ਮੁਅੱਤਲ ਡੀਐੱਸਪੀ ਨੇ ਮੰਤਰੀ ਆਸੂ ‘ਤੇ ਲਾਏ ਗੰਭੀਰ ਦੋਸ਼, ਕਿਹਾ ਅੱਤਵਾਦੀਆਂ ਦਾ ਪਨਾਹਗਾਰ ਰਿਹਾ ਹੈ ਕੈਬਨਿਟ ਮੰਤਰੀ

TeamGlobalPunjab
6 Min Read

ਚੰਡੀਗੜ੍ਹ : ਪੁਲਿਸ ਦੇ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸੂ ਦੇ ਖਿਲਾਫ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀਆਂ ਗੈਰ-ਸਮਾਜਿਕ ਗਤੀਵਿਧੀਆਂ ‘ਚ ਸ਼ਾਮਲ ਹੋਣ ਵਰਗੇ ਕਈ ਗੰਭੀਰ ਦੋਸ਼ ਲਾਏ ਹਨ। ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੇਖੋਂ ਨੇ ਦੱਸਿਆ ਕਿ ਭਾਰਤ ਭੁਸ਼ਣ ਆਸੂ ਜੋ ਮੌਜੂਦਾ ਸਰਕਾਰ ‘ਚ ਖੁਰਾਕ ਤੇ ਸਪਲਾਈ ਮੰਤਰੀ ਹਨ, ਉਹ ਆਪਣੇ ਦਿੱਤੇ ਵੱਖ-ਵੱਖ ਬਿਆਨਾਂ ‘ਚ ਇਹ ਕਬੂਲ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਫਰਵਰੀ 1992 ‘ਚ ਆਪਣੇ ਮਾਪਿਆਂ ਦੀ ਮੌਤ ਦਾ ਬਦਲਾ ਲੈਣ ਲਈ ਨਾ ਸਿਰਫ ਆਪਣੇ ਤਾਏ ਦਾ ਕਤਲ ਕਰਵਾਇਆ ਸੀ ਬਲਕਿ ਗੁੜ੍ਹ ਮੰਡੀ ਸਥਿਤ ਆਪਣੇ ਚਚੇਰੇ ਭਰਾ ਦੀ ਡੈਅਰੀ ‘ਚ ਬੰਬ ਵੀ ਰਖਵਾਇਆ ਸੀ।

ਹਾਈਕੋਰਟ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਿੰਦਰ ਬੈਂਸ ਦੇ ਨਾਲ ਕਈ ਦਸਤਾਵੇਜ਼ਾਂ ਸਹਿਤ ਸੇਖੋਂ ਨੇ ਪ੍ਰੈਸ ਸਾਹਮਣੇ ਆਪਣਾ ਪੱਖ ਰੱਖਿਆ। ਸੇਖੋ ਨੇ ਕਿਹਾ ਕਿ ਭਾਰਤ ਭੁਸ਼ਣ ਆਸੂ ਪਿੰਡ ਅੰਜੂਗੜ ਥਾਣਾ ਪਾਇਲ ਵਿਖੇ ਇੱਕ ਮਹਿਲਾ ਹੋਮਗਾਰਡ ਸਹਿਤ ਪੁਲਿਸ ਨੂੰ ਸੂਚਨਾ ਦੇਣ ਵਾਲੀਆਂ ਤਿੰਨ ਔਰਤਾਂ ਦੇ ਕਤਲ ‘ਚ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਕਿਚਨੂਨਗਰ ਵਿਖੇ ਹੋਏ ਸ਼ਾਮ ਸੁੰਦਰ ਦੇ ਕਤਲ ਦਾ ਦੋਸ਼ ਵੀ ਆਸੂ ਕਬੂਲ ਕਰ ਚੁੱਕੇ ਹਨ। ਉਨ੍ਹਾਂ ਨੇ ਕੁਝ ਅਜਿਹੇ ਦਸਤਾਵੇਜ ਵੀ ਪੱਤਰਕਾਰਾਂ ਅੱਗੇ ਪੇਸ਼ ਕੀਤੇ ਜਿਸ ‘ਚ ਆਸੂ ਨੇ ਕਥਿਤ ਰੂਪ ‘ਚ ਮੰਨਿਆ ਹੈ ਕਿ ਉਹ ਆਪਣੇ ਚਚੇਰੇ ਭਰਾ ਨਰਿੰਦਰ ਕਾਲੀਆ, ਚਾਚਾ ਕ੍ਰਿਸ਼ਨ ਲਾਲ, ਗੁਆਂਢੀ ਨਰੇਸ਼ ਕੁਮਾਰ ਉਰਫ ਬੌਬੀ ਨਾਲ ਮਿਲਕੇ ਭਿੰਡਰਾਂਵਾਲਾ ਟਾਇਗਰ ਫੋਰਸ ਨਾਲ ਸਬੰਧਿਤ ਅੱਤਵਾਦੀ ਚਰਨਜੀਤ ਉਰਫ ਚੰਨਾ ਅਤੇ ਉਸ ਦੇ ਭਰਾ ਜਰਨੈਲ ਸਿੰਘ, ਦਰਸ਼ਨ ਸਿੰਘ ਲਸੋਈ, ਜੱਸਾ ਮੁੱਲਾਪੁਰੀਆ ਉਰਫ ਮਲਕੀਤ ਸਿੰਘ, ਦਵਿੰਦਰ ਸਿੰਘ ਪੈਟ, ਰਜਿੰਦਰ ਸਿੰਘ ਮਾਇਆਨਗਰ ਆਦਿ ਅੱਤਵਾਦੀਆਂ ਨੂੰ ਨਾ ਸਿਰਫ ਪਨਾਹ ਦਿੰਦਾ ਸੀ ਸਗੋਂ ਹਥਿਆਰ ਵੀ ਮੁਹੱਇਆ ਕਰਵਾਉਂਦਾ ਸੀ।

