ਲਾਭਦਾਇਕ ਸਿਰਫ਼ਿਡ ਮੱਖੀਆਂ ਅਤੇ ਹਾਨੀਕਾਰਕ ਫ਼ਲ ਦੀਆਂ ਮੱਖੀਆਂ ਦੀ ਪਛਾਣ ਕਿਵੇਂ ਕਰੀਏ

TeamGlobalPunjab
6 Min Read

ਸਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਸ਼ੇਰਾ

ਸਿਰਫ਼ਿਡ ਮੱਖੀਆਂ ਬਾਗਾਂ ਦੇ ਲਾਭਦਾਇਕ ਮਿੱਤਰ ਕੀੜੇ ਹਨ ਜੋ ਕਿ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਹਨ ਜਦਕਿ ਫ਼ਲ ਦੀਆਂ ਮੱਖੀਆਂ ਬਹੁਤ ਹੀ ਹਾਨੀਕਾਰਕ ਕੀੜੇ ਹਨ ਕਿਉਂਕਿ ਇਹ ਬਾਗਾਂ ਵਿੱਚ ਫ਼ਲਾਂ ਦਾ ਬਹੁਤ ਨੁਕਸਾਨ ਕਰਦੀਆਂ ਹਨ। ਬਾਹਰੀ ਦਿੱਖ ਤਕਰੀਬਨ ਇੱਕੋ ਜਿਹੀ ਹੋਣ ਕਰਕੇ ਸਿਰਫ਼ਿਡ ਮੱਖੀਆਂ ਅਤੇ ਫ਼ਲ ਦੀਆਂ ਮੱਖੀਆਂ ਦੇਖਣ ਨੂੰ ਇੱਕੋ ਜਿਹੀਆਂ ਹੀ ਲਗਦੀਆਂ ਹਨ। ਬਾਗਬਾਨ ਆਮ ਤੌਰ ਤੇ ਇਨ੍ਹਾਂ ਦੋਵਾਂ ਕੀੜਿਆਂ ਦੀ ਪਛਾਣ ਕਰਨ ਵਿੱਚ ਭੁਲੇਖਾ ਖਾ ਜਾਂਦੇ ਹਨ। ਉਨ੍ਹਾਂ ਨੂੰ ਲਾਭਦਾਇਕ ਸਿਰਫ਼ਿਡ ਮੱਖੀ ਵੀ ਹਾਨੀਕਾਰਕ ਫ਼ਲ ਦੀ ਮੱਖੀ ਲਗਦੀ ਹੈ ਜਿਸ ਕਾਰਨ ਉਹ ਗੈਰ-ਜ਼ਰੂਰੀ ਛਿੜਕਾਅ ਕਰਨ ਲੱਗ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਬਹੁਤ ਹੀ ਮਿਹਨਤ ਨਾਲ ਕਮਾਇਆ ਧਨ ਅਜਾਈਂ ਜਾਂਦਾ ਹੈ, ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਛਿੜਕਾਅ ਕਾਰਨ ਉਨ੍ਹਾਂ ਦੇ ਬਾਗਾਂ ਵਿੱਚ ਹੋਰ ਮਿੱਤਰ ਕੀੜਿਆਂ ਦੀ ਗਿਣਤੀ ਵੀ ਘੱਟ ਜਾਂਦੀ ਹੈ।

ਬਾਗਬਾਨਾਂ ਦੀ ਇਸ ਮੁਸ਼ਕਿਲ ਦੇ ਮੱਦੇ-ਨਜ਼ਰ ਇਸ ਲੇਖ ਦੇ ਜ਼ਰੀਏ ਸਿਰਫ਼ਿਡ ਮੱਖੀਆਂ ਅਤੇ ਫ਼ਲ ਦੀਆਂ ਮੱਖੀਆਂ ਦੀ ਪਛਾਣ ਵਿੱਚ ਅੰਤਰ ਫ਼ੋਟੋਆਂ ਅਤੇ ਸਰੀਰਕ ਬਣਤਰ ਦੇ ਲੱਛਣਾਂ ਰਾਹੀਂ ਦੱਸਣ ਦਾ ਯਤਨ ਕੀਤਾ ਗਿਆ ਹੈ।

