ਸ਼ਬਦ ਵਿਚਾਰ 162 – ਹਰਿ ਗੁਣ ਪੜੀਐ ਹਰਿ ਗੁਣ ਗੁਣੀਐ …

TeamGlobalPunjab
5 Min Read

*ਡਾ. ਗੁਰਦੇਵ ਸਿੰਘ

ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਵਿਸ਼ੇਸ਼ ਨਾਮ ਰੂਪੀ ਬੇੜੇ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਹੁੰਦੀ ਹੈ। ਕਿਵੇਂ ਸੰਸਾਰ ਸਮੁੰਦਰ  ਤੋਂ ਪਾਰ ਹੋਣਾ ਹੈ ਇਸ ਸਬੰਧ ਵਿੱਚ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ:

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 95’ਤੇ ਅੰਕਿਤ ਹੈ। ਮਾਝ ਰਾਗ ਦਾ ਇਹ ਤੀਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪ੍ਰਮਾਤਮਾ ਨਾਲ ਕਿਹੋ ਜਿਹਾ ਪ੍ਰੇਮ ਹੋਣਾ ਚਾਹੀਦਾ ਉਸ ਦਾ ਉਪਦੇਸ਼ ਦੇ ਰਹੇ ਹਨ:

ਮਾਝ ਮਹਲਾ ੪ ॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥

- Advertisement -

ਪਦ ਅਰਥ: ਪੜੀਐ = (ਆਉ, ਰਲ ਕੇ) ਪੜ੍ਹੀਏ। ਗੁਣੀਐ = (ਆਉ, ਰਲ ਕੇ) ਵਿਚਾਰੀਏ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ। ਭਉਜਲੁ = ਸੰਸਾਰ-ਸਮੁੰਦਰ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।1।

(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ, ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ। ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤਿ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤਿ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ।1।

ਆਉ ਸਖੀ ਹਰਿ ਮੇਲੁ ਕਰੇਹਾ ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥

ਸਖੀ = ਹੇ ਸਹੇਲੀ! ਹੇ ਸਤਸੰਗੀ! ਹਰਿ ਮੇਲੁ = ਹਰੀ ਦੀ ਪ੍ਰਾਪਤੀ ਵਾਲਾ ਇਕੱਠ, ਸਤਸੰਗ। ਕਰੇਹਾ = ਅਸੀਂ ਕਰੀਏ। ਮੈ = ਮੈਨੂੰ। ਦੇਇ = ਦੇਂਦਾ ਹੈ। ਸਖਾ = ਮਿਤ੍ਰ, ਸਾਥੀ। ਨਰਹਰੀਐ = ਨਰਹਰੀ, ਪਰਮਾਤਮਾ।2।

ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ। ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ, ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ।2।

- Advertisement -

ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥ ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥ ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥

ਬੇਦਨ = ਪੀੜਾ। ਹਉ = ਮੈਂ। ਅਉਖਧੁ = (ਬੇਦਨ ਦੂਰ ਕਰਨ ਲਈ) ਦਵਾਈ। ਗੁਰ ਪੂਰੇ = ਹੇ ਪੂਰੇ ਗੁਰੂ! ਨਾਮਿ = ਨਾਮ ਵਿਚ (ਜੋੜ ਕੇ) । ਉਧਰੀਐ = ਪਾਰ ਲੰਘਾ।3।

(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ। (ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ =) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ) । ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ।3।

ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥ ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥ ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥ 

ਚਾਤ੍ਰਿਕ = ਪਪੀਹੇ {ਨੋਟ: ਪ੍ਰਚਲਤ ਖ਼ਿਆਲ ਹੈ ਕਿ ਪਪੀਹਾ ਸ੍ਵਾਂਤੀ ਨਛੱਤ੍ਰ ਸਮੇ ਪਈ ਬੂੰਦ ਨੂੰ ਹੀ ਪੀਂਦਾ ਹੈ}। ਮੁਖਿ = ਮੂੰਹ ਵਿਚ। ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ।4।

ਹੇ ਦਾਸ ਨਾਨਕ! (ਆਖ–) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ। (ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ) । ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ।4।3।

ਹਰਿ ਪ੍ਰਮਾਤਮਾ ਦਾ ਨਾਮ ਸੁਣ ਕੇ , ਸਿਮਰ ਕੇ, ਉਸ ਦੇ ਨਾਮ ਦੀ ਵਿਚਾਰ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਗੁਰਬਾਣੀ ਨਾਮ ਸਿਮਰਨ ਦਾ ਸਹੀ ਮਾਰਗ ਰੋਸ਼ਨ ਕਰਦੀ ਹੈ। ਸ਼ਬਦ ਲਈ ਵਿਚਾਰ ਦੀ ਅਗਲੀ ਲੜੀ ਵਿੱਚ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment