Shabad Vichaar 41-‘ਰੇ ਮਨ ਓਟ ਲੇਹੁ ਹਰਿ ਨਾਮਾ ॥’

TeamGlobalPunjab
6 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 41ਵੇਂ ਸ਼ਬਦ ਦੀ ਵਿਚਾਰ – Shabad Vichaar -41

ਰੇ ਮਨ ਓਟ ਲੇਹੁ ਹਰਿ ਨਾਮਾ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਵੱਡੇ ਭਾਗਾਂ ਵਾਲੇ ਹੁੰਦੇ ਨੇ ਉਹ ਮਨੁੱਖ ਜੋ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ। ਉਸ ਨਾਮ ਦੀ ਬਰਕਤ ਨਾਲ ਜੋ ਪ੍ਰਾਪਤ ਹੁੰਦਾ ਹੈ ਉਹ ਸੋਚ ਤੋਂ ਪਰੇ ਦੀਆਂ ਗੱਲਾਂ ਹਨ। ਗੁਰਬਾਣੀ ਅਜਿਹੇ ਗੁਰਮੁਖਾਂ ਬਾਰੇ ਵੱਡੇ ਬਚਨ ਕਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 41ਵੇਂ ਸ਼ਬਦ ‘ਰੇ ਮਨ ਓਟ ਲੇਹੁ ਹਰਿ ਨਾਮਾ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 901 ‘ਤੇ ਰਾਮਕਲੀ ਰਾਗ ਅਧੀਨ ਅੰਕਿਤ ਹੈ।

ਰਾਮਕਲੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਤਮਕ ਕ੍ਰਮ ਦਾ 18ਵਾਂ ਰਾਗ ਹੈ ਜਿਸ ਵਿੱਚ ਰਿਸ਼ਭ ਕੋਮਲ, ਮਧਿਅਮ ਤੀਵਰ, ਦੋਵੇਂ ਨਿਸ਼ਾਦ ਬਾਕੀ ਸੁਰ ਸ਼ੁੱਧ ਲੱਗਦੇ ਹਨ। ਰਾਮਕਲੀ ਰਾਗ ਬਾਰੇ ਹੋਰ ਵਿਸਥਾਰ ਨਾਲ ਜਾਨਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਚੱਲ ਰਹੀ ਲੜੀਵਾਰ ਲੇਖਾਂ ਦੀ ਲੜੀ ਨਾਲ ਜੁੜ ਸਕਦੇ ਹੋ ਜੋ ਕਿ ਹਰ ਐਤਵਾਰ ਨੂੰ ਸ਼ਾਮੀ ਛੇ ਵਜੇ ਪ੍ਰਕਾਸ਼ਿਤ ਹੁੰਦੀ ਹੈ। ਇਸ ਲੜੀ ਵਿੱਚ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਸਿੰਘ ਦੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ।

ਰਾਮਕਲੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਪਹਿਲਾ ਸ਼ਬਦ ਹੈ ਇਸ ਸ਼ਬਦ ਵਿੱਚ ਗੁਰੂ ਜੀ ਹਰੀ ਨਾਮ ਦੀ ਵੱਡੀ ਬਰਕਤ ਦਾ ਉਪਦੇਸ਼ ਕਰ ਰਹੇ ਹਨ:

ੴ ਸਤਿਗੁਰ ਪ੍ਰਸਾਦਿ ॥

ਰਾਗੁ ਰਾਮਕਲੀ ਮਹਲਾ ੯ ਤਿਪਦੇ ॥ ਰੇ ਮਨ ਓਟ ਲੇਹੁ ਹਰਿ ਨਾਮਾ ॥

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥

ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ, ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮਤਿ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।1। ਰਹਾਉ।

ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥

ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥

ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ।1।

ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥

ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥

(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ।2।

ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥

ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥ 

ਹੇ ਨਾਨਕ! (ਆਖ– ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ? ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ।3।1।

ਗੁਰੂ ਜੀ ਉਕਤ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ ਜੋ ਮਨੁੱਖ ਉਸ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ ਉਹ ਵੱਡਭਾਗੀ ਹੈ। ਉਸ ਨੂੰ ਬੈਕੁੰਠ ਪ੍ਰਾਪਤ ਹੁੰਦਾ ਹੈ। ਪ੍ਰਭੂ ਨਾਮ ਦੀ ਐਨੀ ਬਰਕਤ ਹੈ ਕਿ ਵੱਡੇ ਵੱਡੇ ਪਾਪੀਆਂ ਦੇ ਪਾਪ ਪਲ ਭਰ ਵਿੱਚ ਕੱਟ ਜਾਂਦੇ ਹਨ ਅਤੇ ਉਹ ਅਜਿਹੀ ਪਦਵੀ ਛਿਨ ਭਰ ਵਿੱਚ ਮਿਲ ਜਾਂਦੀ ਹੈ ਜਿਸ ਨੂੰ ਵੱਡੇ ਵੱਡੇ ਜੋਗੀ ਲੋਚਦੇ ਰਹਿੰਦੇ ਹਨ। ਉਸ ਪ੍ਰਮਾਤਮਾ ਨੂੰ ਫੋਕੇ ਕਰਮ ਕਾਂਡਾਂ ਦੀ ਲੋੜ ਨਹੀਂ। ਜਗਤ ਪ੍ਰਸਿੱਧ ਗਜ (ਹਾਥੀ) ਦੀ ਸਾਖੀ ਜੋ ਕਿ ਜਾਨਵਰ ਹੋਣ ਕਰਕੇ ਬੋਲ ਵੀ ਨਹੀਂ ਸਕਦਾ ਸੀ ਨਾ ਹੀ ਉਸ ਨੇ ਕੋਈ ਕਰਮ ਕਾਡ ਹੀ ਕੀਤਾ ਸੀ। ਕੇਵਲ ਔਖੀ ਘੜੀ ਉਸ ਨੇ ਕਿਸੇ ਹੋਰ ਦਾ ਆਸਰਾ ਨਾ ਤਕ ਕੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਿਸ ਨਾਲ ਉਸ ਨੂੰ ਨਿਰਭੈਤਾ ਵਾਲੀ ਪਦਵੀ ਪ੍ਰਾਪਤ ਹੋ ਗਈ। ਸੋ ਹੇ ਭਾਈ ਤੂੰ ਅਜਿਹੇ ਸਰਬ ਸ਼ਕਤੀਸ਼ਾਲੀ ਅਕਾਲ ਪੁਰਖ ਦਾ ਨਾਮ ਸਿਮਰਿਆ ਕਰ ਜਿਸ ਨਾਲ ਤੇਰੀ ਖੋਟੀ ਮਤਿ ਸੁਮੱਤ ਵਿੱਚ ਬਦਲ ਜਾਵੇਗੀ। ਨਾਮ ਦੀ ਬਰਕਤ ਨਾਲ ਅਜਿਹੀ ਪਦਵੀ ਹਾਸਲ ਹੋਵੇਗੀ ਜਿਸ ਨੂੰ ਵੱਡੇ ਵੱਡੇ ਤਪੱਸਵੀ ਲੋਚਦੇ ਹਨ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 42ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share This Article
Leave a Comment