ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ : ਚਾਬੀਆਂ ਦਾ ਮੋਰਚਾ -ਡਾ. ਗੁਰਦੇਵ ਸਿੰਘ

TeamGlobalPunjab
7 Min Read

100ਵੀਂ ਵਰੇਗੰਢ ‘ਤੇ ਵਿਸ਼ੇਸ਼

ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ : ਚਾਬੀਆਂ ਦਾ ਮੋਰਚਾ

*ਡਾ. ਗੁਰਦੇਵ ਸਿੰਘ

ਇੱਕ ਸਿੱਖ ਹਮੇਸ਼ਾਂ ਗੁਰੂ ਦੇ ਇਸ ਸਿਧਾਂਤ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਨੂੰ ਆਪਣੇ ਮਨ ਵਿੱਚ ਰੱਖਦਾ ਹੈ, ਉਹ ਨਾ ਜ਼ੁਲਮ ਕਰਦਾ ਹੈ ਤੇ ਨਾ ਹੀ ਜ਼ੁਲਮ ਸਹਿੰਦਾ ਹੈ। ਸਿੱਖਾਂ ਨੇ ਦੇਸ਼ ਕੌਮ ਹਿਤ ਕਈ ਤਰ੍ਹਾਂ ਦੇ ਸ਼ੰਘਰਸ਼ ਕੀਤੇ ਤੇ ਮੋਰਚੇ ਲਗਾਏ। ਉਨ੍ਹਾਂ ਵਿਚੋਂ ਚਾਬੀਆਂ ਦਾ ਮੋਰਚਾ ਇੱਕ ਹੈ। ਇਹ ਮੋਰਚਾ ਬ੍ਰਿਟਿਸ਼ ਸਰਕਾਰ ਖਿਲਾਫ਼ 1921ਈਸਵੀ ਵਿੱਚ ਲਾਇਆ ਗਿਆ। ਇਸ ਦਾ ਮੁੱਖ ਮੰਤਵ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਨੂੰ ਵਾਪਸ ਲੈਣਾ ਸੀ। ਇਸ ਵਰ੍ਹੇ ਇਸ ਮੋਰਚੇ ਨੂੰ 100 ਸਾਲ ਹੋ ਗਏ ਹਨ।

ਦਰਅਸਲ, 1849 ਈ: ਵਿੱਚ ਖਾਲਸਾ ਰਾਜ ਤੋਂ ਬਆਦ ਅੰਗਰੇਜ਼ੀ ਹਕੂਮਤ ਨੇ ਸਾਰੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਏਸ ਦੇ ਨਾਲ ਹੀ ਉਨ੍ਹਾਂ ਵਲੋਂ ਸਿੱਖ ਧਾਰਮਿਕ ਸਥਾਨਾਂ ’ਤੇ ਆਪਣੀ ਪਕੜ ਬਣਾਉਣ ਹਿਤ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਆਪਣੇ ਅਧੀਨ ਕਰ ਲਈਆਂ। ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਖ਼ਜਾਨੇ ਦਾ ਇੱਕ ਕੰਟਰੋਲਰ ਥਾਪਿਆ ਗਿਆ ਜਿਸ ਦਾ ਮੁੱਖ ਕੰਮ ਸਰਕਾਰ ਦੇ ਮਨਸੂਬਿਆਂ ਦੀ ਪੂਰਤੀ ਕਰਨਾ ਸੀ। ਲਗਭਗ 71 ਸਾਲ ਬ੍ਰਿਟਿਸ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਖ਼ਜਾਨੇ ਨੂੰ ਆਪਣੇ ਹਿਸਾਬ ਨਾਲ ਵਰਤਿਆ। 1920 ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਨਾਲ ਸਿੱਖਾਂ ਦਾ ਸਰਕਾਰ ਖ਼ਿਲਾਫ ਅੰਦੋਲਨ ਸ਼ੁਰੂ ਹੋਇਆ। ਇਸ ਦਾ ਮੁੱਖ ਨਿਸ਼ਾਨਾ ਸਾਰੇ ਗੁਰਦੁਆਰਿਆਂ ਦਾ ਕੰਟਰੋਲ ਸਰਕਾਰ ਕੋਲੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲਿਆਉਣਾ ਸੀ। ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਾਰਜ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਦੇ ਖ਼ਜਾਨੇ ਦੀਆਂ ਚਾਬੀਆਂ ਨੂੰ ਆਪਣੇ ਹੱਥ ਵਿੱਚ ਲੈਣਾ ਸੀ। ਇਸ ਤਰ੍ਹਾਂ ਚਾਬੀਆਂ ਦਾ ਮੋਰਚਾ ਦਾ ਅਰੰਭ ਹੋਇਆ ।

