Home / ਓਪੀਨੀਅਨ / ਇਹ ਕੀ ਹੋ ਰਿਹਾ ਹੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ, ਤੁਸੀਂ ਵੀ ਰਹਿ ਜਾਓਗੇ ਹੈਰਾਨ!

ਇਹ ਕੀ ਹੋ ਰਿਹਾ ਹੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ, ਤੁਸੀਂ ਵੀ ਰਹਿ ਜਾਓਗੇ ਹੈਰਾਨ!

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਚੱਲ ਰਹੀ ਠੰਢੀ ਜੰਗ ਤੋਂ ਸਿੱਖ ਜਗਤ ਵਿੱਚ ਬੇਹੱਦ ਨਿਰਾਸ਼ਾ ਪਾਈ ਜਾ ਰਹੀ ਹੈ। ਵਿਸ਼ਵ ਵਿੱਚ ਜਿਨ੍ਹਾਂ ਗੱਲਾਂ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਿਖਿਆਵਾਂ ਦਿੱਤੀਆਂ ਸਨ ਉਹ ਉਨ੍ਹਾਂ ਦੇ ਪਵਿੱਤਰ ਦਿਹਾੜੇ ‘ਤੇ ਹੋਣ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ। ਇਸ ਮੌਕੇ ਦੋਵੇਂ ਅਜਿਹੀ ਸਿਆਸਤ ਕਰ ਰਹੇ ਜਿਸ ਦਾ ਆਪਣਾ ਆਪਣਾ ਰਾਜਨੀਤਕ ਲਾਹਾ ਲੈਣ ਦਾ ਕੋਈ ਵੀ ਮੌਕਾ ਨਹੀਂ ਗੁਆ ਰਹੇ। ਚਾਹੀਦਾ ਤਾਂ ਇਹ ਸੀ ਕਿ ਇਸ ਦਿਹਾੜੇ ਨੂੰ ਖੁਸ਼ੀ ਖੁਸ਼ੀ ਸਭ ਇਕੱਠੇ ਹੋ ਕੇ ਮਨਾਉਂਦੇ ਪਰ ਇਸ ‘ਤੇ ਹੇਠਲੇ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ। 12 ਨਵੰਬਰ ਨੂੰ ਹੋਣ ਵਾਲੇ ਸਮਾਗਮ ਨੂੰ ਸਾਂਝੇ ਤੌਰ ’ਤੇ ਸਰਕਾਰੀ ਮੰਚ ’ਤੇ ਮਨਾਉਣ ਦੀ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੇ ਰੱਦ ਕਰ ਦਿੱਤੀ ਹੈ। ਇਹ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿਚ ਆਪਣੀ ਰਿਹਾਇਸ਼ ‘ਤੇ ਚੰਡੀਗੜ੍ਹ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਸੀ।

ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 21 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਮਗਰੋਂ ਹੁਕਮ ਦਿੱਤਾ ਸੀ ਕਿ 11 ਅਤੇ 12 ਨਵੰਬਰ ਦੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਬੇਰ ਸਾਹਿਬ ਤੋਂ ਕੀਤੇ ਜਾਣਗੇ, ਜਿਸ ਵਿਚ ਸਰਕਾਰ ਸਮੇਤ ਹਰੇਕ ਜਥੇਬੰਦੀ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਸੀ।

ਮੁੱਖ ਮੰਤਰੀ ਨੇ ਦੱਸਿਆ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ 11 ਨਵੰਬਰ ਨੂੰ ਹੋਣ ਵਾਲਾ ਇਕ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਦੂਜਾ ਸਮਾਗਮ 12 ਨਵੰਬਰ ਨੂੰ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਇਸ ਸਮਾਗਮ ਵਿਚ ਸਰਕਾਰ ਦੇ ਮੰਚ ‘ਤੇ ਸ਼ਾਮਲ ਹੋਵੇ। ਇਸ ਸਮਾਗਮ ਵਿਚ ਰਾਸ਼ਟਰਪਤੀ ਦੇ ਪੁੱਜਣ ਦੀ ਸੰਭਾਵਨਾ ਹੈ। ਸਰਕਾਰੀ ਨੁਮਾਇੰਦਿਆਂ ਵਲੋਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਹੁੰਗਾਰੇ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਦੀ ਯੋਜਨਾ ਹੈ।

ਲੌਂਗੋਵਾਲ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਅਕਾਲ ਤਖ਼ਤ ਦੇ ਆਦੇਸ਼ਾਂ ਦੇ ਉਲਟ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਤੋਂ ਆਦੇਸ਼ ਦਿੱਤੇ ਗਏ ਹਨ ਕਿ 11 ਅਤੇ 12 ਨਵੰਬਰ ਦੇ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਗਏ ਮੰਚ ਤੋਂ ਹੀ ਕੀਤੇ ਜਾਣ। ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸਰਕਾਰ ਸਮੇਤ ਹੋਰਨਾਂ ਧਿਰਾਂ ਵਲੋਂ ਵੱਖਰੇ ਤੌਰ ‘ਤੇ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ।

ਗੋਬਿੰਦ ਸਿੰਘ ਲੌਂਗੋਵਾਲ ਅਨੁਸਾਰ ਗੁਰਦੁਆਰਾ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲਾਈ ਜਾ ਰਹੀ ਸਟੇਜ ਸਮੁੱਚੇ ਖਾਲਸਾ ਪੰਥ ਦੀ ਸਟੇਜ ਹੈ। ਇਸ ਲਈ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ 11 ਅਤੇ 12 ਨਵੰਬਰ ਨੂੰ ਦੋਵੇਂ ਦਿਨ ਖਾਲਸਾ ਪੰਥ ਦੀ ਇਸ ਸਟੇਜ ‘ਤੇ ਆ ਕੇ ਹਾਜ਼ਰੀ ਲਵਾਉਣ।

ਹੁਣ ਜਦੋਂਕਿ ਇਹ ਦਿਹਾੜਾ ਨੇੜੇ ਆਉਂਦਾ ਜਾ ਰਿਹਾ ਹੈ ਇਸ ਬਾਰੇ ਨਾਨਕ ਨਾਮ ਲੇਵਾ ਸਿੱਖ ਸੰਗਤ ਦੋਵਾਂ ਧਿਰਾਂ ਤੋਂ ਸਹੀ ਫੈਸਲੇ ਦੀ ਤਵੱਕੋ ਰੱਖਦੀ ਹੈ।

Check Also

 ਸੁਖਬੀਰ ਸਿੰਘ ਬਾਦਲ ਨੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿਖੇ ਅੰਤਿਮ ਸਸਕਾਰ ਰੋਕੇ ਜਾਣ ਦਾ ਸਖ਼ਤ ਨੋਟਿਸ ਲਿਆ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੁੱਝ ਸਮਾਜ ਵਿਰੋਧੀ …

Leave a Reply

Your email address will not be published. Required fields are marked *