ਸਿਰਫ਼ਿਡ ਮੱਖੀਆਂ: ਇਨ੍ਹਾਂ ਮਿੱਤਰ ਮੱਖੀਆਂ ਨੂੰ ਹੋਵਰ ਫ਼ਲਾਈ ਜਾਂ ਫ਼ੁੱਲਾਂ ਦੀ ਮੱਖੀ ਜਾਂ ਸੂਰਜ ਦੀ ਮੱਖੀ ਜਾਂ ਡਰੋਨ ਮੱਖੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਬੱਚੇ ਚੇਪਿਆਂ ਨੂੰ ਖਾਣ ਵਾਲੇ ਅਤੇ ਮਹੱਤਵਪੂਰਨ ਮਿੱਤਰ ਕੀੜੇ ਹਨ। ਚੇਪਿਆਂ ਤੋਂ ਇਲਾਵਾ ਇਨ੍ਹਾਂ ਮੱਖੀਆਂ ਦੀਆਂ ਸੁੰਡੀਆਂ ਥਰਿੱਪ, ਛੋਟੀਆਂ ਸੁੰਡੀਆਂ, ਸਿਟਰਸ ਸਿੱਲਾ, ਨਿੰਬੂ ਜਾਤੀ ਦਾ ਸੁਰੰਗੀ ਕੀੜਾ ਅਤੇ ਹੋਰ ਹੌਲੀ ਚੱਲਣ ਵਾਲੇ ਕੀੜਿਆਂ ਨੂੰ ਖਾਂਦੀਆਂ ਹਨ।ਇਨ੍ਹਾਂ ਮੱਖੀਆਂ ਦੀਆਂ ਸੁੰਡੀਆਂ ਲੱਤਾਂ ਤੋਂ ਰਹਿਤ, ਝੁਰੜੀਦਾਰ ਸਰੀਰ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਿਰ ਵਾਲਾ ਹਿੱਸਾ ਤਿੱਖਾ ਜਿਹਾ ਹੁੰਦਾ ਹੈ।ਇਸਦੇ ਪਿਊਪੇ ਦਾ ਆਕਾਰ ਪਾਣੀ ਦੇ ਬੁਲਬੁਲੇ ਜਾਂ ਹੰਝੂ ਦੇ ਵਰਗਾ ਹੁੰਦਾ ਹੈ।ਪਿਊਪਾ ਪੱਤੇ ਦੇ ਹੇਠਲੇ ਪਾਸੇ ਨਜ਼ਰ ਆਉਂਦਾ ਹੈ ਜਾਂ ਬੂਟੇ ਦੇ ਹੇਠਾਂ ਮਿੱਟੀ ਵਿੱਚ ਚਲੇ ਜਾਂਦਾ ਹੈ।ਬਾਲਗ ਮੱਖੀਆਂ ਆਮ ਤੌਰ ਤੇ ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਦੌਰਾਨ ਲੀਚੀ, ਅੰਬ, ਨਿੰਬੂ ਜਾਤੀ, ਆੜੂ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਫ਼ੁੱਲਾਂ ਉਪਰ ਉਡਦੀਆਂ ਨਜ਼ਰ ਆਉਂਦੀਆਂ ਹਨ।ਪੰਜਾਬ ਦੇ ਬਾਗਾਂ ਵਿੱਚ ਮਿਲਣ ਵਾਲੀ ਸਿਰਫ਼ਿਡ ਮੱਖੀ ਦੀਆਂ ਪ੍ਰਮੁੱਖ ਜਾਤੀਆਂ ਦੇ ਨਾਂ ਐਪੀਸਿਰਫ਼ਸ ਵਿਰੀਡੋਰੀਅਸ ਅਤੇ ਇਸ਼ੀਅੋਡੋਨ ਸਕੂਟੇਲੈਰਿਸ ਹਨ।

- Advertisement -

ਬਾਲਗ ਸਿਰਫ਼ਿਡ ਮੱਖੀਆਂ ਆਪਣੇ ਸਰੀਰ ਤੇ ਬਣੀਆਂ ਕਾਲੀਆਂ ਅਤੇ ਪੀਲੀਆਂ ਧਾਰੀਆਂ ਕਰਕੇ ਦੇਖਣ ਨੂੰ ਫ਼ਲ ਦੀ ਮੱਖੀਆਂ ਵਰਗੀਆਂ ਨਜ਼ਰ ਆਉਂਦੀਆਂ ਹਨ।ਇਹ ਮੱਖੀਆਂ ਖਾਸ ਤਰੀਕੇ ਨਾਲ ਹਵਾ ਵਿੱਚ ਉਡਣ ਕਰਕੇ ਅਸਾਨੀ ਨਾਲ ਪਛਾਣੀਆਂ ਜਾ ਸਕਦੀਆਂ ਹਨ। ਇਹ ਕਾਫ਼ੀ ਤੇਜ਼ ਉਡਦੀਆਂ ਹਨ। ਬਾਲਗ ਮੱਖੀਆਂ ਫ਼ੁੱਲਾਂ ਤੋਂ ਪਰਾਗ ਖਾ ਕੇ ਅਤੇ ਰਸ ਪੀ ਕੇ ਆਪਣਾ ਜੀਵਨ ਬਤੀਤ ਕਰਦੀਆਂ ਹਨ ਅਤੇ ਫ਼ੁੱਲਾਂ ਦੇ ਪਰ-ਪਰਾਗਣ ਵਿੱਚ ਮਦਦਗਾਰ ਹੁੰਦੀਆਂ ਹਨ।ਇਹ ਮੱਖੀਆਂ ਰਸ ਚੂਸਣ ਵਾਲੇ ਕੀੜਿਆਂ ਦੁਆਰਾ ਪੈਦਾ ਕੀਤੇ ਮਿੱਠੇ ਮਲ-ਮੂਤਰ ਅਤੇ ਅਤੇ ਸ਼ਹਿਦ ਵਰਗੇ ਪਦਾਰਥ (ਹਨੀਡਿਊ) ਨੂੰ ਵੀ ਖਾਂਦੀਆਂ ਹਨ।