- Advertisement -

15 ਨਵੰਬਰ 1920 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਕਮੇਟੀ ਨੇ ਅੰਗਰੇਜ਼ਾਂ ਵਲੋਂ ਥਾਪੇ ਸਰਬਰਾਹ ਸ. ਸੁੰਦਰ ਸਿੰਘ ਰਾਮਗੜੀਆਂ ਨੂੰ ਆਪਣੀ ਜ਼ਿੰਮੇਵਾਰੀ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ। ਬਆਦ ਵਿੱਚ ਸ਼੍ਰੋਮਣੀ ਕਮੇਟੀ ਨੇ ਸੋਚਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਖ਼ਜਾਨੇ ਦੀਆਂ ਚਾਬੀਆਂ ਪ੍ਰਧਾਨ ਕੋਲ ਹੀ ਹੋਣੀਆਂ ਚਾਹੀਦੀਆਂ ਹਨ। ਕਮੇਟੀ ਨੇ 20 ਅਕਤੂਬਰ 1921 ਨੂੰ ਸੁੰਦਰ ਸਿੰਘ ਰਾਮਗੜੀਆ ਨੂੰ ਚਾਬੀਆਂ ਦੇਣ ਲਈ ਕਿਹਾ, ਪਰੰਤੂ ਇਸ ਤੋਂ ਪਹਿਲਾਂ ਹੀ ਇਸ ਫੈਸਲੇ ਦੀ ਖ਼ਬਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲੱਗ ਗਈ। ਉਸ ਨੇ 7 ਨਵੰਬਰ 1921 ਨੂੰ ਆਪਣੇ ਸਹਾਇਕ ਕਮਿਸ਼ਨਰ ਅਮਰ ਨਾਥ ਈ. ਏ. ਸੀ. ਨੂੰ ਸੁੰਦਰ ਸਿੰਘ ਰਾਮਗੜੀਆਂ ਦੇ ਘਰ ਭੇਜ, ਚਾਬੀਆਂ ਆਪਣੇ ਕਬਜੇ ਵਿੱਚ ਲੈ ਲਈਆਂ ਜਿਸ ਦਾ ਸਿੱਧਾ ਅਰਥ ਸੀ ਕਿ ਸਰਕਾਰ ਖ਼ਜਾਨੇ ‘ਤੇ ਆਪਣੀ ਪਕੜ ਬਣਾਈ ਰੱਖਣਾ ਚਾਹੁੰਦੀ ਸੀ।

ਬ੍ਰਿਟਿਸ਼ ਸਰਕਾਰ ਨੇ ਸੁੰਦਰ ਸਿੰਘ ਰਾਮਗੜੀਆ ਨੂੰ ਆਹੁਦੇ ਤੋਂ ਹਟਾ ਦਿੱਤਾ ਅਤੇ ਕੈਪਟਨ ਬਹਾਦੁਰ ਸਿੰਘ ਨੂੰ ਖ਼ਜਾਨੇ ਦਾ ਅਧਿਕਾਰੀ ਬਣਾ ਦਿੱਤਾ। ਭਾਵੇਂ SGPC ਨੇ ਨਵੇਂ ਅਧਿਕਾਰੀ ਨੂੰ ਮੂਲੋਂ ਨਿਕਾਰ ਦਿੱਤਾ ਪਰ ਫਿਰ ਵੀ ਸ੍ਰੀ ਦਰਬਾਰ ਸਾਹਿਬ ਦੇ ਖ਼ਜਾਨੇ ’ਤੇ ਕਬਜਾ ਸਰਕਾਰ ਦਾ ਹੀ ਸੀ। ਬਾਬਾ ਖੜਕ ਸਿੰਘ ਪ੍ਰਧਾਨ SGPC ਨੇ ਇਸ ਮਸਲੇ ਦਾ ਹੱਲ ਕੱਢਣ ਲਈ ਅਕਾਲੀ ਬਾਗ ਵਿੱਚ ਮੀਟਿੰਗ ਰੱਖੀ। ਸਿੱਖਾਂ ਵਲੋਂ ਵੱਖੋ ਵੱਖਰੇ ਇਲਾਕਿਆਂ ਵਿੱਚ ਧਰਨੇ ਦਿੱਤੇ ਗਏ ਅਤੇ ਸਰਕਾਰ ਖ਼ਿਲਾਫ ਨਾਅਰੇਬਾਜੀ ਕੀਤੀ।  ਇਸ ਦਾ ਸਿੱਟਾ ਇਹ ਨਿਕਲਿਆ ਕੇ ਸਰਕਾਰ ਦੁਆਰਾ ਬਣਾਏ ਨਵੇਂ ਪ੍ਰਧਾਨ ਕੈਪਟਨ ਬਹਾਦੁਰ ਸਿੰਘ ਨੂੰ ਆਪਣਾ ਅਹੁਦਾ ਛੱਡਣਾ ਪਿਆ।

