ਡਾਇਟ ਸਡਿਊਲ ਜਾਂ ਖੁਰਾਕ ‘ਚ ਵਾਰ-ਵਾਰ ਬਦਲਾਅ ਕਰਨਾ ਸਿਹਤ ਲਈ ਹੋ ਸਕਦੈ ਖਤਰਨਾਕ : ਅਧਿਐਨ

TeamGlobalPunjab
3 Min Read

ਲੰਡਨ : ਸਿਹਤ ਸਾਡੇ ਸਭ ਲਈ ਇੱਕ ਅਹਿਮ ਖਜ਼ਾਨਾ ਹੈ ਤੇ ਸਿਹਤ ਦੀ ਤੰਦਰੁਸਤੀ ਲਈ ਅਸੀਂ ਕਈ ਤਰ੍ਹਾਂ ਦੀ ਖੁਰਾਕ ਖਾਂਦੇ ਹਾਂ। ਇਸ ਦੌਰਾਨ ਜੇਕਰ ਤੁਸੀਂ ਵਾਰ-ਵਾਰ ਆਪਣੀ ਖੁਰਾਕ ਜਾਂ ਡਾਇਟ ਚਾਰਟ ‘ਚ ਬਦਲਾਅ ਕਰਦੇ ਹੋ ਤਾਂ ਅਜਿਹਾ ਕਰਨਾ ਸਿਹਤ ਲਈ ਫਾਇਦੇਮੰਦ ਨਹੀਂ ਬਲਕਿ ਨੁਕਸਾਨਦੇਹ ਸਾਬਤ ਹੋ ਸਕਦੈ। ਇਸ ਨਾਲ ਤੁਹਾਡੀ ਸਿਹਤ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋ ਸਕਦੀ ਹੈ।

ਬ੍ਰਿਟੇਨ (ਯੂਕੇ) ਦੀ ਸ਼ੈਫੀਲਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇੱਕ ਤਾਜਾ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਵਾਰ ਵਾਰ ਖੁਰਾਕ ਜਾਂ ਡਾਇਟ ਸਡਿਊਲ(ਚਾਰਟ) ‘ਚ ਤਬਦੀਲੀ ਕਰਨਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਖੋਜ ‘ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਬਿਨ੍ਹਾ ਰੋਕ ਟੋਕ ਦੇ ਹਰ ਤਰ੍ਹਾਂ ਦਾ ਖਾਣਾ ਖਾਂਦੇ ਹੋ ਤੇ ਅਚਾਨਕ ਆਪਣੀ ਸਿਹਤ ਠੀਕ ਕਰਨ ਲਈ ਸਿਹਤਮੰਦ ਭੋਜਨ (Healthy) ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਬ੍ਰਿਟੇਨ (ਯੂਕੇ) ਦੀ ਸ਼ੈਫੀਲਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਅਧਿਐਨ ਫਲ ਫਲਾਈ (ਮੱਖੀਆਂ) ਜਾਂ ਡ੍ਰੋਸੋਫਿਲਿਆ ਮੇਲਾਨੋਗਾਸਟਰ ਦੀਆਂ ਮੱਖੀਆਂ ‘ਤੇ ਕੀਤਾ ਹੈ। ਇਨ੍ਹਾਂ ਮੱਖੀਆਂ ਨੂੰ ਪਹਿਲਾਂ ਅਜਿਹਾ ਭੋਜਨ ਦਿੱਤਾ ਗਿਆ ਜਿਹੜਾ ਉਨ੍ਹਾਂ ਦੀ ਰੋਜ਼ਾਨਾ ਖੁਰਾਕ ਨਾਲੋਂ ਵੱਖਰਾ ਸੀ ਤੇ ਹੋਲੀ-ਹੋਲੀ ਉਨ੍ਹਾਂ ਮੱਖੀਆਂ ਨੂੰ ਉਸੇ ਭੋਜਨ ‘ਤੇ ਨਿਰਭਰ ਬਣਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਮੱਖੀਆਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ।  ਭਰਪੂਰ ਖੁਰਾਕ ਜਾਂ ਨਿਯਮਤ ਖੁਰਾਕ ਵਾਲੀਆਂ ਮੱਖੀਆਂ ਦੇ ਮੁਕਾਬਲੇ ਇਨ੍ਹਾਂ ਮੱਖੀਆਂ ਦੇ ਮਰਨ ਦੀ ਗਿਣਤੀ ਵਧੇਰੇ ਸੀ। ਜਿਸ ਕਾਰਨ  ਬਹੁਤ ਸਾਰੀਆਂ ਮੱਖੀਆਂ ਮਰ ਗਈਆਂ ਤੇ ਉਨ੍ਹਾਂ ਨੇ ਅੰਡੇ ਵੀ ਘੱਟ ਦਿੱਤੇ। ਭਾਵ ਭਰਪੂਰ ਖੁਰਾਕ ਜਾਂ ਸਿਹਤਮੰਦ ਖੁਰਾਕ ਲਈ ਮੱਖੀਆਂ ਤਿਆਰ ਨਹੀਂ ਸਨ।

