ਨਵੀਂ ਦਿੱਲੀ : ਏਮਜ਼ ਦੇ ਪੀਡੀਆਟ੍ਰਿਕ ਵਿਭਾਗ ’ਚ ਭਰਤੀ 11 ਸਾਲਾ ਬੱਚੇ ਦੀ ਬਰਡ ਫਲੂ ਨਾਲ ਮੌਤ ਹੋ ਗਈ।ਬੱਚਾ (ਐੱਚ5ਐੱਨ1) ਵਾਇਰਸ ਨਾਲ ਸੰਕ੍ਰਮਿਤ ਸੀ।ਬੱਚੇ ਦੀ ਮੌਤ ਤੋਂ ਬਾਅਦ ਦਿੱਲੀ ਏਮਜ਼ ਦੇ ਸਟਾਫ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੇਸ਼ ‘ਚ ਬਰਡ ਫਲੂ ਦੇ ਮਾਮਲੇ ਪਿਛਲੇ ਸਾਲ ਦੇ ਅੰਤ ‘ਚ ਸਾਹਮਣੇ ਆਏ ਸਨ।
ਜਾਣਕਾਰੀ ਮੁਤਾਬਕ ਗੁਰੂਗ੍ਰਾਮ ਨਿਵਾਸੀ ਇਸ ਬੱਚੇ ਨੂੰ ਤਬੀਅਤ ਖ਼ਰਾਬ ਹੋਣ ’ਤੇ ਦੋ ਜੁਲਾਈ ਨੂੰ ਏਮਜ਼ ’ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਵਾਇਰਸ ਦਾ ਪਤਾ ਲਗਾਉਣ ਲਈ ਏਮਜ਼ ਨੇ ਸੈਂਪਲ ਜਾਂਚ ਲਈ ਭੇਜੇ ਸਨ, ਜਿਨ੍ਹਾਂ ਤੋਂ ਮੰਗਲਵਾਰ ਨੂੰ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ।
ਡਾਕਟਰ ਨੇ ਦੱਸਿਆ ਕਿ ਐੱਚ5ਐੱਨ1 ਵਾਇਰਸ ਖ਼ਾਸ ਤੌਰ ’ਤੇ ਪੰਛੀਆਂ ਤੇ ਮੁਰਗੇ ਮੁਰਗੀਆਂ ’ਚ ਹੁੰਦਾ ਹੈ। ਇਹ ਪੰਛੀਆਂ ’ਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਤੇ ਉਨ੍ਹਾਂ ਤੋਂ ਮਨੁੱਖ ’ਚ ਵੀ ਫੈਲ ਸਕਦਾ ਹੈ। ਇਸ ਵਾਇਰਸ ਦੀ ਪਹਿਲੀ ਵਾਰ ਪਛਾਣ 1996 ‘ਚ ਚੀਨ ‘ਚ ਕੀਤੀ ਗਈ ਸੀ। ਇਸ ਵਾਇਰਸ ਨਾਲ ਪੰਛੀਆਂ ਦੀ ਮੌਤ ਹੋ ਜਾਂਦੀ ਹੈ।ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਇਕ ਇਨਸਾਨ ਦੀ ਮੌਤ ਹੋਈ ਹੈ।