ਸਿੱਖਾਂ ਵੱਲੋਂ ਵੱਡੇ ਪੱਧਰ ’ਤੇ ਦੀਵਾਨ ਸਜਾਏ ਗਏ ਪਰ ਸਰਕਾਰ ਨੇ ਇਹਨਾਂ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ। ਇਸ ਤ੍ਹਰਾਂ ਸਰਕਾਰ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਅਜਨਾਲੇ ਦੇ ਦੀਵਾਨਾਂ ’ਚੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਪ੍ਰਧਾਨ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸਰਦਾਰ ਬਹਾਦੁਰ ਮਹਿਤਾਬ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਲੈਲਪੁਰੀ ਆਦਿ ਦੇ ਨਾਮ ਪ੍ਰਮੁੱਖ ਸਨ। ਇਸ ਦੇ ਵਿਰੋਧ ਵਿੱਚ SGPC ਵਲੋਂ 27 ਨਵੰਬਰ ਨੂੰ ਐਲਾਨ ਕੀਤਾ ਕਿ 4 ਦਸੰਬਰ 1921 ਈਸਵੀ ਨੂੰ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪ੍ਰਿੰਸ ਵੇਲ ਦੇ ਭਾਰਤੀ ਦੌਰੇ ਦਾ ਵੀ ਬਾਇਕਾਟ ਕਰਨ ਦਾ ਐਲਾਨ ਵੀ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਰਕਾਰ SGPC ਨੂੰ ਚਾਬੀਆਂ ਦੇਣ ਲਈ ਰਾਜ਼ੀ ਹੋ ਗਈ ਪਰ ਸਿੱਖਾਂ ਨੇ ਚਾਬੀਆਂ ਲੈਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਪਹਿਲਾਂ ਸਰਕਾਰ ਗ੍ਰਿਫ਼ਤਾਰ ਕੀਤੇ ਹੋਏ ਸਿੱਖਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ। ਸਿੱਖਾਂ ਦੇ ਰੋਹ ਨੂੰ ਦੇਖਦਿਆਂ ਬ੍ਰਿਟਿਸ਼ ਸਰਕਾਰ ਨੂੰ ਇਹ ਸ਼ਰਤ ਮੰਨਣੀ ਪਈ ਅਤੇ 11 ਜਨਵਰੀ 1922 ਈਸਵੀ ਨੂੰ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਨ ਦਾ ਹੁਕਮ ਜ਼ਾਰੀ ਕੀਤਾ।

