ਗੂਜਰੀ ਰਾਗ ਸੰਗੀਤ ਜਗਤ ਦਾ ਪੁਰਾਤਨ ਤੇ ਲੋਕਪ੍ਰਿਅ ਰਾਗ ਹੈ। ਰਾਗ ਗੂਜਰੀ ਸਬੰਧੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਲੋਕ ਸੰਗੀਤ ਪਰੰਪਰਾ ਤੋਂ ਵਿਕਸਤ ਹੋਇਆ ਰਾਗ ਹੈ। ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਜ਼ਿਕਰ ਆਮ ਮਿਲਦਾ ਹੈ। ਸੰਗੀਤ ਵਿਦਵਾਨਾਂ ਨੇ ਗੂਜਰੀ ਦਾ ਸਰੂਪ ਗੁੱਜਰਾਂ ਦੇ ਲੋਕ ਸੰਗੀਤ ਤੋਂ ਵਿਕਸਿਤ ਮੰਨਿਆ ਹੈ। ਸੰਗੀਤਾਚਾਰੀਆ ਇਸ ਰਾਗ ਨੂੰ ਰਾਗ-ਰਾਗਣੀ ਵਰਗੀਕਰਨ ਅਨੁਸਾਰ ਦੀਪਕ ਰਾਗ ਦੀ ਰਾਗਣੀ ਮੰਨਿਆ ਹੈ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਇਸ ਨੂੰ ਰਾਗ ਰੂਪ ਵਿਚ ਹੀ ਅੰਕਿਤ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -5
4. ਗੂਜਰੀ ਰਾਗ
* ਡਾ. ਗੁਰਨਾਮ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਰਗੀਕਰਣ ਵਿਚ ਗੂਜਰੀ ਰਾਗ ਪੰਜਵੇਂ ਸਥਾਨ ‘ਤੇ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ ੪੮੯ ‘ਤੇ ਦਰਜ ਇਸ ਰਾਗ ਦਾ ਆਰੰਭ ਰਾਗ ਗੂਜਰੀ ਮਹਲਾ ੧ ਚਉਪਦੇ ਘਰੁ ੧ ਦੇ ਸਿਰਲੇਖ ਤੋਂ ਹੁੰਦਾ ਹੈ। ਇਸ ਰਾਗ ਦੀ ਨਾਦਾਤਮਕ ਮਹਿਮਾ ਦਾ ਵਰਨਣ ਕਰਦਿਆਂ ਤੀਜੇ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ :
- Advertisement -
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥
ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੫੧੬)
ਗੂਜਰੀ ਰਾਗ ਸੰਗੀਤ ਜਗਤ ਦਾ ਪੁਰਾਤਨ ਤੇ ਲੋਕਪ੍ਰਿਅ ਰਾਗ ਹੈ। ਰਾਗ ਗੂਜਰੀ ਸਬੰਧੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਲੋਕ ਸੰਗੀਤ ਪਰੰਪਰਾ ਤੋਂ ਵਿਕਸਤ ਹੋਇਆ ਰਾਗ ਹੈ। ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਜ਼ਿਕਰ ਆਮ ਮਿਲਦਾ ਹੈ। ਸੰਗੀਤ ਵਿਦਵਾਨਾਂ ਨੇ ਗੂਜਰੀ ਦਾ ਸਰੂਪ ਗੁੱਜਰਾਂ ਦੇ ਲੋਕ ਸੰਗੀਤ ਤੋਂ ਵਿਕਸਿਤ ਮੰਨਿਆ ਹੈ। ਸੰਗੀਤਾਚਾਰੀਆ ਇਸ ਰਾਗ ਨੂੰ ਰਾਗ-ਰਾਗਣੀ ਵਰਗੀਕਰਨ ਅਨੁਸਾਰ ਦੀਪਕ ਰਾਗ ਦੀ ਰਾਗਣੀ ਮੰਨਿਆ ਹੈ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਇਸ ਨੂੰ ਰਾਗ ਰੂਪ ਵਿਚ ਹੀ ਅੰਕਿਤ ਕੀਤਾ ਹੈ। ਗੁਰੁ ਗਿਰਾਰਥ ਕੋਸ਼ ਵਿਚ ਗੂਜਰੀ ਨੂੰ ਮੇਘ ਰਾਗ ਦੀ ਰਾਗਣੀ ਲਿਖਿਆ ਗਿਆ ਹੈ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਗੂਜਰੀ ਦੇ ਪ੍ਰਚਲਿਤ ਸਰੂਪ ਨੂੰ ਹੀ ਦਰਸਾਇਆ ਗਿਆ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚੋਂ ਸੰਗੀਤ ਰਤਨਾਕਰ ਭਾਗ ਦੂਜਾ ਵਿਚ ਇਸ ਰਾਗ ਨੂੰ ਰਾਗਾਂਗ ਰਾਗ ਸਵੀਕਾਰਿਆ ਗਿਆ ਹੈ।
ਭਾਰਤੀ ਰਾਗ ਪਰੰਪਰਾ ਅਤੇ ਗੁਰਮਤਿ ਸੰਗੀਤ ਪਰੰਪਰਾ ਵਿਚ ਇਸ ਰਾਗ ਦਾ ਸਰਬ ਪ੍ਰਵਾਣਿਤ ਉਲੇਖ ਹੈ। ਰਾਗ ਗੂਜਰੀ ਨੂੰ ਤੋੜੀ ਦੀ ਇਕ ਵੰਨਗੀ ਵਜੋਂ ਪ੍ਰਵਾਨ ਕਰਦਿਆਂ ਇਸ ਰਾਗ ਨੂੰ ਗੂਜਰੀ ਤੋੜੀ ਵੀ ਆਖਿਆ ਜਾਂਦਾ ਹੈ। ਇਸ ਰਾਗ ਨੂੰ ਤੋੜੀ ਥਾਟ ਤੋਂ ਉਤਪੰਨ ਹੋਇਆ ਹੀ ਮੰਨਿਆ ਗਿਆ ਹੈ ਅਤੇ ਇਸ ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਤਰ੍ਹਾਂ ਰਾਗ ਗੂਜਰੀ ਦਾ ਸਰੂਪ ਪੁਰਾਤਨ, ਸਰਬ ਪ੍ਰਵਾਣਿਤ ਤੇ ਸਥਾਪਤ ਹੈ ਜੋ ਕਰੁਣ ਰਸ ਅਤੇ ਭਗਤੀ ਭਾਵ ਦੀਆਂ ਰਚਨਾਵਾਂ ਲਈ ਉਪਯੁਕਤ ਰਾਗ ਹੈ।
- Advertisement -
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਗੂਜਰੀ ਰਾਗ ਵਿਚ ਜਿੱਥੇ ਸ਼ਾਸਤਰੀ ਬਾਣੀ ਪਦੇ ਤੇ ਅਸ਼ਟਪਦੀ ਰਚਨਾਵਾਂ ਦਾ ਪ੍ਰਯੋਗ ਹੈ ਉੱਥੇ ਇਹ ਪ੍ਰਚਲਿਤ ਲੋਕ ਕਾਵਿ ਰੂਪ ਵਾਰ ਸ਼ੈਲੀ ਦਾ ਪ੍ਰਯੋਗ ਬਾਣੀ ਰਚਨਾਵਾਂ ਵਿਚ ਵੀ ਹੋਇਆ ਹੈ। ਰਾਗ ਗੂਜਰੀ ਅਧੀਨ ਗੁਰੂ ਨਾਨਕ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਦੀ ਬਾਣੀ ਦਰਜ ਹੈ। ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਜੈਦੇਵ ਦੀਆਂ ਬਾਣੀ ਰਚਨਾਵਾਂ ਇਸ ਰਾਗ ਦੇ ਅੰਤਰਗਤ ਮਿਲਦੀਆਂ ਹਨ।
