ਆਹ ਦੇਖੋ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਕਿਵੇਂ ਕੀਤਾ ਗਿਆ ਬੰਦ, ਕੁਲਤਾਰ ਸਿੰਘ ਸੰਧਵਾਂ ਕੱਢ ਲਿਆਇਆ ਅੰਦਰ ਦੇ ਰਾਜ਼

TeamGlobalPunjab
2 Min Read

ਚੰਡੀਗੜ੍ਹ : ਜਿਸ ਦਿਨ ਤੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਅਦਾਲਤ ‘ਚ ਕਲੋਜ਼ਰ ਰਿਪੋਰਟ ਦਾਇਰ ਕਰਕੇ ਕੇਸ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਉਸੇ ਦਿਨ ਤੋਂ ਹੀ ਲਗਾਤਾਰ ਇਸ ਦਾ ਵਿਰੋਧ ਤਾਂ ਕੀਤਾ ਹੀ ਜਾ ਰਿਹਾ ਹੈ ਨਾਲ ਹੀ ਵਿਰੋਧੀ ਪਾਰਟੀਆਂ ਵਾਲੇ ਸੱਤਾ ‘ਤੇ ਕਾਬਜ ਕਾਂਗਰਸ ਪਾਰਟੀ ਨੂੰ ਵੀ ਖੂਬ ਨਿਸ਼ਾਨੇ ‘ਤੇ ਲੈ ਰਹੇ ਹਨ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਤਾਂ ਸੀਬੀਆਈ ਵੱਲੋਂ ਕੇਸ ਦੀ ਜਾਂਚ ਬੰਦ ਕੀਤੇ ਜਾਣ ਦਾ ਸਿੱਧਾ ਸਿੱਧਾ ਜਿੰਮੇਵਾਰ ਸੱਤਾਧਾਰੀ ਪਾਰਟੀ ਕਾਂਗਰਸ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੂੰ ਠਹਿਰਾਇਆ ਹੈ। ਸੰਧਵਾਂ ਦਾ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹੀ ਨਹੀਂ ਕਿ ਬੇਅਦਬੀ ਮਾਮਲਿਆਂ ਦੇ ਅਸਲ ਦੋਸ਼ੀ ਫੜੇ ਜਾਣ।

ਕੁਲਤਾਰ ਸਿੰਘ ਸੰਧਵਾਂ ਦਾ ਦੋਸ਼ ਹੈ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪਹਿਲਾਂ ਤਾਂ ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣਾ, ਉਸ ਤੋਂ ਬਾਅਦ ਸੀਬੀਆਈ ਦਾ ਉਸ ਜਾਂਚ ਨੂੰ ਵਾਪਸ ਲੈਣਾ ਅਤੇ ਇਸ ਤੋ਼ ਬਾਅਦ ਉਸੇ ਸੀਬੀਆਈ ਵੱਲੋਂ ਇਨ੍ਹਾਂ ਕੇਸਾਂ ਦੀ ਕਲੋਜ਼ਰ ਰਿਪੋਰਟ ਅਦਾਲਤ ‘ਚ ਦਾਇਰ ਕਰਕੇ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨਾਂ ਸਮੇਤ ਪੰਜਾਬ ਪੁਲਿਸ ਦੀਆਂ ਤਿੰਨ ਜਾਂਚ ਕਮੇਟੀਆਂ (ਆਈਪੀਐਸ ਸਹੋਤਾ, ਆਰਐਸ ਖੱਟੜ ਅਤੇ ਐਸਆਈਟੀ ਕੁੰਵਰ ਵਿਜੇ ਪ੍ਰਤਾਪ ਸਿੰਘ) ਵੱਲੋਂ ਕੀਤੀ ਗਈ ਜਾਂਚ ਦੇ ਤੱਥਾਂ ਨੂੰ ਹੀ ਪਲਟ ਦੇਣਾ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਸਾਰੇ ਘਟਨਾਕ੍ਰਮਾਂ ਦਾ ਸਿੱਧਾ ਸਿੱਧਾ ਲਾਭ ਮੁਲਜ਼ਮਾਂ ਨੂੰ ਜਾਣਾ ਤੈਅ ਸੀ। ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਜਿੰਨਾਂ ਸਮਾਂ ਇਨ੍ਹਾਂ ਕੇਸਾਂ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਨਹੀਂ ਹੁੰਦੀ ਉੰਨਾਂ ਸਮਾਂ ਇਨ੍ਹਾਂ ਮਾਮਲਿਆਂ ਦੇ ਅਸਲ ਦੋਸ਼ੀ ਸਾਹਮਣੇ ਨਹੀਂ ਆਉਣਗੇ।

 

Share this Article
Leave a comment