ਬ੍ਰਿਟਿਸ਼ ਸਰਕਾਰ ਨੇ ਆਪਣੇ ਇੱਕ ਸਰਕਾਰੀ ਅਧਿਕਾਰੀ ਨੂੰ ਚਾਬੀਆਂ ਦੇ ਕੇ ਭੇਜਿਆ। ਉਸ ਨੇ 19 ਜਨਵਰੀ 1922 ਨੂੰ SGPC ਪ੍ਰਧਾਨ ਬਾਬਾ ਖੜਗ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੇ ਦੀਵਾਨ ਵਿੱਚ ਚਾਬੀਆਂ ਸੋਂਪੀਆਂ। ਸਿੱਖਾਂ ਦੀ ਇਸ ਜਿੱਤ ਨੂੰ ਪੂਰੇ ਦੇਸ਼ ਵਿੱਚ ਸਲ੍ਹਾਇਆ ਗਿਆ। ਉਸ ਵਕਤ ਭਾਰਤ ਦੇ ਇੱਕ ਵੱਡੇ ਲੀਡਰ ਮਹਾਤਮਾ ਗਾਂਧੀ ਨੇ ਇਸ ਨੂੰ ਜੰਗ-ਏ-ਅਜ਼ਾਦੀ ਦੀ ਪਹਿਲੀ ਜਿੱਤ ਸਵੀਕਾਰਿਆ ਤੇ ਬਕਾਇਦਾ SGPC ਨੂੰ ਤਾਰ ਭੇਜ ਵਧਾਈ ਦਿੱਤੀ। ਇਸ ਤਰ੍ਹਾਂ ਚਾਬੀਆਂ ਦੇ ਮੋਰਚੇ ਨੇ ਜਿੱਥੇ ਸਿੱਖ ਗੁਰਦਵਾਰਿਆਂ ਨੂੰ ਬ੍ਰਿਟਿਸ਼ ਸਰਕਾਰ ਤੋਂ ਅਜ਼ਾਦ ਕਰਵਾਇਆ ਉੱਥੇ ਦੇਸ਼ ਦੀ ਅਜ਼ਾਦੀ ਦਾ ਮੁਢ ਵੀ ਬੰਨਿਆ। ਇਹ ਸਿੱਖਾਂ ਦੀ ਏਕੇ ਦੀ ਵੀ ਜਿੱਤ ਸੀ।

ਇਸ ਤਰ੍ਹਾਂ ਸਿੱਖਾਂ ਨੇ ਹਮੇਸ਼ਾਂ ਹੀ ਦੇਸ਼ ਕੌਮ ਹਿਤ ਅੱਗੇ ਹੋ ਕੇ ਹਿੱਸਾ ਪਾਇਆ ਹੈ। ਸਿੱਖਾਂ ਨੇ ਜਦੋਂ ਵੀ ਇੱਕਠੇ ਹੋ ਕੇ ਕੋਈ ਵੀ ਕਾਰਜ ਕੀਤਾ ਹੈ ਉਸ ਵਿੱਚ ਸਿੱਖਾਂ ਨੂੰ ਹਮੇਸ਼ਾਂ ਹੀ ਸਫਲਤਾ ਮਿਲੀ ਹੈ ਪਰ ਵਰਤਮਾਨ ਸਮੇਂ ਸਿੱਖਾਂ ਵਿੱਚ ਏਕੇ ਦੀ ਘਾਟ ਸਪਸ਼ਟ ਹੀ ਦੇਖੀ ਜਾ ਸਕਦੀ ਹੈ ਜੋ ਕਿ ਕੌਮ ਦਾ ਹਰ ਪਾਸਿਓਂ ਨੁਕਸਾਨ ਕਰ ਰਹੀ ਹੈ। 1920 ਦਾ ਅਕਾਲੀ ਦਲ ਤੇ ਅੱਜ ਦੇ ਅਕਾਲੀ ਦਲ ਦੇ ਸਰੂਪ, ਸਿਧਾਂਤਾਂ ਆਦਿ ਵਿੱਚ ਜ਼ਮੀਨ ਆਸਮਾਨ ਦਾ ਫਰਕ ਸਹਜਿਆ ਹੀ ਦੇਖਿਆ ਜਾ ਸਕਦਾ ਹੈ। ਅੱਜ ਦੇ ਅਕਾਲੀਆਂ ਨੂੰ ਚਾਬੀਆਂ ਦੇ ਮੌਰਚੇ ਦੇ ਇਸ ਵਿਸ਼ੇਸ਼ ਦਿਹਾੜੇ ਤੋਂ ਕੁਝ ਨ ਕੁਝ ਸੀਖ ਜ਼ਰੂਰ ਲੈਣੀ ਚਾਹੀਦੀ ਹੈ।

- Advertisement -

*gurdevsinghdr@gmail.com

Share this Article
Leave a comment