਹੁਵਾਈ ਦੀ ਇਕ ਅਧਿਕਾਰੀ ਖਿਲਾਫ ਅਮਰੀਕੀ ਹਵਾਲਗੀ ਅਪੀਲ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਆ ਵਿਭਾਗ ਨੇ ਕਿਹਾ ਕਿ ਹੁਵਾਈ ਟੈਕਨਾਲੋਜੀ ਲਿਮਟਿਡ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੋਊ ਖਿਲਾਫ ਮਾਮਲੇ ਦੀ ਸਮੀਖਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਇਹ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਇਹ ਕੰਪਨੀ ਫੋਨ ਅਤੇ ਇੰਟਰਨੈੱਟ ਕੰਪਨੀਆਂ ਲਈ ਨੈਟਵਰਕ ਯੰਤਰ ਦੀ ਸਭ ਤੋਂ ਵੱਡੀ ਸੰਸਾਰਕ ਨਿਰਮਾਤਾ ਹੈ। ਵਿਭਾਗ ਦੇ ਇਕ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਕੈਨੇਡਾ ਆਪਣੇ ਕਾਨੂੰਨਾਂ ਦਾ ਪਾਲਨ ਕਰ ਰਿਹਾ ਹੈ।
ਮੇਂਗ ਨੂੰ ਇਕ ਦਸੰਬਰ ਨੂੰ ਵੈਨਕੁਵਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਅਤੇ ਚੀਨ ਵਿਚਾਲੇ ਡਿਪਲੋਮੈਟਿਕ ਤਣਾਅ ਵੱਧ ਗਿਆ ਸੀ। ਬੀਜਿੰਗ ਨੇ ਅਮਰੀਕਾ ‘ਤੇ ਦੋਸ਼ ਲਗਾਇਆ ਹੈ ਕਿ ਉਹ ਅਮਰੀਕੀ ਤਕਨਾਲੋਜੀ ਵੇਚਣ ਵਾਲਿਆਂ ਦੇ ਇਕ ਸੰਭਾਵਿਤ ਮੁਕਾਬਲੇਬਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਂਗ ਹੁਵਾਈ ਦੇ ਸੰਸਥਾਪਕ ਦੀ ਧੀ ਹੈ। ਉਨ੍ਹਾਂ ‘ਤੇ ਈਰਾਨ ਨਾਲ ਕੰਪਨੀ ਦੇ ਲੈਣ-ਦੇਣ ਬਾਰੇ ਬੈਂਕਾਂ ਨੂੰ ਝੂਠੀ ਜਾਣਕਾਰੀ ਦੇਣ ਦਾ ਦੋਸ਼ ਹੈ ਅਤੇ ਇਹ ਈਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਹੈ।
ਵੈਨਕੁਵਰ ਵਿਚ ਫਿਲਹਾਲ ਜ਼ਮਾਨਤ ‘ਤੇ ਰਿਹਾਅ ਹੈ ਅਤੇ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਹੋਵੇਗੀ, ਜਦੋਂ ਹਵਾਲਗੀ ਦੀ ਸੁਣਵਾਈ ਹੋਣੀ ਹੈ। ਅਮਰੀਕੀ ਅਪੀਲ ਨੂੰ ਮਨਜ਼ੂਰੀ ਦੇਣ ‘ਤੇ ਦਲੀਲਾਂ ‘ਤੇ ਇਕ ਜੱਜ ਸੁਣਵਾਈ ਕਰਨਗੇ। ਇਸ ਸਿਲਸਿਲੇ ਵਿਚ ਅੱਗੇ ਵਧਣਾ ਇਕ ਰਸਮ ਹੈ। ਹਵਾਲਗੀ ਦੇ ਫੈਸਲੇ ‘ਤੇ ਕੈਨੇਡਾ ਦੇ ਨਿਆ ਮੰਤਰੀ ਦੀ ਮਨਜ਼ੂਰੀ ਜ਼ਰੂਰੀ ਹੈ। ਉਥੇ ਹੀ ਚੀਨ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਮੇਂਗ ਦੇ ਅਧਿਕਾਰਾਂ ਦਾ ਗੰਭੀਰ ਘਾਣ ਹੈ ਅਤੇ ਵਾਸ਼ਿੰਗਟਨ ਤੋਂ ਆਪਣੀ ਹਵਾਲਗੀ ਅਪੀਲ ਵਾਪਸ ਲੈਣ ਦੀ ਮੰਗ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਨੇ ਆਪਣੇ ਦੋ ਪੱਖੀ ਹਵਾਲਗੀ ਸਮਝੌਤੇ ਦੀ ਦੁਰਵਰਤੋਂ ਕੀਤੀ ਹੈ।