ਸੇਖੋਂ ਦਾ ਕਹਿਣਾ ਸੀ ਕਿ ਆਸੂ ਨੇ ਗੁੜ੍ਹ ਮੰਡੀ ਬੰਬ ਕਾਂਡ ਦੀ ਸਾਜ਼ਿਸ ਆਪਣੀ ਡੈਅਰੀ ‘ਚ ਬੈਠ ਕੇ ਕੀਤੀ ਤੇ ਕਿਚਨੂਨਗਰ ਗੋਲੀਕਾਂਡ ਦੀ ਸਾਜ਼ਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੈਟਰਨਰੀ ਸੈਕਸ਼ਨ ਦੇ ਹੋਸਟਲ ਨੰਬਰ 3 ਦੇ ਕਮਰਾ ਨੰਬਰ 32 ‘ਚ ਰਚੀ ਸੀ। ਸੇਖੋਂ ਨੇ ਅੱਗੇ ਦੱਸਿਆ ਕਿ ਆਸੂ ਨੂੰ ਆਪਣੇ ਤਾਇਆ ਜਗਦੀਸ਼ ਚੰਦ ਅਤੇ ਰਾਮ ਪ੍ਰਕਾਸ਼ ਖਿਲਾਫ ਗੁੱਸਾ ਸੀ ਕਿਉਂਕਿ ਉਨ੍ਹਾਂ ਨੇ ਉਸ ਦੇ ਪਿਤਾ ਨਰਾਇਣ ਅਤੇ ਮਾਤਾ ਦਾ ਕਤਲ ਕੀਤਾ ਸੀ। ਸੇਖੋਂ ਨੇ ਕਿਹਾ ਕਿ ਆਸੂ ਨੇ ਹਰ ਬਿਆਨ ‘ਚ ਇਹ ਗੱਲ ਮੰਨੀ ਹੈ ਕਿ ਅੱਤਵਾਦੀ ਉਸ ਕੋਲ ਅਕਸਰ ਆਉਂਦੇ ਜਾਂਦੇ ਸਨ ਅਤੇ ਕਈ ਵਾਰ ਉਨ੍ਹਾਂ ਨੇ ਦੇਸ਼ ਵਿਰੋਧੀ ਹਰਕਤਾਂ ਲਈ ਉਨ੍ਹਾਂ ਦਾ ਸਾਥ ਵੀ ਦਿੱਤਾ ਸੀ।

