ਗੁਰਦੁਆਰਾ ਮਾਲ ਜੀ ਸਾਹਿਬ ਕੰਗਣਪੁਰ ਜਿਲ੍ਹਾ ਕਸੂਰ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -20

ਗੁਰਦੁਆਰਾ ਮਾਲ ਜੀ ਸਾਹਿਬ ਕੰਗਣਪੁਰ ਜਿਲ੍ਹਾ ਕਸੂਰ ਪਾਕਿਸਤਾਨ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੰਤ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਮਾਲ ਜੀ ਸਾਹਿਬ ਕੰਗਣਪੁਰ ਜਿਲ੍ਹਾ ਕਸੂਰ ਪਾਕਿਸਤਾਨ ਨਾਲ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਸ ਅਸਥਾਨ ਨਾਲ ਅਜਿਹੀ ਸਾਖੀ ਜੁੜਦੀ ਹੈ ਜਿਸ ਨੂੰ ਹਰ ਸਿੱਖ ਨੇ ਕਦੇ ਨ ਕਦੇ ਸੁਣਿਆ ਹੋਇਆ ਹੈ।

ਸਿੱਖ ਇਤਿਹਾਸ ਵਿੱਚ ਇੱਕ ਸਾਖੀ ਆਮ ਪ੍ਰਚਲਿਤ ਹੈ ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਇੱਕ ਪਿੰਡ ਵਿੱਚ ਗਏ ਤਾਂ ਉਥੇ ਦੇ ਲੋਕਾਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ। ਇਥੋਂ ਤਕ ਕਿ ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੇ ਪੱਥਰ ਤਕ ਮਾਰੇ ਪਰ ਗੁਰੂ ਜੀ ਨੇ ਉਨ੍ਹਾਂ ਨੂੰ ‘ਵਸ ਦੇ ਰਹੋ’ ਦੀ ਅਸੀਸ ਦਿੱਤੀ। ਇਹ ਸਾਖੀ ਜਿਸ ਪਿੰਡ ਦੇ ਨਾਲ ਸੰਬੰਧਤ ਹੈ ਅੱਜ ਅਸੀਂ ਉਸੇ ਨਾਲ ਹੀ ਸਾਂਝ ਪਾ ਰਹੇ ਹਾਂ। ਉਹ ਪਿੰਡ ਅੱਜ ਵੀ ਵੱਸਦਾ ਹੈ। ਇਸ ਪਿੰਡ  ਦਾ ਨਾਮ ਹੈ ਕੰਗਣਪੁਰ ਜੋ ਜਿਲ੍ਹਾ ਕਸੂਰ ਵਿੱਚ ਹੈ। ਇਹ ਗੱਲ ਆਮ ਪ੍ਰਚਾਰ ਵਿੱਚ ਹੈ ਕਿ ਇਸ ਪਿੰਡ ਦੇ ਉਹ ਪਰਿਵਾਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਰੋੜੇ ਮਾਰੇ ਸਨ ਉਨ੍ਹਾਂ ਦੇ ਵੰਸਜ਼ ਅੱਜ ਵੀ ਗਿਲੜ ਨਾਮਕ ਬਿਮਾਰੀ ਨਾਲ ਪੀੜਤ ਹੋ ਜਾਂਦੇ ਹਨ। ਇਹ ਬਿਮਾਰੀ ਇਸ ਪਿੰਡ ਤੋਂ ਇਲਾਵਾ ਪੰਜਾਬ ਦੇ ਹੋਰ ਕਿਸੇ ਪਿੰਡ ਵਿੱਚ ਦੇਖਣ ਨੂੰ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇਸ ਪਿੰਡ ਵਿੱਚ ਗੁਰਦੁਆਰਾ ਮਾਲ ਜੀ ਸਾਹਿਬ ਸੁਸ਼ੋਭਿਤ ਹੈ। ਪਹਿਲਾਂ ਇਸ ਦੀ ਸੇਵਾ ਸੰਭਾਲ ਨਾਮਧਾਰੀ ਕਰਦੇ ਸਨ ਪਰ ਹੁਣ ਇਹ ਸੇਵਾ ਤੋਂ ਸੱਖਣਾ ਹੈ। ਹੁਣ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ ਨਾ ਹੀ ਕੋਈ ਹੋਰ ਧਾਰਮਿਕ ਗਤੀਵਿਧੀ ਹੀ ਹੁੰਦੀ ਹੈ।

- Advertisement -

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 21ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

*gurdevsinghdr@gmail.com

Share this Article
Leave a comment