ਇਸ ਖੋਜ ‘ਚ ਸ਼ਾਮਲ ਇਕ ਵਿਗਿਆਨੀ ਡਾ. ਮੀਰੇ ਸਿਮੰਤ ਨੇ ਕਿਹਾ ਕਿ ਇਹ ਸਾਡੀਆਂ ਉਮੀਦਾਂ ਅਤੇ ਪ੍ਰਚਲਿਤ ਵਿਕਾਸ ਦੇ ਸਿਧਾਂਤ ਦੇ ਵਿਰੁੱਧ ਹੈ। ਵਿਸ਼ੇਸ਼ ਜਾਂ ਭਰਪੂਰ ਪੌਸ਼ਟਿਕ ਤੱਤਾਂ ਦੇ ਸੇਵਨ ‘ਚ ਕਮੀ ਮਨੁੱਖ ਅਤੇ ਜਾਨਵਰਾਂ ‘ਚ ਜੀਵਿਤ ਰਹਿਣ ਦੀ ਯੋਗਤਾ ਨੂੰ ਜਨਮ ਦਿੰਦੀ ਹੈ। ਉਨ੍ਹਾਂ ‘ਚ ਭੋਜਨ ਦੀ ਘੱਟ ਉਪਲਬਧਤਾ ਦੀ ਸਿਥਤੀ ‘ਚ ਜੀਵਿਤ ਰਹਿਣ ਤੇ ਸਰੀਰ ‘ਚ ਊਰਜਾ ਬਣਾਉਣ ਦੀ ਯੋਗਤਾ ਹੁੰਦੀ ਹੈ ਜਦੋਂ ਤੱਕ ਭਰਪੂਰ ਪੌਸ਼ਟਿਕ ਭੋਜਨ ਨਾ ਮਿਲੇ। ਪਰ ਭੋਜਨ ‘ਚ ਲਗਾਤਾਰ ਤਬਦੀਲੀ ਕਰਨ ਦੀ ਆਦਤ ਇਸ ਯੋਗਤਾ ਇੱਥੋਂ ਤੱਕ ਕਿ ਉਮਰ ਨੂੰ ਵੀ ਘੱਟ ਕਰ ਦਿੰਦੀ ਹੈ। ਖੋਜਕਰਤਾ ਐਂਡਰਿਊ ਮੈਕਕਰੇਕਨ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਸੀਮਤ ਖੁਰਾਕ ਕਿਸੇ ਵਿਸ਼ੇਸ਼ ਨੁਕਸਾਨ ਦਾ ਮੂਲ ਕਾਰਨ ਵੀ ਹੋ ਸਕਦੀ ਹੈ।

- Advertisement -

Share this Article
Leave a comment