ਫ਼ਲ ਦੀਆਂ ਮੱਖੀਆਂ ਫ਼ਲਾਂ ਦੇ ਬਹੁਤ ਹੀ ਹਾਨੀਕਾਰਕ ਕੀੜੇ ਹਨ। ਪੰਜਾਬ ਵਿੱਚ ਉਰੀਐਂਟਲ ਫ਼ਲ ਦੀ ਮੱਖੀ, ਬੈਕਟਰੋਸੈਰਾ ਡਾਰਸੈਲਿਸ ਅਤੇ ਆੜੂ ਦੇ ਫ਼ਲ ਦੀ ਮੱਖੀ, ਬੈਕਟਰੋਸੈਰਾ ਜ਼ੋਨਾਟਾ ਬਹੁਤ ਸਾਰੇ ਫ਼ਲਾਂ ਦਾ ਨੁਕਸਾਨ ਕਰਦੀਆਂ ਹਨ। ਪੰਜਾਬ ਵਿੱਚ ਇਨ੍ਹਾਂ ਮੱਖੀਆਂ ਦੀ ਜਨਸੰਖਿਆ ਮਾਰਚ ਤੋਂ ਅਪ੍ਰੈਲ ਦੌਰਾਨ ਲੁਕਾਠ ਤੇ, ਮਾਰਚ ਤੋਂ ਅਪ੍ਰੈਲ ਦੌਰਾਨ ਬੇਰ ਤੇ, ਅਪ੍ਰੈਲ ਤੋਂ ਮਈ ਦੌਰਾਨ ਆੜੂ ਅਤੇ ਅਲੂਚੇ ਤੇ, ਮਈ ਤੋਂ ਜੁਲਾਈ ਦੌਰਾਨ ਅੰਬ ਤੇ, ਜੁਲਾਈ ਤੋਂ ਅਗਸਤ ਦੌਰਾਨ ਨਾਸ਼ਪਾਤੀ ਅਤੇ ਨਾਖਾਂ ਤੇ, ਜੁਲਾਈ ਤੋਂ ਅਕਤੂਬਰ ਦੌਰਾਨ ਅਮਰੂਦ ਤੇ ਅਤੇ ਅਗਸਤ ਤੋਂ ਨਵੰਬਰ ਦੌਰਾਨ ਨਿੰਬੂ ਜਾਤੀ ਦੇ ਫ਼ਲਾਂ ਤੇ ਖਾਸ ਤੌਰ ਤੇ ਕਿੰਨੂ ਦੇ ਫ਼ਲਾਂ ਤੇ ਮਿਲਦੀ ਹੈ। ਇਨ੍ਹਾਂ ਫ਼ਲਾਂ ਤੋਂ ਇਲਾਵਾ ਜਨਸੰਖਿਆ ਹੋਰ ਘੱਟ ਮਹੱਤਵਪੂਰਨ ਫ਼ਲਾਂ ਜਿਵੇਂ ਕਿ ਫ਼ਾਲਸਾ, ਅੰਜੀਰ, ਜਾਮਣ, ਅਨਾਰ ਅਤੇ ਘੱਟ ਮਹੱਤਵਪੂਰਨ ਮੇਜ਼ਬਾਨ ਫ਼ਲਾਂ ਜਿਵੇਂ ਕਿ ਚੀਕੂ, ਅੰਗੂਰ ਅਤੇ ਲੀਚੀ ਉਪਰ ਪਲਦੀ ਅਤੇ ਤਬਦੀਲ ਹੁੰਦੀ ਰਹਿੰਦੀ ਹੈ।ਮੱਖੀਆਂ ਦੀ ਲਗਾਤਾਰ ਵਧਦੀ ਹੋਈ ਜਨਸੰਖਿਆ ਬਰਸਾਤ ਦੇ ਮੌਸਮ ਵਾਲੇ ਅਮਰੂਦ ਦੇ ਫ਼ਲਾਂ ਤੇ ਆ ਜਾਂਦੀ ਹੈ ਅਤੇ ਜੁਲਾਈ ਤੋਂ ਨਵੰਬਰ ਤੱਕ ਭਾਰੀ ਨੁਕਸਾਨ ਕਰਦੀ ਹੈ।

