ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ ਹੈ।
ਸਰਹੱਦ ਦੇ ਦੋਵਾਂ ਪਾਸਿਆਂ ਉੱਤੇ ਵੈਕਸੀਨੇਸ਼ਨ ਦਾ ਸਿਲਸਿਲਾ ਤੇਜ਼ ਹੋਣ ਤੋਂ ਬਾਅਦ ਰੀਓਪਨਿੰਗ ਪਲੈਨ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਵਧੀ ਹੈ। ਪਿਛਲੇ ਹਫਤੇ ਵਾੲ੍ਹੀਟ ਹਾਊਸ ਨੇ ਆਖਿਆ ਸੀ ਕਿ ਉਨ੍ਹਾਂ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ ਕਿ ਕੈਨੇਡਾ ਨਾਲ ਲੱਗਦੀ ਸਰਹੱਦ ਕਦੋਂ ਜਾਂ ਕਿਵੇਂ ਖੋਲ੍ਹੀ ਜਾਵੇਗੀ। ਪਰ ਬਿਜ਼ਨਸ ਗਰੁੱਪਜ਼ ਤੇ ਵਰਮੌਂਟ ਦੇ ਗਵਰਨਰ ਫਿੱਲ ਸਕੌਟ ਤੇ ਨਿਊ ਯੌਰਕ ਦੇ ਰਿਪਬਲਿਕਨ ਬ੍ਰਾਇਨ ਹਿਗਿਨਜ਼ ਵਰਗੇ ਨੀਤੀਘਾੜਿਆਂ ਵੱਲੋਂ ਦੋਵਾਂ ਦੇਸ਼ਾਂ ਨੂੰ ਠੋਸ ਯੋਜਨਾ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਹਾਲਾਂਕਿ ਬਹੁਤ ਸਾਰੇ ਲੋਕ ਸਰਹੱਦ ਨੂੰ ਮੁੜ ਖੋਲ੍ਹਣ ਲਈ ਉਤਸੁਕ ਹਨ, ਪਰ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪਾਬੰਦੀਆਂ ਅਜੇ ਲਾਗੂ ਰਹਿਣਗੀਆਂ। ਓਟਾਵਾ ‘ਚ ਕਾਨਫੰਰਸ ਦੌਰਾਨ ਟਰੂਡੋ ਨੇ ਕਿਹਾ ਕਿ “ਅਸੀਂ ਸਹੀ ਰਸਤੇ ਤੇ ਹਾਂ, ਪਰ ਅਸੀਂ ਆਪਣੇ ਫੈਸਲੇ ਕੈਨੇਡੀਅਨਾਂ ਦੇ ਹਿੱਤਾਂ ਦੇ ਅਧਾਰ ਤੇ ਲਵਾਂਗੇ, ਨਾ ਕਿ ਦੂਸਰੇ ਦੇਸ਼ ਕੀ ਚਾਹੁੰਦੇ ਹਨ ਦੇ ਅਧਾਰ ਤੇ।”