ਸੇਖੋਂ ਨੇ ਇਹ ਕਿਹਾ ਕਿ 6.05.1992 ਨੂੰ ਉਸ ਸਮੇਂ ਦੇ ਐੱਸਪੀ ਸਿਟੀ ਐੱਸਐੱਸ ਸੰਧੂ ਵੱਲੋਂ ਕੀਤੀ ਗਈ ਪੜਤਾਲ ‘ਚ ਆਸੂ ਤੇ ਉਸ ਦੇ ਬਾਕੀ ਸਹਿਯੋਗੀਆਂ ਖਿਲਾਫ ਦੋਸ਼ ਤੈਅ ਹੋ ਗਏ ਸਨ। ਪਰ ਉਸ ਵੇਲੇ ਦੇ ਅਫਸਰਾਂ ਦੀ ਮਿਲੀਭੁਗਤ ਕਾਰਨ ਉਨ੍ਹਾਂ ਖਿਲਾਫ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ ਜਿਸ ਦਾ ਲਾਭ ਲੈਂਦੇ ਹੋਏ ਭਾਰਤ ਭੁਸ਼ਣ ਆਸੂ ਹੌਲੀ-ਹੌਲੀ ਸਿਆਸੀ ਖੇਮੇ ‘ਚ ਸ਼ਾਮਲ ਹੋ ਗਏ ਤੇ ਲੁਧਿਆਣਾ ਪੱਛਮ ਤੋਂ ਐੱਮਐੱਲਏ ਦੀ ਚੋਣ ਲੜ ਕੇ ਮੌਜੂਦਾ ਸਰਕਾਰ ‘ਚ ਕੈਬਨਿਟ ਮੰਤਰੀ ਦੇ ਅਹੁੰਦੇ ‘ਤੇ ਬਣੇ ਹੋਏ ਹਨ।

- Advertisement -

ਦੱਸ ਦਈਏ ਕਿ ਡੀਐੱਸਪੀ ਸੇਖੋਂ ‘ਤੇ ਵੀ ਪਿਛਲੇ ਸਮੇਂ ਦੌਰਾਨ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਸਨ। ਉਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਦਰਜ ਹੋਏ ਸਾਰੇ ਮਾਮਲਿਆਂ ‘ਚ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬਰੀ ਹੋ ਚੁੱਕੇ ਹਨ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੇ ਇਸ ਸਾਰੇ ਮਾਮਲੇ ‘ਚ ਕ੍ਰਿਤਘੂਮੀ ‘ਚ ਵਿਰੋਧੀ ਪਾਰਟੀ ਦੇ ਆਗੂਆਂ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਸ਼ਰ ਕੀਤੇ ਗਏ ਸਾਰੇ ਦਸਤਾਵੇਜ਼ ਤੇ ਕਹੀਆਂ ਜਾ ਰਹੀਆਂ ਗੱਲਾਂ ਸਬੂਤ ਦੇ ਤੌਰ ‘ਤੇ ਰਿਕਾਰਡ ‘ਚ ਸਨ ਅਤੇ ਇਨ੍ਹਾਂ ਸਭ ਬਾਰੇ ਆਸੂ ਨੇ ਖੁਦ ਕਬੂਲਨਾਮਾ ਕੀਤਾ ਹੈ। ਅੱਗੇ ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਉਨ੍ਹਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਸਮੇਤ ਜਾਨ ਦਾ ਖਤਰਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕੀ ਕਿਸੇ ਮੁਅੱਤਲ ਮੁਲਾਜ਼ਮ ਨੂੰ ਪ੍ਰੈਸ ਕਾਨਫਰੰਸ ਕਰਨ ਕਰਨ ਦੀ ਇਜਾਜ਼ਤ ਹੈ? ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਉਹ ਇਹ ਗੱਲ ਸਾਫ ਕਰ ਦੇਣਾ ਚਾਹੁੰਦੇ ਨੇ ਕਿ ਪ੍ਰੈਸ ਕਾਨਫਰੰਸ ਉਨ੍ਹਾਂ ਦੇ ਵਕੀਲ ਵੱਲੋਂ ਰੱਖੀ ਗਈ ਸੀ ਤੇ ਉਹ ਆਪਣੇ ਵਕੀਲ ਦੇ ਨਾਲ ਹੀ ਪ੍ਰੈਸ ਕਾਨਫਰੰਸ ‘ਚ ਸ਼ਾਮਲ ਹੋਏ ਹਨ।

ਸੇਖੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਪੰਜਾਬ, ਦਿਨਕਰ ਗੁਪਤਾ ਨੂੰ ਅਪੀਲ ਕੀਤੀ ਕਿ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਰਹੇ ਅਜਿਹੇ ਵਿਅਕਤੀ ਖਿਲਾਫ ਜੋ ਟਾਡਾ ਵਰਗੇ ਸੰਗੀਨ ਇਲਜਾਮਾਂ ਦਾ ਦੋਸ਼ੀ ਹੈ ਉਸ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਹਟਾ ਦੇਣਾ ਚਾਹੀਦਾ ਹੈ। ਅੱਗੇ ਸੇਖੋਂ ਨੇ ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਤੇ ਹੋਰਨਾਂ ਸਾਥੀ ਪਾਰਟੀਆਂ ਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ‘ਚ ਵੀ ਇਸ ਮੁੱਦੇ ਬਾਬਤ ਆਵਾਜ਼ ਉਠਾਉਣ।

Share this Article
Leave a comment