ਜਦੋਂ ਫ਼ਲ ਪੱਕਣ ਲੱਗ ਜਾਂਦੇ ਹਨ ਤਾਂ ਜਵਾਨ ਮਾਦਾ ਮੱਖੀ ਆਪਣੇ ਅੰਡੇ ਦੇਣ ਵਾਲੇ, ਸੂਈ ਵਰਗੇ ਤਿੱਖੇ ਅੰਗ ਨਾਲ ਫ਼ਲਾਂ ਵਿੱਚ ਛੇਕ ਕਰਕੇ ਅੰਡੇ ਫ਼ਲ ਦੇ ਅੰਦਰ ਦੇ ਦਿੰਦੀ ਹੈ।ਅੰਡਿਆਂ ਵਿੱਚੋਂ ਸੁੰਡੀਆਂ ਨਿਕਲਣ ਤੋਂ ਬਾਦ ਇਹ ਸੁੰਡੀਆਂ ਫ਼ਲਾਂ ਦੇ ਅੰਦਰਲੇ ਗੁੱਦੇ ਨੂੰ ਖਾਂਦੀਆਂ ਹਨ। ਫ਼ਲ ਵਿੱਚ ਬਣਾਈਆਂ ਸੁਰੰਗਾਂ (ਮੋਰੀਆਂ) ਕੀਟਾਣੂਆਂ ਅਤੇ ਉਲੀ ਦੇ ਹਮਲੇ ਲਈ ਉਤਮ ਵਾਤਾਵਰਣ ਬਣਾਉਂਦੀਆਂ ਹਨ ਜਿਸ ਨਾਲ ਫ਼ਲ ਹੌਲ਼ੀ-ਹੌਲ਼ੀ ਗਲ਼ਣ ਲੱਗਦਾ ਹੈ। ਫ਼ਲ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕਿਰ ਜਾਂਦੇ ਹਨ। ਨੁਕਸਾਨ ਦਾ ਕਾਰਨ ਕੋਈ ਵੀ ਹੋਵੇ, ਫ਼ਲ਼ਾਂ ਦੇ ਡਿੱਗਣ ਨਾਲ ਅਤੇ ਮੰਡੀਕਰਨ ਯੋਗ ਫ਼ਲਾਂ ਦੀ ਘਾਟ ਕਾਰਨ ਫ਼ਲ ਉਤਪਾਦਕਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਸਹਿਣ ਕਰਨਾ ਪੈਂਦਾ ਹੈ।

ਫ਼ਲ ਦੀਆਂ ਮੱਖੀਆਂ ਦੇ ਖੁੰਭਾਂ, ਧੜ ਅਤੇ ਸਰੀਰ ਦੇ ਪਿਛਲੇ ਹਿੱਸੇ ਤੇ ਵੱਖ-ਵੱਖ ਰੰਗਾਂ ਅਤੇ ਆਕਾਰਾਂ ਦੀਆਂ ਪੱਟੀਆਂ ਬਣੀਆਂ ਹੁੰਦੀਆਂ ਹਨ ।

ਪੂਰੀ ਆਸ ਹੈ ਕਿ ਇਸ ਲੇਖ ਨੂੰ ਪੜ੍ਹਨ ਤੋਂ ਬਾਦ ਬਾਗਬਾਨ ਵੀਰ ਸਿਰਫ਼ਿਡ ਮੱਖੀਆਂ ਅਤੇ ਫ਼ਲ ਦੀਆਂ ਮੱਖੀਆਂ ਵਿੱਚ ਫ਼ਰਕ ਨੂੰ ਸਮਝ ਸਕਣਗੇ।ਮਿੱੱਤਰ ਸਿਰਫ਼ਿਡ ਮੱਖੀਆਂ ਦੀ ਸਹੀ ਪਛਾਣ ਅਤੇ ਉਨ੍ਹਾਂ ਨੂੰ ਫ਼ਲ ਦੀਆਂ ਮੱਖੀਆਂ ਤੋਂ ਵੱਖ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਣ ਨਾਲ ਬਾਗਾਂ ਵਿੱਚ ਇਹਨਾਂ ਮਿੱੱਤਰ ਕੀੜਿਆਂ ਦੀ ਸਾਂਭ-ਸੰਭਾਲ ਕਰਨ ਵਿੱਚ ਸਹਾਇਤਾ ਮਿਲੇਗੀ।

- Advertisement -
Share this Article
Leave a comment