13ਵੀਂ ਸਦੀ ਵਿਚ ਰਚਿਤ ਗ੍ਰੰਥ ਗੀਤ ਗੋਵਿੰਦ ਦੇ ਰਚਨਾਕਾਰ ਕਵੀ ਜੈਦੇਵ ਦੀ ਬਾਣੀ ਵਿਸ਼ੇਸ਼ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਗਤ ਜੈਦੇਵ ਕੇਂਦੂਲੀ (ਜਿਲ੍ਹਾ ਬੀਰਭੂਮੀ) ਬੰਗਾਲ ਦਾ ਪ੍ਰਸਿੱਧ ਗਵੱਈਆ ਜੋ ਰਾਗ ਵਿੱਦਿਆ ਵਿਚ ਮੁਹਾਰਤ ਰੱਖਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਭਗਤ ਦੀ ਬਾਣੀ ਗੂਜਰੀ ਤੇ ਮਾਰੂ ਰਾਗ ਦੇ ਵਿਚ ਅੰਕਿਤ ਹੈ। ਰਾਗ ਗੂਜਰੀ ਵਿਚ ਭਗਤ ਜੈਦੇਵ ਦਾ ਸ਼ਬਦ ਵਿਸ਼ੇਸ਼ ਹੈ।
ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੫੨੬)
ਗੂਜਰੀ ਰਾਗ ਦਾ ਸਮੇਂ ਸਮੇਂ ਤੇ ਹਰ ਰਬਾਬੀ ਰਾਗੀ ਕੀਰਤਨਕਾਰ ਨੇ ਗਾਇਨ ਕੀਤਾ ਹੈ। ਇਸ ਰਾਗ ਨੂੰ ਭਾਈ ਅਵਤਾਰ ਸਿੰਘ, ਭਾਈ ਅਵਤਾਰ ਸਿੰਘ ਗੁਰਚਰਨ, ਭਾਈ ਧਰਮ ਸਿੰਘ ਜਖ਼ਮੀ, ਭਾਈ ਬਲਵੀਰ ਸਿੰਘ, ਭਾਈ ਤੇਜਪਾਲ ਸਿੰਘ ਤੇ ਭਾਈ ਸੁਰਿੰਦਰ ਸਿੰਘ ਸਿੰਘ ਬੰਧੂ, ਡਾ. ਗੁਰਨਾਮ ਸਿੰਘ (ਲੇਖਕ), ਭਾਈ ਬਖਸ਼ੀਸ਼ ਸਿੰਘ, ਪ੍ਰੋਫ਼ੈਸਰ ਪਰਮਜੋਤ ਸਿੰਘ, ਭਾਈ ਨਿਰੰਜਨ ਸਿੰਘ, ਬੀਬੀ ਅਜੀਤ ਕੌਰ ਆਦਿ ਨੇ ਬਾਖ਼ੂਬੀ ਗਾਇਆ ਹੈ। ਇਨ੍ਹਾਂ ਦੀ ਰਿਕਾਰਡਿੰਗ www.gurmatsangeetpup.com, www.sikh-relics.com, www.sewageorgia,org, www.jawadditaksal.org, www.sikhsangeet.com, www.vismaadnaad.org, www.youtube.com ਵੈਬਸਾਈਟਸ ’ਤੇ ਸੁਣੀ ਜਾ ਸਕਦੀ ਹੈ।
ਗੂਜਰੀ ਰਾਗ ਅਧੀਨ ਗੁਰਮਤਿ ਸੰਗੀਤ ਦੇ ਸੁਰਲਿਪੀਬੱਧ ਵਿਰਾਸਤੀ ਭੰਡਾਰ ਵਿਚ ਅਨੇਕ ਸੁਰਲਿਪੀਬੱਧ ਸੁਰਾਵਲੀਆਂ ਮਿਲ ਜਾਂਦੀਆਂ ਹਨ। ਗੁਰਮਤਿ ਸੰਗੀਤ ਦੇ ਪ੍ਰਮੁੱਖ ਰਚਨਾਕਾਰ ਗਿਆਨੀ ਗਿਆਨ ਸਿੰਘ ਐਬਟਾਬਾਦ, ਪ੍ਰੋਫ਼ੈਸਰ ਤਾਰਾ ਸਿੰਘ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰਸੀਪਲ ਦਿਆਲ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋਫ਼ੈਸਰ ਕਰਤਾਰ ਸਿੰਘ, ਪ੍ਰੋਫ਼ੈਸਰ ਪਰਮਜੋਤ ਸਿੰਘ ਆਦਿ ਨੇ ਗੂਜਰੀ ਰਾਗ ਦੇ ਅੰਤਰਗਤ ਅਨੇਕ ਸ਼ਬਦਾਂ ਨੂੰ ਸੁਰਲਿਪੀਬੱਧ ਰੂਪ ਵਿਚ ਨਿਬੱਧ ਕੀਤਾ ਹੈ। ਰਬਾਬੀ ਘਰਾਣੇ ਦੀ ਸੀਨਾ-ਬ-ਸੀਨਾ ਚਲਦੀ ਪਰੰਪਰਾ ਦੀਆਂ ਸ਼ਬਦ ਕੀਰਤਨ ਰਚਨਾਵਾਂ ਵਿਚ ਸਾਨੂੰ ਰਾਗ ਗੂਜਰੀ ਦੀਆਂ ਕਈ ਸ਼ਬਦ ਕੀਰਤਨ ਰਚਨਾਵਾਂ ਪ੍ਰਕਾਸ਼ਿਤ ਰੂਪ ਵਿਚ ਪ੍ਰਾਪਤ ਹੁੰਦੀਆਂ ਹਨ। ਗਿਆਨੀ ਗਿਆਨ ਸਿੰਘ ਐਬਟਾਬਾਦ ਦੇ ਸੁਰਲਿਪੀਬੱਧ ਪ੍ਰਕਾਸ਼ਿਤ ਸੰਗ੍ਰਹਿ ਗੁਰਬਾਣੀ ਸੰਗੀਤ (ਭਾਗ ਪਹਿਲਾ ਦੂਜਾ) ਵਿਚ ਇਸ ਰਾਗ ਅਧੀਨ ਸੱਤ ਸ਼ਬਦ ਕੀਰਤਨ ਰਚਨਾਵਾਂ ਜੋ ਕਿ ਰਬਾਬੀ ਭਾਈ ਤਾਬੇ ਦੀਆਂ ਤਰਜ ਹਨ।
ਗੂਜਰੀ ਦਾ ਗੁਰਮਤਿ ਸੰਗੀਤ ਦੀ ਵਿਵਹਾਰਕ ਸ਼ਬਦ ਕੀਰਤਨ ਚੌਕੀ ਪਰੰਪਰਾ ਵਿਚ ਵਿਸ਼ੇਸ਼ ਸਥਾਨ ਹੈ। ਗੁਰਮਤਿ ਸੰਗੀਤ ਪਰੰਪਰਾ ਵਿਚ ਪ੍ਰਚੱਲਿਤ ਸ਼ੁਕਰਾਨੇ/ਜਨਮ ਸਮੇਂ ਦੀ ਕੀਰਤਨ ਚੌਕੀ ਵਿਚ ਇਸ ਰਾਗ ਅਧੀਨ ਰਚੀ ਬਾਣੀ ਦਾ ਵਿਸ਼ੇਸ਼ ਰੂਪ ਵਿਚ ਕੀਰਤਨ ਹੁੰਦਾ ਹੈ। ਖਾਸ ਕਰਕੇ ਗੁਰੂ ਅਰਜਨ ਦੇਵ ਦੁਆਰਾ ਉਚਾਰਿਆ ਸ਼ਬਦ ਪੂਤਾ ਮਾਤਾ ਕੀ ਆਸੀਸ ਸ਼ਬਦ ਦਾ ਜਨਮ ਸਮੇਂ ਦੀ ਕੀਰਤਨ ਚੌਕੀ ਦੇ ਅੰਤਰਗਤ ਵਿਸ਼ੇਸ਼ ਰੂਪ ਵਿਚ ਗਾਇਨ ਕੀਤਾ ਜਾਂਦਾ ਹੈ। ਸਿੱਖ ਧਾਰਣਾ ਅਨੁਸਾਰ ਗੂਜਰੀ ਰਾਗ ਵਿਚ ਹੀ ਗੁਰੂ ਅਰਜਨ ਦੇਵ ਨੇ ਆਪਣੀ ਮਾਤਾ ਬੀਬੀ ਭਾਨੀ ਵੱਲੋਂ ਮਿਲੀ ਅਸੀਸ ਨੂੰ ਬਾਣੀ ਰੂਪ ਵਿਚ ਇਉਂ ਅੰਕਿਤ ਕੀਤਾ ਹੈ :
ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੪੯੬)
ਗੂਜਰੀ ਰਾਗ ਗੁਰੂਘਰ ਦੇ ਕੀਰਤਨੀਆਂ ਦਾ ਪਸੰਦੀਦਾ ਰਾਗ ਰਿਹਾ ਹੈ ਪ੍ਰੰਤੂ ਕੀਰਤਨੀਆਂ ਦਾ ਰੁਝਾਨ ਰਾਗਯੁਗਤ ਕੀਰਤਨ ਤੋਂ ਘੱਟਦਾ ਜਾ ਰਿਹਾ ਹੈ ਜਦੋਂ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੀ ਸੰਗੀਤਮਈ ਕੀਤਾ ਹੈ ਤੇ ਰਾਗ ਨੂੰ ਬਾਣੀ ਦੇ ਸਿਰਲੇਖਾਂ ਦਾ ਹਿੱਸਾ ਬਣਾਇਆ ਹੈ। ਸਾਨੂੰ ਇਸ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਸਾਰੇ ਇਨ੍ਹਾਂ ਰਾਗਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਨਿਰਧਾਰਤ ਰਾਗ ਵਿੱਚ ਸ਼ਬਦ ਕੀਰਤਨ ਕਰਨ ਦਾ ਯਤਨ ਕਰਨਗੇ। ਗੁਰੂ ਦੇ ਇਨ੍ਹਾਂ ਰਾਗਾਂ ਵਿੱਚ ਬਾਣੀ ਗਾ ਕੇ ਜਿੱਥੇ ਅਸੀਂ ਸ਼ਬਦ ਦਾ ਸਹੀ ਸੰਗੀਤਕ ਸੰਚਾਰ ਕਰਾਂਗੇ ਉਥੇ ਗੁਰੂ ਦੀਆਂ ਖੁਸ਼ੀਆਂ ਦੇ ਵੀ ਪਾਤਰ ਬਣਾਗੇ।
*drgnam@yahoo.com