ਦਿੜ੍ਹਬਾ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਵੇਂ ਅਜੇ ਸਮਾਂ ਰਹਿੰਦਾ ਹੈ ਪਰ ਇਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਨੇ ਹੁਣ ਤੋਂ ਹੀ ਕਮਾਨ ਕਸ ਲਈ ਹੈ। ਇਸ ਲਈ ਉਹ ਹਰ ਦਿਨ 2022 ਵਿੱਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਹੁਣ ਤੋਂ ਹੀ ਕਰਨ ਲੱਗ ਗਏ ਹਨ। ਇਸ ਦੇ ਚਲਦਿਆਂ ਹੁਣ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਚੀਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਤਹਿਤ ਕੋਈ ਵੀ ਕਿਸੇ ਵੀ ਧਰਮ ਦਾ ਵਿਅਕਤੀ ਉਨ੍ਹਾਂ ਨਾਲ ਜੁੜ ਸਕਦਾ ਹੈ। ਇਸ ਮੌਕੇ ਚੀਮਾਂ ਨੇ ਇੱਕ ਨੰਬਰ ਵੀ ਜਾਰੀ ਕੀਤੇ ਜਾਣ ਬਾਰੇ ਦੱਸਿਆ।
ਹਰਪਾਲ ਚੀਮਾਂ ਨੇ ਇੱਥੇ ਬੋਲਦਿਆਂ ਜਿੱਥੇ ਇਸ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਆਪਣੇ ਵਿਰੋਧੀਆਂ ਨੂੰ ਵੀ ਖੂਬ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਇਹ ਹੈ ਕਿ ਲੋਕ ਕੰਮ ਦੀ ਰਾਜਨੀਤੀ ਨਾਲ ਜੁੜਨ ਨਾ ਕਿ ਨਫਰਤ ਦੀ ਰਾਜਨੀਤੀ ਨਾਲ। ਇਸ ਮੌਕੇ ਹਰਪਾਲ ਚੀਮਾਂ ਨੇ ਦਿੱਲੀ ‘ਚ ਹੋਈ ਆਪਣੀ ਜਿੱਤ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਨਾ ਕਿ ਜਾਤ ਧਰਮ ਜਾਂ ਫਿਰ ਮਜ੍ਹਬ ਦੀ।
- Advertisement -
ਹਰਪਾਲ ਚੀਮਾਂ ਨੇ ਦੋਸ਼ ਲਾਇਆ ਕਿ ਬੀਜੇਪੀ, ਕਾਂਗਰਸ ਅਤੇ ਆਰਐਸਐਸ ਇਹ ਸਭ ਦੇਸ਼ ਨੂੰ ਤੋੜਨ ਲਈ ਨਫਰਤ ਦੀ ਰਾਜਨੀਤੀ ਕਰਦੀਆਂ ਹਨ। ਚੀਮਾਂ ਨੇ ਬੋਲਦਿਆਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਵੀ ਸਖਤ ਰਵੱਈਆ ਅਪਣਾਇਆ। ਉਨ੍ਹਾਂ ਕਿਹਾ ਕਿ ਉਂਝ ਭਾਵੇਂ ਇਹ ਪੰਥਕ ਪਾਰਟੀ ਕਹਾਉਂਦਾ ਹੈ ਪਰ ਇਸ ਨੇ ਹਰ ਵਾਰ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਚੀਮਾਂ ਨੇ ਕਿਹਾ ਕਿ ਪੰਜਾਬ ਅੰਦਰ ਦੋ ਵਾਰ ਅਕਾਲੀ ਦਲ ਦੀ ਸਰਕਾਰ ਆਈ ਹੈ ਅਤੇ ਦੋਨੋਂ ਵਾਰ ਹੀ ਦੇਸ਼ ‘ਚ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ 1986 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਸਮੇਂ ਵੀ ਦੇਸ਼ ‘ਚ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਤੌਰ ‘ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਰਾਜਨੀਤੀ ਕਰਦੇ ਹਨ।