ਵਿਸਾਖੀ ਮਨਾਉਣ ਪਾਕਿਸਤਾਨ ਗਏ ਬਜ਼ੁਰਗ ਦੀ ਮੌਤ, ਜਨਮਭੂਮੀ ‘ਤੇ ਲਏ ਆਖਰੀ ਸਾਹ

TeamGlobalPunjab
2 Min Read

ਕਰਨਾਲ: ਵਿਸਾਖੀ ਮੌਕੇ ਪਾਕਿਸਤਾਨ ਦੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਗਏ ਜੱਥੇ ਵਿੱਚ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕਰਨਾਲ ਦੇ ਘਰੌਂਡਾ ਵਾਸੀ 83 ਸਾਲਾ ਨਿਸ਼ਾਬਰ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਨਿਸ਼ਾਬਰ ਸਿੰਘ 12 ਅਪ੍ਰੈਲ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਸ਼ਾਮਲ ਹੋ ਕੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਰੇਲ ਗੱਡੀ ਰਾਹੀਂ ਜਾ ਰਹੇ ਸਨ ਕਿ ਰਸਤੇ ਵਿਚ ਆਉਂਦੇ ਰੇਲਵੇ ਸਟੇਸ਼ਨ ਰਾਵਲਪਿੰਡੀ ਵਿਖੇ 12 ਅਪਰੈਲ ਦੀ ਰਾਤ ਨੂੰ ਕਰੀਬ 11 ਵਜੇ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਰਤ ਅੱਬਾਸ ਨੇ ਦੱਸਿਆ ਕਿ ਮ੍ਰਿਤਕ ਸ਼ਰਧਾਲੂ ਨਿਸ਼ਾਬਰ ਸਿੰਘ ਜਿਸ ਦੀ ਰਾਵਲਪਿੰਡੀ ਰੇਲਵੇ ਸਟੇਸ਼ਨ ‘ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਾਹੌਰ ਦੇ ਮਿਓ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਗਿਆ।

- Advertisement -

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਬੂਲੈੱਸ ਗੱਡੀ ਦਾ ਪ੍ਰਬੰਧ ਕਰਕੇ ਮ੍ਰਿਤਕ ਦੇਹ ਨੂੰ ਕਰਨਾਲ ਹਰਿਆਣਾ ਲਈ ਰਵਾਨਾ ਕੀਤਾ ਗਿਆ।

ਜਾਣਕਾਰੀ ਮੁਤਾਬਕ ਨਿਸ਼ਾਬਰ ਸਿੰਘ ਦਾ ਜਨਮ 1939 ਵਿੱਚ ਅਮੋਕੇ, ਪਾਕਿਸਤਾਨ ਵਿੱਚ ਹੋਇਆ ਸੀ ਪਰ 1947 ‘ਚ ਵੰਡ ਤੋਂ ਬਾਅਦ ਉਹ ਪਰਿਵਾਰ ਸਣੇ ਕਰਨਾਲ ‘ਚ ਵੱਸ ਗਏ ਹੁਣ ਉਨ੍ਹਾਂ ਨੇ ਆਖਰੀ ਸਾਹ ਵੀ ਜਨਮਭੂਮੀ ਪਾਕਿਸਤਾਨ ਵਿੱਚ ਹੀ ਲਏ।

ਦੱਸ ਦਈਏ ਕਿ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਹੀ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ ਸੀ। ਇਸ ਜੱਥੇ ਵਿੱਚ ਕੁੱਲ 705 ਸ਼ਰਧਾਲੂ ਸ਼ਾਮਲ ਸਨ, ਜਦਕਿ ਕੁੱਲ 900 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ। ਇਹ ਜਥਾ 14 ਅਪ੍ਰੈਲ ਯਾਨੀ ਅੱਜ ਤੱਕ ਸ੍ਰੀ ਪੰਜਾ ਸਾਹਿਬ ਵਿਖੇ ਠਹਿਰਿਆ ਹੋਇਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment